ਫ਼ਸਲੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾਏ ਖੇਤੀ ਕਰ ਰਿਹਾ ਕਿਸਾਨ ਸੁਖਬੀਰ ਸਿੰਘ
ਰੋਹਿਤ ਗੁਪਤਾ
ਗੁਰਦਾਸਪੁਰ, 7 ਅਗਸਤ- ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਲ 2025 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਜ਼ੀਰੋ ਪੱਧਰ 'ਤੇ ਲਿਆਉਣ ਲਈ ਮਿਥੇ ਟੀਚੇ ਦੀ ਪ੍ਰਾਪਤੀ ਵੱਡੇ ਪੱਧਰ ਤੇ ਵਿਉਂਤਣ ਬੱਧੀ ਕੀਤੀ ਗਈ ਹੈ। ਜ਼ਿਲ੍ਹਾ ਗੁਰਦਾਸਪੁਰ ਵਿੱਚ ਬਹੁਤ ਸਾਰੇ ਅਜਿਹੇ ਕਿਸਾਨ ਹਨ ਜੋ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿਚ ਸੰਭਾਲ ਕੇ ਜਿੱਥੇ ਖੇਤੀ ਲਾਗਤ ਖ਼ਰਚੇ ਘਟਾ ਰਹੇ ਹਨ ਉੱਥੇ ਫ਼ਸਲਾਂ ਦੀ ਪੈਦਾਵਾਰ ਵੀ ਵਧਾ ਰਹੇ ਹਨ। ਅਜਿਹੇ ਉਪਰਾਲਿਆਂ ਨਾਲ ਕਿਸਾਨ ਵਾਤਾਵਰਨ ਵਿਚ ਹਵਾ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਸਹਾਈ ਸਿੱਧ ਹੋ ਰਹੇ ਹਨ । ਇਨ੍ਹਾਂ ਕਿਸਾਨਾਂ ਵਿਚੋਂ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਉਦੋਵਾਲੀ ਦਾ ਵਸਨੀਕ ਕਿਸਾਨ ਸੁਖਬੀਰ ਸਿੰਘ ਅਜਿਹਾ ਕਿਸਾਨ ਹੈ ਜੋ ਪਿਛਲੇ ਪੰਜ ਸਾਲ ਤੋਂ ਝੋਨੇ ਦੀ ਸਾਰੀ ਪਰਾਲੀ ਜ਼ਮੀਨ ਵਿੱਚ ਹੀ ਦਬਾ ਕੇ ਆਲੂ ਅਤੇ ਮਟਰ ਦੀ ਬਿਜਾਈ ਕਰਦਾ ਹੈ।
ਅਗਾਂਹਵਧੂ ਕਿਸਾਨ ਸੁਖਬੀਰ ਸਿੰਘ ਕਣਕ ਦੇ ਨਾੜ ਨੂੰ ਵੀ ਕਟਾਈ ਉਪਰੰਤ ਤਵੀਆਂ ਨਾਲ ਖੇਤ ਵਾਹ ਕੇ ਝੋਨੇ ਦੀ ਲਵਾਈ ਕਰਦਾ ਹੈ ਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੋਣ ਦੇ ਨਾਲ ਨਾਲ ਹਵਾ ਵਿਚ ਵਧ ਰਹੇ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ। ਸੁਖਬੀਰ ਸਿੰਘ ਨੇ ਦੱਸਿਆ ਕਿ ਛੇ ਸਾਲ ਹੋ ਗਏ ਫ਼ਸਲਾਂ ਵਿਚ ਕੀਟਨਾਸ਼ਕ ਨਹੀਂ ਵਰਤੇ ਜਾ ਰਹੇ, ਕੀਟਨਾਸ਼ਕਾਂ ਦੀ ਬਿਜਾਏ ਜੈਵਿਕ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਰਸਾਇਣਿਕ ਕੀਟਨਾਸ਼ਕ ਨਹੀਂ ਵਰਤਦਾ। ਉਨ੍ਹਾਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਐੱਸ.ਐੱਮ.ਐੱਸ ਲੱਗੀ ਕੰਬਾਈਨ ਨਾਲ ਕਟਾਈ ਕਰਵਾ ਕੇ ਪਰਾਲੀ ਛੋਟੇ ਛੋਟੇ ਟੁਕੜਿਆਂ ਵਿਚ ਟੁੱਟ ਕੇ ਖੇਤਾਂ ਵਿਚ ਇਕਸਾਰ ਖਿੱਲਰ ਜਾਂਦੀ ਹੈ ਅਤੇ ਇਸ ਉਪਰੰਤ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ, ਕਦੇ ਕੋਈ ਮੁਸ਼ਕਲ ਪੇਸ਼ ਨਹੀਂ ਆਈ। ਉਨ੍ਹਾਂ ਦੱਸਿਆ ਕਿ ਝੋਨੇ ਤੋਂ ਦੀ ਕਟਾਈ ਉਪਰੰਤ ਬਾਅਦ ਆਲੂ ਜਾਂ ਮਟਰ, ਮਟਰਾਂ ਤੋਂ ਬਾਅਦ ਕਣਕ ਜਾਂ ਆਲੂਆਂ ਤੋਂ ਬਾਅਦ ਮੱਕੀ ਦੀ ਬਿਜਾਈ ਕਰ ਲਈ ਜਾਂਦੀ ਹੈ ਜਿਸ ਨਾਲ ਆਮਦਨ ਵੀ ਵੱਧ ਹੁੰਦੀ ਹੈ ਅਤੇ ਮਿੱਟੀ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ।
ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਸੁਖਬੀਰ ਸਿੰਘ ਵੱਲੋਂ ਝੋਨੇ ਦੀ ਪਰਾਲੀ ਸੰਭਾਲਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਅਜਿਹੇ ਨੌਜਵਾਨ ਕਿਸਾਨਾਂ ਨੂੰ ਜਾਗਰੂਕਤਾ ਕੈਂਪਾਂ ਵਿੱਚ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕਿਹਾ ਜਾਵੇਗਾ ਤਾਂ ਜੋ ਜ਼ਿਲ੍ਹਾ ਗੁਰਦਾਸਪੁਰ ਨੂੰ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇ।