ਡੱਲੇਵਾਲ ਦੇ ਮਰਨ ਵਰਤ ਦੇ 100 ਦਿਨ ਪੂਰੇ ਹੋਣ 'ਤੇ ਖਨੌਰੀ ਕਿਸਾਨ ਮੋਰਚੇ ਅਤੇ ਦੇਸ਼ ਭਰ ਵਿੱਚ ਕਿਸਾਨ ਸੰਕੇਤਿਕ ਭੁੱਖ ਹੜਤਾਲ ਕਰਨਗੇ
ਖਨੌਰੀ, 4 ਮਾਰਚ 2025 - ਅੱਜ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 99ਵੇਂ ਦਿਨ ਵੀ ਜਾਰੀ ਰਿਹਾ। ਕੱਲ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ 100 ਦਿਨ ਪੂਰੇ ਹੋਣ 'ਤੇ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚੇ ਅਤੇ ਦੇਸ਼ ਭਰ ਵਿੱਚ ਕਿਸਾਨ ਜ਼ਿਲ੍ਹਾ/ਤਹਿਸੀਲ ਪੱਧਰ 'ਤੇ ਸੰਕੇਤਿਕ ਭੁੱਖ ਹੜਤਾਲ ਕਰਨਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਕੱਲ ਰਾਤ ਕਿਸਾਨ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਉਹ ਅਤਿ ਨਿੰਦਣਯੋਗ ਹੈ ਅਤੇ ਲੋਕਤੰਤਰ ਵਿੱਚ ਅਜਿਹੇ ਪੁਲਿਸ ਦੇ ਜਬਰ ਲਈ ਕੋਈ ਥਾਂ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸ਼ਾਂਤਮਈ ਧਰਨਾ ਦੇਣਾ ਜਮਹੂਰੀ ਹੱਕ ਹੈ ਅਤੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਗੱਲਬਾਤ ਰਾਹੀਂ ਹੱਲ ਕਰੇ ਅਤੇ ਸਾਰੇ ਗ੍ਰਿਫਤਾਰ ਕੀਤੇ ਕਿਸਾਨ ਆਗੂਆਂ ਨੂੰ ਰਿਹਾਅ ਕਰੇ। ਕੱਲ੍ਹ ਸਵੇਰੇ 9 ਵਜੇ ਤੋਂ ਕਿਸਾਨ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਉੱਪਰ ਕਿਸਾਨ ਸੰਕੇਤਿਕ ਭੁੱਖ ਹੜਤਾਲ ਉੱਪਰ ਬੈਠਣਗੇ, ਜਿਹਨਾ ਨੂੰ ਜਗਜੀਤ ਸਿੰਘ ਡੱਲੇਵਾਲ ਜੀ ਸੰਬੋਧਨ ਕਰਨਗੇ |