ਡੱਲੇਵਾਲ ਨੂੰ ਟਰਾਲੀ ਤੋਂ ਲਿਆਂਦਾ ਜਾਵੇਗਾ ਬਾਹਰ, ਸਟੇਜ ਦੇ ਨੇੜੇ ਬਣਾਈ ਜਾ ਰਹੇ ਟਰਾਲੀ/ਕਮਰੇ ਵਿੱਚ ਕੀਤਾ ਜਾਵੇਗਾ ਸ਼ਿਫਟ
ਖਨੌਰੀ, 21 ਜਨਵਰੀ 2025 - ਅੱਜ 57ਵੇਂ ਦਿਨ ਵੀ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚੇ ਉੱਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ ਜਾਰੀ ਰਿਹਾ। 57 ਦਿਨ ਤੋਂ ਟਰਾਲੀ ਵਿੱਚ ਹੀ ਹੋਣ ਕਾਰਨ ਕੁਦਰਤੀ ਹਵਾ ਅਤੇ ਰੋਸ਼ਨੀ ਦੀ ਲੋੜ ਨੂੰ ਦੇਖਦੇ ਹੋਏ ਕੱਲ ਦੁਪਹਿਰ ਨੂੰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਟਰਾਲੀ ਤੋ ਬਾਹਰ ਲਿਆਂਦਾ ਜਾਵੇਗਾ ਅਤੇ ਸਟੇਜ ਦੇ ਨੇੜੇ ਬਣਾਈ ਜਾ ਰਹੀ ਟਰਾਲੀ/ਕਮਰੇ ਵਿੱਚ ਸ਼ਿਫਟ ਕੀਤਾ ਜਾਵੇਗਾ। ਉਸ ਟਰਾਲੀ/ਰੂਮ ਦੇ ਆਲੇ-ਦੁਆਲੇ ਦੇ ਖੇਤਰ ਨੂੰ ਬੈਕਟੀਰੀਆ ਮੁਕਤ ਬਣਾਉਣ ਲਈ ਮਾਹਿਰਾਂ ਦੀ ਟੀਮ ਸਫ਼ਾਈ ਅਤੇ ਦਵਾਈਆਂ ਦਾ ਛਿੜਕਾਅ ਕਰਵਾ ਰਹੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅਤੇ ਸੰਘਰਸ਼ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ, ਹੁਣ ਕਿਸਾਨਾਂ ਨੇ ਜਿੱਤ ਲਈ ਇੱਕ ਕਦਮ ਅੱਗੇ ਪੁੱਟ ਲਿਆ ਹੈ ਅਤੇ ਅੰਦੋਲਨ ਨੂੰ ਮਜ਼ਬੂਤੀ ਨਾਲ ਇਸੇ ਤਰ੍ਹਾਂ ਜਾਰੀ ਰੱਖਣਾ। ਮਹਾਰਾਸ਼ਟਰ ਵਿੱਚ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ ਸਮਰਥਨ ਵਿੱਚ ਜ਼ਿਲ੍ਹਾ ਪੱਧਰ 'ਤੇ 1 ਰੋਜ਼ਾ ਸੰਕੇਤਿਕ ਭੁੱਖ ਹੜਤਾਲ ਕੀਤੀ ਗਈ ਅਤੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ।
ਭਲਕੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦੇ ਸਮਰਥਨ ਵਿੱਚ ਹਜ਼ਾਰਾਂ ਕਿਸਾਨ ਇੱਕ ਦਿਨ ਦਾ ਸੰਕੇਤਿਕ ਵਰਤ ਰੱਖਣਗੇ। ਦੋਵੇਂ ਮੋਰਚਿਆਂ ਨੇ ਕੱਲ੍ਹ ਹਨੂੰਮਾਨਗੜ੍ਹ ਵਿੱਚ ਕਿਸਾਨਾਂ ਉੱਪਰ ਹੋਏ ਲਾਠੀਚਾਰਜ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਲੋਕਤੰਤਰ ਵਿੱਚ ਇਸ ਤਰਾਂ ਦੀ ਹਿੰਸਕ ਪੁਲੀਸ ਕਾਰਵਾਈ ਲਈ ਕੋਈ ਥਾਂ ਨਹੀਂ ਹੈ।