ਸਿਹਤ ਮੰਤਰੀ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਬੱਚਿਆਂ ਨੂੰ ਹੀਰੋ ਵਜੋਂ ਨਵਾਜਿਆ, ਉਨ੍ਹਾਂ ਨੂੰ ਰਾਜਦੂਤ ਬਣਨ ਦਾ ਸੱਦਾ ਦਿੱਤਾ
— ਨਸ਼ਿਆਂ ਵਿਰੁੱਧ ਯਤਨਾਂ ਦੀ ਅਗਵਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਅਤੇ ਰਾਜ ਪੱਧਰ 'ਤੇ ਕੀਤਾ ਜਾਵੇਗਾ ਸਨਮਾਨਿਤ
— ਸਿਹਤ ਮੰਤਰੀ ਨੇ ਪੋਲੋ ਗਰਾਊਂਡ ਤੋਂ 'ਨਸ਼ਿਆਂ ਵਿਰੁੱਧ ਜੰਗ' ਮੈਰਾਥਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
— ਡੀਸੀ ਅਤੇ ਐਸਐਸਪੀ ਪਟਿਆਲਾ ਦੀ ਅਗਵਾਈ ਹੇਠ ਹਜ਼ਾਰਾਂ ਵਿਦਿਆਰਥੀ ਅਤੇ ਵਸਨੀਕ ਮੈਰਾਥਨ ਵਿੱਚ ਸ਼ਾਮਲ ਹੋਏ
ਚੰਡੀਗੜ੍ਹ/ਪਟਿਆਲਾ, 23 ਅਪ੍ਰੈਲ 2025 - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਨੂੰ ਜ਼ੋਰਦਾਰ ਹੁਲਾਰਾ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਨਸ਼ਿਆਂ ਵਿਰੁੱਧ ਸੂਬੇ ਦੀ ਤੇਜ਼ ਲੜਾਈ ਵਿੱਚ ਬੱਚਿਆਂ ਨੂੰ ਰਾਜਦੂਤ ਬਣਨ ਦਾ ਸੱਦਾ ਦਿੰਦਿਆਂ ਐਲਾਨ ਕੀਤਾ ਕਿ ਨਸ਼ਿਆਂ ਵਿਰੁੱਧ ਯਤਨਾਂ ਨੂੰ ਹੁਲਾਰਾ ਦੇਣ ਵਾਲਿਆਂ ਨੂੰ ਸੂਬਾ ਸਰਕਾਰ ਵੱਲੋਂ ਜ਼ਿਲ੍ਹਾ ਅਤੇ ਸੂਬਾ ਪੱਧਰ 'ਤੇ ਸਨਮਾਨਿਤ ਕੀਤਾ ਜਾਵੇਗਾ।
ਇਹ ਐਲਾਨ ਸਿਹਤ ਮੰਤਰੀ ਵੱਲੋਂ ਅੱਜ ਸਵੇਰੇ ਪੋਲੋ ਗਰਾਊਂਡ ਵਿਖੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਪੋਲੋ ਗਰਾਊਂਡ ਤੋਂ ਕਰਵਾਈ ਗਈ 'ਯੁੱਧ ਨਸ਼ਿਆਂ ਵਿਰੁੱਧ' ਮੈਰਾਥਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦਿਆਂ ਕੀਤਾ।
ਸਿਹਤ ਮੰਤਰੀ ਨੇ ਬੱਚਿਆਂ ਨੂੰ ਸਾਡੇ ਅਸਲ ਹੀਰੋ ਦੱਸਦਿਆਂ ਪ੍ਰੇਰਿਤ ਕੀਤਾ ਕਿ ਉਹ ਖ਼ੁਦ ਨਸ਼ਿਆਂ ਤੋਂ ਬਚਣ ਅਤੇ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ।
ਵਿਦਿਆਰਥੀਆਂ, ਅਧਿਆਪਕਾਂ, ਸਮਾਜ ਸੇਵਕਾਂ ਅਤੇ ਵਸਨੀਕਾਂ ਦੇ 10,000 ਤੋਂ ਵੱਧ ਭਾਗੀਦਾਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ "ਰੰਗਲਾ ਪੰਜਾਬ" ਦੇ ਦ੍ਰਿਸ਼ਟੀਕੋਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਖੇਡਾਂ ਵਤਨ ਪੰਜਾਬ ਦੀਆਂ ਪਹਿਲਕਦਮੀ ਤਹਿਤ ਹਰ ਪਿੰਡ ਵਿੱਚ ਖੇਡ ਦੇ ਮੈਦਾਨ ਅਤੇ ਲਾਇਬ੍ਰੇਰੀਆਂ ਬਣਾ ਕੇ ਪੰਜਾਬ ਨੂੰ ਖੇਡਾਂ ਅਤੇ ਸਿੱਖਿਆ ਦੇ ਕੇਂਦਰ ਵਿੱਚ ਬਦਲਣ ਲਈ ਕਾਰਜ ਕਰ ਰਹੀ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਡੇ ਕੌਮੀ ਆਦਰਸ਼ ਸ਼ਹੀਦ ਭਗਤ ਸਿੰਘ, ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਅਤੇ ਲਾਲ ਬਹਾਦਰ ਸ਼ਾਸਤਰੀ ਨੇ ਸਿੱਖਿਆ ਅਤੇ ਰਾਸ਼ਟਰੀ ਜਾਗਰੂਕਤਾ ਤੋਂ ਕੌਮੀ ਚੇਤਨਾ ਪ੍ਰਾਪਤ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਸਾਡੇ ਕੌਮੀ ਨਾਇਕਾਂ ਤੋਂ ਪ੍ਰੇਰਣਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਡੇ ਵਿਦਿਆਰਥੀ ਵੀ ਸਾਡੇ ਨਾਇਕ ਹਨ, ਜਿਹੜੇ ਜਿੰਦਗੀ 'ਚ ਕਦੇ ਨਸ਼ਾ ਨਹੀਂ ਕਰਨਗੇ ਤੇ ਦੂਜਿਆਂ ਦੇ ਆਦਰਸ਼ ਬਣਕੇ ਹੋਰਨਾਂ ਨੂੰ ਵੀ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਦਾ ਸਾਥ ਦੇਣਗੇ।
