ਕਪੂਰਥਲਾ ਜ਼ਿਲ੍ਹੇ ਦੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਤੈਨਾਤ ਥਾਣੇਦਾਰ 'ਤੇ ਲੱਗੇ ਵੱਡੇ ਆਰੋਪ
* ਸ਼ਿਕਾਇਤ ਦਰਜ ਕਰਨ ਗਏ ਨੌਜਵਾਨਾਂ ਨੇ ਡਿਊਟੀ ਤੇ ਤਾਇਨਾਤ ASI ਤੇ ਅਸ਼ੀਲ ਹਰਕਤਾਂ ਕਰਨ ਦੇ ਲਗਾਏ ਆਰੋਪ
* ਸਾਨੂੰ ਨਜਾਇਜ਼ ਹਿਰਾਸਤ ਵਿੱਚ ਰੱਖਿਆ, ਹਵਾਲਾਤ ਚ ਬੰਦ ਕੀਤਾ ਅਤੇ ਕੁੱਟਮਾਰ ਵੀ ਕੀਤੀ : ਪੀੜਿਤ ਨੌਜਵਾਨ
* ਪੀੜਿਤ ਨੌਜਵਾਨ ਲਗਾ ਰਹੇ ਹਨ ਇਨਸਾਫ ਦੀ ਗੁਹਾਰ
* ਦੂਜੇ ਪਾਸੇ ਥਾਣੇਦਾਰ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ, ਕਿਹਾ ਆਰੋਪ ਬਿਲਕੁਲ ਝੂਠੇ ਤੇ ਬੇਬੁਨਿਆਦ, ਹਰ ਤਰ੍ਹਾਂ ਦੀ ਜਾਂਚ ਲਈ ਹਾਂ ਤਿਆਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 24 ਜਨਵਰੀ 2025: ਪੰਜਾਬ ਪੁਲਿਸ ਅਕਸਰ ਹੀ ਵਿਵਾਦਾਂ ਦੇ ਵਿੱਚ ਕਰੀ ਰਹਿੰਦੀ ਹੈ ਆਏ ਦਿਨ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਜਿਸ ਦੇ ਨਾਲ ਖਾਖੀ ਉੱਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ। ਅਜਿਹਾ ਇੱਕ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ। ਜਿੱਥੇ ਸ਼ਿਕਾਇਤ ਦਰਜ ਕਰਵਾਉਣ ਥਾਣੇ ਪੁੱਜੇ ਨੌਜਵਾਨਾਂ ਨੇ ਸੁਲਤਾਨਪੁਰ ਲੋਧੀ ਪੁਲਿਸ ਸਟੇਸ਼ਨ ਵਿਖੇ ਤੈਨਾਤ ਇੱਕ ਏਐਸਆਈ ਤੇ ਗੰਭੀਰ ਆਰੋਪ ਲਗਾਏ ਨੇ। ਨੌਜਵਾਨਾਂ ਦੇ ਆਰੋਪ ਨੇ ਕਿ ਥਾਣੇਦਾਰ ਨੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਗਾਲੀ ਗਲੋਚ ਕੀਤਾ। ਇਨਾ ਹੀ ਨਹੀਂ ਇਹਨਾਂ ਨੌਜਵਾਨਾਂ ਨੇ ਥਾਣੇਦਾਰ ਤੇ ਬਦਫੈਲੀ ਦੇ ਵੀ ਆਰੋਪ ਲਗਾਏ ਨੇ। ਨੌਜਵਾਨਾ ਵੱਲੋਂ ਡੀਜੀਪੀ ਪੰਜਾਬ ਅਤੇ ਐਸਐਸਪੀ ਕਪੂਰਥਲਾ ਨੂੰ ਸ਼ਿਕਾਇਤ ਭੇਜ ਦਿੱਤੀ ਗਈ ਹੈ। ਪਰ ਦੂਜੇ ਪਾਸੇ ਥਾਣੇਦਾਰ ਵੱਲੋਂ ਇਹਨਾਂ ਸਾਰੇ ਆਰੋਪਾਂ ਨੂੰ ਸਿਰੇ ਤੋਂ ਨਕਾਰਦਿਆਂ ਹੋਇਆਂ ਆਰੋਪ ਝੂਠੇ ਤੇ ਬੇਬੁਨਿਆਦ ਕਰਾਰ ਦਿੱਤੇ ਜਾ ਰਹੇ ਨੇ।
ਸਿਵਿਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਆਸ਼ੂ ਚੱਡਾ ਅਤੇ ਚੇਤਨ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਸ਼ੂ ਕੁਮਾਰ ਚੱਡਾ ਨੇ ਕਿਸੇ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣੀ ਸੀ, ਜਦੋਂ ਉਹ ਥਾਣੇ ਪਹੁੰਚੇ ਉੱਥੇ ਮੌਕੇ ਤੇ ਬਲਦੇਵ ਸਿੰਘ ਨਾਮਕ ਇੱਕ ਏਐਸਆਈ ਮਿਲਿਆ ਜੋ ਕਿ ਸਾਨੂੰ ਆਪਣੇ ਕਮਰੇ ਵਿੱਚ ਲੈ ਗਿਆ। ਕਮਰੇ ਵਿੱਚ ਪਹੁੰਚਕੇ ਉਸਨੇ ਸਾਨੂੰ ਕਿਹਾ ਕਿ ਤੁਸੀਂ ਇੱਕ ਲੱਖ ਰੁਪਏ ਦਿਓ ਤੇ ਤੁਹਾਡਾ ਮੈਂ ਉਨੇ ਨਾਲ ਰਾਜ਼ੀਨਾਮਾ ਕਰਵਾ ਦਿੰਦਾ ਹਾਂ, ਪਰ ਉਸ ਤੋਂ ਬਾਅਦ ਅਸੀਂ ਉਸ ਨੂੰ ਇਹ ਗੱਲ ਕਹੀ ਕਿ ਸਰ ਅਸੀਂ ਤਾਂ ਉਹਦੇ ਕੋਲੋਂ 4 ਲੱਖ ਦੇ ਕਰੀਬ ਪੈਸੇ ਲੈਣੇ ਹਨ।
ਇਸ ਦੌਰਾਨ ਏ ਐੱਸ ਆਈ ਬਲਦੇਵ ਸਿੰਘ ਸਾਡੇ ਨਾਲ ਗਲਤ ਹਰਕਤਾਂ ਕਰਨ ਲੱਗ ਪਿਆ, ਸਾਨੂੰ ਇੰਜ ਲੱਗਦਾ ਸੀ ਕਿ ਜਿਵੇਂ ਉਸ ਨੇ ਕੋਈ ਨਸ਼ਾ ਕੀਤਾ ਹੋਵੇ। ਉਹ ਸਾਡੇ ਨਾਲ ਗਲਤ ਕੰਮ ਕਰਨ ਲੱਗ ਪਿਆ ਸਾਨੂੰ ਕਹਿੰਦਾ ਕੱਪੜੇ ਉਤਾਰ ਦਿਓ, ਜਿਸ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ। ਉਸ ਮਗਰੋਂ ਥਾਣੇਦਾਰ ਬਾਹਰ ਆਇਆ ਅਤੇ ਸਾਨੂੰ ਥਾਣਾ ਮੁਖੀ ਦੇ ਦਫਤਰ ਨੇੜੇ ਲੈ ਗਿਆ। ਕਹਿੰਦਾ ਤੁਸੀਂ ਤੇ ਧੱਕੇ ਮਾਰ ਕੇ ਸਾਨੂੰ ਹਵਾਲਾਤ ਅੰਦਰ ਕਰ ਦਿੱਤਾ। ਜਿੱਥੇ ਉਸ ਨੇ ਸਾਡੇ ਨਾਲ ਕੁੱਟਮਾਰ ਕੀਤੀ ਅਤੇ ਗਾਲੀ ਗਲੋਚ ਕੀਤਾ। ਦੇਰ ਸ਼ਾਮ ਤੋਂ ਬਾਅਦ ਉਸਨੇ ਸਾਨੂੰ ਛੱਡ ਦਿੱਤਾ।
ਨੌਜਵਾਨਾਂ ਨੇ ਦੱਸਿਆ ਕਿ ਸਾਡਾ ਘਰ ਜਾਣ ਨੂੰ ਜੀ ਨਹੀਂ ਕਰ ਰਿਹਾ ਸੀ। ਅਸੀਂ ਫਿਰ ਵੇਈਂ ਨਦੀ ਵਿਚ ਛਾਲ ਮਾਰਨ ਬਾਰੇ ਸੋਚਣ ਲੱਗ ਪਏ ਫਿਰ ਅਸੀਂ ਆਪਣੇ ਘਰਦਿਆਂ ਬਾਰੇ ਸੋਚਿਆ ਕਿ ਸਾਡੇ ਪਰਿਵਾਰ ਪਰਿਵਾਰ ਦਾ ਕੀ ਬਣੋ ਇਹ ਸਾਰੀ ਘਟਨਾ ਅਸੀਂ ਆਪਣੇ ਪਰਿਵਾਰ ਨੂੰ ਦੱਸੀ। ਹੁਣ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਕਰ ਰਹੇ ਹਾਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਇਸ ਥਾਣੇਦਾਰ ਦੇ ਖਿਲਾਫ ਬਣਦੀ ਕਾਰਵਾਈ ਹੋਵੇ ਇਸ ਸਬੰਧੀ ਅਸੀਂ ਐਸਐਸਪੀ ਅਤੇ ਡੀਜੀਪੀ ਨੂੰ ਵੀ ਲਿਖਤ ਸ਼ਿਕਾਇਤ ਭੇਜ ਚੁੱਕੇ ਹਾਂ।
ਇਸ ਮੌਕੇ ਜਦੋਂ ਪੱਤਰਕਾਰਾਂ ਵੱਲੋਂ ਥਾਣੇਦਾਰ ਬਲਦੇਵ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਹੋਏ ਇਹ ਸਾਰੇ ਦੋਸ਼ਾਂ ਨੂੰ ਨਕਾਰਿਆ ਉਹਨਾਂ ਕਿਹਾ ਕਿ ਬਿਲਕੁਲ ਝੂਠੀਆਂ ਗੱਲਾਂ ਨੇ ਮੈਂ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਾਂ। ਇਸ ਤਰ੍ਹਾਂ ਦੀ ਕੋਈ ਵੀ ਹਰਕਤ ਮੈਂ ਨਹੀਂ ਕੀਤੀ ਉਹ ਮੇਰੇ ਕੋਲ ਸਿਰਫ ਸ਼ਿਕਾਇਤ ਦਰਜ ਕਰਵਾਉਣ ਆਏ ਸਨ।