ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ VC ਪ੍ਰੋ. ਡਾ. ਕਰਮਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ VC (ਵਾਧੂ ਚਾਰਜ) ਨਿਯੁਕਤ
- ਉਚੇਰੀ ਸਿੱਖਿਆ ਪ੍ਰਸ਼ਾਸਨ ਵਿੱਚ ਉਨ੍ਹਾਂ ਦਾ ਉਚ ਪਾਏ ਦਾ ਪਿਛੋਕੜ ਅਤੇ ਅਕਾਦਮਿਕ ਉਨਤੀ ਲਈ ਭਵਿੱਖਮੁਖੀ ਦ੍ਰਿਸ਼ਟੀਕੋਣ ਉਨ੍ਹਾਂ ਦੀ ਇਸ ਨਿਯੁਕਤੀ ਦਾ ਮੁੱਖ ਕਾਰਨ
ਅੰਮ੍ਰਿਤਸਰ, 21 ਫਰਵਰੀ, 2025 - ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਚਾਂਸਲਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਕਰਮਜੀਤ ਸਿੰਘ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਵਾਈਸ ਚਾਂਸਲਰ (ਵਾਧੂ ਚਾਰਜ) ਦੀਆਂ ਜ਼ਿੰਮੇਵਾਰੀਆਂ ਸੰਭਾਲਣ ਲਈ ਨਿਯੁਕਤ ਕੀਤਾ ਹੈ। ਇਹ ਨਿਯੁਕਤੀ ਛੇ ਮਹੀਨਿਆਂ ਜਾਂ ਰੈਗੂਲਰ ਨਿਯੁਕਤੀ ਹੋਣ ਤਕ ਕੀਤੀ ਗਈ ਹੈ।
ਪ੍ਰੋ. ਡਾ. ਕਰਮਜੀਤ ਸਿੰਘ, 38 ਸਾਲਾਂ ਤੋਂ ਵੱਧ ਤਜਰਬਾ ਰਖਦੇ ਵਾਲੇ ਇੱਕ ਪ੍ਰਸਿੱਧ ਅਕਾਦਮਿਕ ਮਾਹਰ, ਵਿੱਤ, ਰਣਨੀਤਕ ਪ੍ਰਬੰਧਨ ਅਤੇ ਸਿੱਖ ਦਰਸ਼ਨ ਵਿੱਚ ਆਪਣੇ ਯੋਗਦਾਨ ਲਈ ਮਸ਼ਹੂਰ ਹਨ। ਉਚੇਰੀ ਚ ਸਿੱਖਿਆ ਪ੍ਰਸ਼ਾਸਨ ਵਿੱਚ ਉਨ੍ਹਾਂ ਦਾ ਉਚ ਪਾਏ ਦਾ ਪਿਛੋਕੜ ਅਤੇ ਅਕਾਦਮਿਕ ਉਨਤੀ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ ਉਨ੍ਹਾਂ ਦੀ ਇਸ ਨਿਯੁਕਤੀ ਦਾ ਮੁੱਖ ਕਾਰਨ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਭਾਈਚਾਰਾ ਇਸ ਨਿਯੁਕਤੀ 'ਤੇ ਬਹੁਤ ਮਾਣ ਅਤੇ ਖੁਸ਼ੀ ਮਹਿਸੂਸ ਕਰਦਾ ਇਸ ਗੱਲ 'ਤੇ ਆਪਣਾ ਵਿਸ਼ਵਾਸ ਦ੍ਰਿੜ ਕਰਦਾ ਹੈ ਕਿ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਾਖ ਨੂੰ ਬੁਲੰਦੀਆਂ ਤਕ ਲੈ ਕੇ ਜਾਣ ਦੇ ਨਾਲ ਨਾਲ ਪੰਜਾਬੀ ਯੂਨੀਵਰਸਿਟੀ ਵਿੱਚ ਅਕਾਦਮਿਕ ਵਾਤਾਵਰਣ ਨੂੰ ਹੋਰ ਵੀ ਬਿਹਤਰ ਬਣਾਏਗੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਿਦਆਰਥੀ ਪ੍ਰੋ. ਕਰਮਜੀਤ ਸਿੰਘ ਦਾ ਅਧਿਆਪਨ, ਖੋਜ, ਸਿਖਲਾਈ ਅਤੇ ਅਕਾਦਮਿਕ ਗਤੀਵਿਧੀਆਂ ਵਿਚ ਇੱਕ ਸ਼ਾਨਦਾਰ ਕਰੀਅਰ ਹੈ। ਇਸ ਨਿਯੁਕਤੀ ਤੋਂ ਪਹਿਲਾਂ, ਉਨ੍ਹਾਂ ਨੇ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ, ਪਟਿਆਲਾ ਦੇ ਬਾਨੀ ਵਾਈਸ-ਚਾਂਸਲਰ ਵਜੋਂ ਸੇਵਾ ਨਿਭਾਈ, ਜਿੱਥੇ ਉਨ੍ਹਾਂ ਨੇ ਸੰਸਥਾ ਦੀ ਮਜ਼ਬੂਤ ਨੀਂਹ ਰੱਖੀ।
