ਫਗਵਾੜਾ ਸੜਕ ਹਾਦਸੇ 'ਚ ਪਤੀ ਦੀ ਮੌਤ, ਪਤਨੀ ਗੰਭੀਰ ਜ਼ਖ਼ਮੀ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ/ਫਗਵਾੜਾ 16 ਜਨਵਰੀ 2025 : ਫਗਵਾੜਾ ਚੰਡੀਗੜ੍ਹ ਬਾਈਪਾਸ 'ਤੇ ਕਾਰ ਸਵਾਰ ਪਤੀ ਪਤਨੀ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ਦੌਰਾਨ ਪਤੀ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
ਸਿਵਲ ਹਸਪਤਾਲ 'ਚ ਐਮਰਜੈਂਸੀ ਡਿਊਟੀ 'ਤੇ ਤਾਇਨਾਤ ਡਾਕਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਡਿਊਟੀ ਦੌਰਾਨ ਸੜਕ ਹਾਦਸੇ 'ਚ ਜ਼ਖ਼ਮੀ ਔਰਤ ਅਤੇ ਵਿਅਕਤੀ ਨੂੰ ਲਿਆਂਦਾ ਗਿਆ ਜਿਨ੍ਹਾਂ ਵਿਚੋਂ ਵਿਅਕਤੀ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਔਰਤ ਦਾ ਇਲਾਜ ਸ਼ੁਰੂ ਕਰ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ। ਮੌਕੇ 'ਤੇ ਪਹੁੰਚੇ ਥਾਣਾ ਸਦਰ ਦੇ ਏਐੱਸਆਈ ਜਸਵਿੰਦਰਪਾਲ ਨੇ ਦੱਸਿਆ ਕਿ ਇਹ ਹਾਦਸਾ ਚੰਡੀਗੜ੍ਹ ਬਾਈਪਾਸ 'ਤੇ ਖਲਵਾੜਾ ਕੱਟ 'ਤੇ ਲੋਕਾਂ ਦੇ ਲੰਘਣ ਲਈ ਬਣੇ ਪੁਲ਼ ਨਾਲ ਡਿਜ਼ਾਇਰ ਕਾਰ ਟਕਰਾਉਣ ਨਾਲ ਵਾਪਰਿਆ ਜਿਸ ਵਿਚ ਪਤੀ ਪਤਨੀ ਸਵਾਰ ਸਨ
ਉਨ੍ਹਾਂ ਦੱਸਿਆ ਕਿ ਕਾਰ ਚਾਲਕ ਪਰਮਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਪੋਸੀ ਥਾਣਾ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦੀ ਪਤਨੀ ਗੁਰਮਿੰਦਰ ਕੌਰ ਗੰਭੀਰ ਜ਼ਖ਼ਮੀ ਹੋ ਗਈ ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