ਸਿਹਤ ਮੰਤਰੀ ਨੇ ਅਲਬਰਟ ਆਇਨਸਟਾਇਨ ਤੇ ਐਲਨ ਮਸਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਸ਼ੇ ਤਰੱਕੀ ਦੀ ਰਾਹ ਵਿੱਚ ਬੇੜੀਆਂ ਹਨ ਪਰ ਸਿੱਖਿਆ ਉਹਨਾਂ ਨੂੰ ਰਸਤਾ ਦਿਖਾਉਂਦੀ ਹੈ। ਇਸ ਲਈ ਪੰਜਾਬ ਦੇ ਬੱਚਿਆਂ ਨੂੰ ਸਿੱਖਿਆ ਦੇ ਰਾਹ 'ਤੇ ਚੱਲਣਾ ਚਾਹੀਦਾ ਹੈ ਅਤੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਮੋਹਰੀ ਬਣਨਾ ਚਾਹੀਦਾ ਹੈ ਅਤੇ ਸਰਕਾਰ ਵੱਲੋਂ ਅਜਿਹੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਜਾਵੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਮੈਰਾਥਨ 'ਚ ਭਾਗ ਲੈਣ ਵਾਲਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਟਿਆਲਾ ਦੇ ਨੌਜਵਾਨਾਂ ਦੀ ਉਤਸ਼ਾਹੀ ਭਾਗੀਦਾਰੀ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਵੱਲ ਲੈ ਜਾਵੇਗੀ। ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਨੇ ਇਸ ਮਹੱਤਵਪੂਰਨ ਮਿਸ਼ਨ ਵਿੱਚ ਪੰਜਾਬ ਪੁਲਿਸ ਨੂੰ ਲਗਾਤਾਰ ਸਮਰਥਨ ਦੇਣ ਲਈ ਪਟਿਆਲਾ ਦੇ ਲੋਕਾਂ ਦਾ ਧੰਨਵਾਦ ਕੀਤਾ।
ਇਸ ਸਮਾਗਮ ਦੌਰਾਨ ਨਸ਼ਾ ਵਿਰੋਧੀ ਸਹੁੰ ਵੀ ਚੁਕਾਈ ਗਈ ਅਤੇ ਪਦਮ ਸ਼੍ਰੀ ਪ੍ਰਾਣ ਸੱਭਰਵਾਲ ਦੀ ਅਗਵਾਈ ਹੇਠ ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਐਨ.ਟੀ.ਏ.ਐਸ.) ਨੇ ਨਸ਼ਿਆਂ ਵਿਰੁੱਧ ਇੱਕ ਸ਼ਕਤੀਸ਼ਾਲੀ ਨਾਟਕ ਪੇਸ਼ ਕੀਤਾ।
ਮੈਰਾਥਨ 'ਚ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਡਿਪਟੀ ਮੇਅਰ ਜਗਦੀਪ ਸਿੰਘ ਜੱਗਾ, ਜਸਬੀਰ ਸਿੰਘ ਗਾਂਧੀ, ਬਲਵਿੰਦਰ ਸੈਣੀ, ਏ.ਡੀ.ਸੀ. ਨਵਰੀਤ ਕੌਰ ਸੇਖੋਂ, ਐਸ.ਪੀ. ਪਲਵਿੰਦਰ ਸਿੰਘ ਚੀਮਾ, ਸੰਯੁਕਤ ਕਮਿਸ਼ਨਰ ਨਗਰ ਨਿਗਮ ਦੀਪਜੋਤ ਕੌਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਇਸ ਮੌਕੇ ਕਈ ਗੈਰ-ਸਰਕਾਰੀ ਸੰਗਠਨਾਂ ਅਤੇ ਸਥਾਨਕ ਨਿਵਾਸੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਪੁਲਿਸ, ਸਿੱਖਿਆ, ਸਿਹਤ ਅਤੇ ਖੇਡ ਵਿਭਾਗਾਂ ਦੇ ਸਹਿਯੋਗ ਨਾਲ ਕਰਵਾਈ ਇਹ ਮੈਰਾਥਨ ਪੋਲੋ ਗਰਾਊਂਡ ਤੋਂ ਸ਼ੁਰੂ ਹੋ ਕੇ ਵਾਈਪੀਐਸ ਚੌਕ, ਠੀਕਰੀਵਾਲ ਤੇ ਫੁਹਾਰਾ ਚੌਕ, ਲੀਲਾ ਭਵਨ, ਬਾਰਾਂਦਾਰੀ, ਸ਼ੇਰਾਂਵਾਲਾ ਗੇਟ, ਫੂਲ ਸਿਨੇਮਾ ਤੋਂ ਹੁੰਦੇ ਹੋਏ ਮੋਦੀ ਕਾਲਜ ਚੌਂਕ ਤੋਂ ਪੋਲੋ ਗਰਾਊਂਡ ਵਿਖੇ ਸਮਾਪਤ ਹੋਈ।