ਉਨ੍ਹਾਂ ਦੀਆਂ ਪਿਛਲੀਆਂ ਭੂਮਿਕਾਵਾਂ ਵਿੱਚ ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਵਿੱਤ ਅਤੇ ਰਣਨੀਤਕ ਪ੍ਰਬੰਧਨ ਦੇ ਪ੍ਰੋਫੈਸਰ ਰਹੇ ਹਨ। ਜਿੱਥੇ ਉਨ੍ਹਾਂ ਨੇ ਰਜਿਸਟਰਾਰ, ਮਲਟੀਪਲ ਫੈਕਲਟੀਜ਼ ਦੇ ਡੀਨ, ਅਤੇ ਮਨੁੱਖੀ ਸਰੋਤ ਵਿਕਾਸ ਕੇਂਦਰ ਦੇ ਡਾਇਰੈਕਟਰ ਵਜੋਂ ਵੀ ਕੰਮ ਕੀਤਾ ਉਥੇ ਉਨ੍ਹਾਂ ਨੇ ਸੈਨੇਟ, ਸਿੰਡੀਕੇਟ ਅਤੇ ਅਕਾਦਮਿਕ ਕੌਂਸਲ ਵਿੱਚ ਮਹੱਤਵਪੂਰਨ ਪ੍ਰਸ਼ਾਸਕੀ ਜ਼ਿੰਮੇਵਾਰੀਆਂ ਨਿਭਾਈਆਂ ਹਨ।
ਬਹੁਤ ਸਾਰੇ ਪੁਰਸਕਾਰਾਂ ਨਾਲ ਸਨਮਾਨਤ, ਪ੍ਰੋ. ਕਰਮਜੀਤ ਸਿੰਘ ਨੂੰ ਪ੍ਰਬੰਧਨ ਅਤੇ ਲੀਡਰਸ਼ਿਪ ਲਈ ਲਾਈਫਟਾਈਮ ਅਚੀਵਮੈਂਟ ਅਵਾਰਡ, ਸਰਵੋਤਮ ਕਾਰੋਬਾਰੀ ਅਕਾਦਮਿਕ ਪੁਰਸਕਾਰ ਅਤੇ ਵੱਕਾਰੀ ਅਕਾਦਮਿਕ ਸਮਾਗਮਾਂ ਦੇ ਆਯੋਜਨ ਲਈ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਤੋਂ ਮਾਨਤਾ ਸ਼ਾਮਲ ਹੈ। ਵਾਰਟਨ ਬਿਜ਼ਨਸ ਸਕੂਲ (ਅਮਰੀਕਾ), ਲੰਡਨ ਯੂਨੀਵਰਸਿਟੀ (ਯੂ.ਕੇ.), ਅਤੇ ਟੋਰਾਂਟੋ (ਕੈਨੇਡਾ) ਵਰਗੀਆਂ ਸੰਸਥਾਵਾਂ ਵਿੱਚ ਅਕਾਦਮਿਕਤਾ ਲਈ ਸੱਦਾ ਦਿੱਤੇ ਜਾਣ ਤੋਂ ਇਲਾਵਾ ਉਨ੍ਹਾਂ ਦੀ ਅਗਵਾਈ ਨੇ ਗਲੋਬਲ ਅਕਾਦਮਿਕ ਸਹਿਯੋਗਾਂ ਵਿੱਚ ਵੀ ਵਾਧਾ ਕੀਤਾ ਹੈ।
ਉਨ੍ਹਾਂ ਦਾ ਅਕਾਦਮਿਕ ਯੋਗਦਾਨ ਨਾ ਸਿਰਫ਼ ਉਨ੍ਹਾਂ ਦੇ ਵਿੱਤ ਦੇ ਖੇਤਰ ਵਿਚ ਸਗੋਂ ਸਿੱਖ ਦਰਸ਼ਨ ਵਿਚ ਵੀ ਜ਼ਿਕਰਯੋਗ ਹੈ ਕਿਉਂਕਿ ਉਨ੍ਹਾਂ ਨੇ ਸਿੱਖ ਫ਼ਲਸਫ਼ੇ ਅਤੇ ਧਰਮ ਬਾਰੇ ਪੰਜ ਕਿਤਾਬਾਂ ਲਿਖੀਆਂ ਹਨ। ਇਸ ਤੋਂ ਇਲਾਵਾ ਪ੍ਰਸਿੱਧ ਖੋਜ ਰਸਾਲਿਆਂ ਵਿਚ ਉਨ੍ਹ੍ਹਾਂ ਦੇ 50 ਖੋਜ ਪੱਤਰ ਵੀ ਪ੍ਰਕਾਸ਼ਿਤ ਹੋ ਚੱੁਕੇ ਹਨ। ਪ੍ਰਬੰਧਨ ਤੇ ਵਣਜ ਦੇ ਵੱਖ-ਵੱਖ ਖੇਤਰਾਂ ਜਿਵੇਂ ਕਾਰਪੋਰੇਟ ਗਵਰਨੈਂਸ, ਰਣਨੀਤਕ ਪ੍ਰਬੰਧਨ ਅਤੇ ਪ੍ਰਬੰਧਨ ਵਿੱਚ ਅਧਿਆਤਮਿਕਤਾ ਵਿਚ ਵੱਖ-ਵੱਖ 20 ਪੀ.ਐਚ.ਡੀ. ਵੀ ਕਰਵਾ ਚੁੱਕੇ ਹਨ।