ਟੁੱਟੀ ਗੰਢੀ ਜੋੜ ਮੇਲ ਸਮੇਂ ਪੁਜੀਆਂ ਸੰਗਤਾਂ ਤੇ ਸਮੱਚੇ ਪ੍ਰਬੰਧਕਾਂ, ਸੇਵਾ ਦਲਾਂ ਅਤੇ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਦਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕੀਤਾ ਧੰਨਵਾਦ
ਸ੍ਰੀ ਮੁਕਤਸਰ ਸਾਹਿਬ:- 16 ਜਨਵਰੀ 2025- ਮਾਘੀ ਸਮੇਂ ਮੁਕਤਸਰ ਸਾਹਿਬ ਦੇ ਚਾਲੀ ਮੁਕਤਿਆਂ ਸ਼ਹੀਦ ਸਿੰਘਾਂ ਨੂੰ ਸ਼ਰਧਾ ਅਕੀਦਤ ਭੇਟ ਕਰਨ ਪੁਜੀ ਸੰਗਤ ਅਤੇ ਉਨ੍ਹਾਂ ਦੀ ਆਉ ਭਗਤ (ਟਹਿਲ ਸੇਵਾ) ਲਈ ਜਨਤਕ ਸਹਿਯੋਗੀ ਸੇਵਾ ਸੁਸਾਇਟੀਆਂ, ਸ਼੍ਰੋਮਣੀ ਕਮੇਟੀ ਤੇ ਸਰਕਾਰੀ ਪ੍ਰਸ਼ਾਸਨ ਵਲੋਂ ਨਿਭਾਈਆਂ ਸੇਵਾਵਾਂ ਲਈ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ 14 ਵੇਂ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਦਿਲੋਂ ਹਾਰਦਿਕ ਧੰਨਵਾਦ ਕੀਤਾ ਹੈ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਪੁਜੀ ਸੰਗਤ ਨੇ ਗੁੁਰਦੁਆਰਾ ਟੁੱਟੀ ਗੰਢੀ ਸਾਹਿਬ ਤੇ ਬਾਕੀ ਗੁਰਦੁਆਰਾ ਸਾਹਿਬਾਨ ਪੁਜ ਕੇ ਗੁਰੂ ਦਸਮ ਪਾਤਸ਼ਾਹ ਦੇ ਪਿਆਰੇ ਸ਼ਹੀਦ ਸਿੰਘਾਂ ਨੂੰ ਸਰਧਾ ਸਤਿਕਾਰ ਤੇ ਅਕੀਦਤ ਭੇਟ ਕੀਤੀ ਹੈ ਉਥੇ ਵੱਖ-ਵੱਖ ਲੰਗਰਾਂ ਛਬੀਲਾਂ ਤੇ ਜੋੜਿਆਂ ਦੀ ਸੇਵਾ ਜਾਂ ਰਹਾਇਸ਼ ਆਦਿ ਨਾਲ ਜੁੜੀਆਂ ਸੇਵਾ ਸੁਸਾਇਟੀਆਂ, ਸੇਵਾ ਦਲਾਂ, ਸ਼੍ਰੋਮਣੀ ਕਮੇਟੀ ਅਤੇ ਸਰਕਾਰ ਦੇ ਪ੍ਰਬੰਧ ਵੀ ਪ੍ਰਸ਼ੰਸ਼ਾ ਜਨਕ ਸਨ।
ਉਨ੍ਹਾਂ ਕਿਹਾ ਕਿ ਇਸ ਵਿਸ਼ਾਲ ਧਾਰਮਿਕ ਇਕੱਠ ਸਮੇਂ ਪ੍ਰਬੰਧਾਂ ਵਿੱਚ ਕਿਤੇ ਕਿਸੇ ਸ਼ਰਧਾਲੂ ਨੂੰ ਔਕੜ ਜਾਂ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੋਵੇ ਤਾਂ ਖਿਮਾਂ ਚਾਹੁੰਦੇ ਹਾਂ ਉਨ੍ਹਾਂ ਕਿਹਾ ਕਿ ਵੱਡੇ ਇਕੱਠਾਂ ਵਿੱਚ ਕਈ ਵਾਰ ਉਣਤਾਈਆਂ ਪ੍ਰਬੰਧਕੀ ਰਹਿ ਜਾਂਦੀਆਂ ਹਨ ਆਸ ਕਰਦੇ ਹਾਂ ਸੰਗਤ ਬਖਸ਼ਿੰਦ ਹੈ ਉਨ੍ਹਾਂ ਪੁਜੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ। ਮਾਘੀ ਮੇਲਾ ਸੁਖਸਾਂਦੀ ਸੰਪੂਰਨ ਹੋ ਗਿਆ ਹੈ।