ਪੰਜਾਬੀ ਯੂਨੀਵਰਸਿਟੀ ਨੇ ਆਪਣੇ ਸਾਬਕਾ ਵਿਦਿਆਰਥੀਆਂ ਲਈ ਵੈੱਬਸਾਈਟ ਲਾਂਚ ਕੀਤੀ
ਪਟਿਆਲਾ, 8 ਜਨਵਰੀ
ਪੰਜਾਬੀ ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਵਿਭਾਗ ਦੇ ਐੱਮ.ਸੀ.ਏ. ਸਮੈਸਟਰ ਤੀਜਾ ਅਤੇ ਸਮੈਸਟਰ ਪਹਿਲਾ ਦੇ ਮਾਸਟਰ ਆਫ਼ ਕੰਪਿਊਟਰ ਐਪਲੀਕੇਸ਼ਨ ਦੇ ਵਿਦਿਆਰਥੀਆਂ ਨੇ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਦੇ ਡੇਟਾ ਨੂੰ ਜਨਤਕ ਕਰਨ ਲਈ ਵੈਬਸਾਈਟ ਤਿਆਰ ਕੀਤੀ ਹੈ।
ਵਿਦਿਆਰਥੀਆਂ ਦੀ ਇਸ ਟੀਮ ਨੇ ਸ੍ਰੀ ਵਿਪਨ ਕੁਮਾਰ ਦੀ ਅਗਵਾਈ ਵਿੱਚ ਵੱਖ-ਵੱਖ ਸਰੋਤਾਂ ਤੋਂ ਡਾਟਾ ਇਕੱਤਰ ਕਰਦਿਆਂ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ। ਵਿਭਾਗ ਮੁਖੀ ਡਾ. ਗਗਨਦੀਪ ਕੌਰ ਨੇ ਦੱਸਿਆ ਕਿ 1987 ਵਿੱਚ ਕੰਪਿਊਟਰ ਸਾਇੰਸ ਵਿਭਾਗ ਦੀ ਸਥਾਪਨਾ ਸਮੇਂ ਤੋਂ ਹੀ ਵੱਡੀ ਗਿਣਤੀ ਵਿੱਚ ਵਿਦਿਆਰਥੀ ਇਸ ਨਾਲ਼ ਜੁੜੇ ਰਹੇ ਹਨ। ਬੀ.ਟੈਕ (ਸੀ.ਐਸ.ਈ.), ਐਮ.ਫਿਲ (ਸੀ.ਐਸ.), ਐਮ.ਟੈਕ (ਸੀਐਸਈ), ਐਮ.ਟੈਕ (ਆਈ.ਸੀ.ਟੀ.), ਐਮ.ਸੀ.ਏ. (3 ਸਾਲ), ਐਮਸੀਏ (2 ਸਾਲ) (ਲੈਟਰਲ ਐਂਟਰੀ), ਪੀਜੀਡੀਸੀਏ, ਐਮਸੀਏ (2 ਸਾਲ), ਬੀ.ਸੀ.ਏ. (ਆਨਰਜ਼), ਪੀ.ਐਚ.ਡੀ. (ਕੰਪਿਊਟਰ ਵਿਗਿਆਨ). ਆਦਿ ਕੋਰਸਾਂ ਨਾਲ਼ ਜੁੜੇ 5000 ਤੋਂ ਵਧੇਰੇ ਸਾਬਕਾ ਵਿਦਿਆਰਥੀ ਵਿਭਾਗ ਉੱਤੇ ਮਾਣ ਮਹਿਸੂਸ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਤਾਜ਼ਾ ਕਦਮ ਤਹਿਤ ਵਿਦਿਆਰਥੀਆਂ ਨੇ ਵਿਭਾਗ ਕੋਲ ਉਪਲਬਧ ਸਾਰੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਈਮੇਲ, ਗੂਗਲ ਫਾਰਮ, ਨਿੱਜੀ ਕਾਲਾਂ ਕਰਨ ਵਰਗੇ ਵੱਖ-ਵੱਖ ਮਾਧਿਅਮਾਂ ਰਾਹੀਂ ਸਾਰੇ ਸਾਬਕਾ ਵਿਦਿਆਰਥੀਆਂ ਨਾਲ ਸੰਪਰਕ ਸਾਧਿਆ। ਇਸ ਅਮਲ ਦੌਰਾਨ ਬਹੁਤ ਸਾਰੇ ਸਾਬਕਾ ਵਿਦਿਆਰਥੀਆਂ ਨੇ ਆਪਣਾ ਅੱਪਡੇਟਡ ਡੇਟਾ ਪ੍ਰਦਾਨ ਕੀਤਾ ਹੈ। ਵਿਦਿਆਰਥੀਆਂ ਨੇ ਆਪਣੇ ਲਿੰਕਡ ਇਨ ਪ੍ਰੋਫਾਈਲਾਂ ਨੂੰ ਇਕੱਠਾ ਕੀਤਾ ਅਤੇ ਆਪਣੀ ਨਵੀਨਤਮ ਜਾਣਕਾਰੀ ਵੈਬਸਾਈਟ 'ਤੇ ਪਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਹ ਇੱਕ ਨਿਰੰਤਰ ਪ੍ਰਕਿਰਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ, ਸਾਰੇ ਸਾਬਕਾ ਵਿਦਿਆਰਥੀਆਂ ਦਾ ਅਪਡੇਟ ਕੀਤਾ ਡੇਟਾ ਵੈਬਸਾਈਟ 'ਤੇ ਅਪਲੋਡ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਕਦਮ ਵਿਦਿਆਰਥੀਆਂ ਦੀ ਇੰਟਰਨਸ਼ਿਪ ਅਤੇ ਪਲੇਸਮੈਂਟ ਵਿੱਚ ਮਦਦ ਕਰੇਗਾ।
ਉਨ੍ਹਾਂ ਹੋਰ ਵਧੇਰੇ ਸਾਬਕਾ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਕਿ ਉਹ ਵੈਬਸਾਈਟ 'ਤੇ ਆਪਣਾ ਨਵੀਨਤਮ ਡਾਟਾ ਅਪਲੋਡ ਕਰਨ। ਉਨ੍ਹਾਂ ਦੱਸਿਆ ਕਿ ਸਾਬਕਾ ਵਿਦਿਆਰਥੀਆਂ ਦੀ ਵੈੱਬਸਾਈਟ ਦਾ ਵੈੱਬਲਿੰਕ ਵਿਭਾਗ ਦੀ ਅਧਿਕਾਰਤ ਵੈੱਬਸਾਈਟ http://csc.punjabiuniversity.ac.in/ 'ਤੇ ਉਪਲਬਧ ਹੈ।
ਇਸ ਪ੍ਰੋਜੈਕਟ 'ਤੇ ਕੰਮ ਕਰਨ ਵਾਲੇ ਵਿਦਿਆਰਥੀਆਂ ਦੀ ਟੀਮ ਵਿੱਚ ਐਮ.ਸੀ. ਏ ਤੀਸਰੇ ਸਮੈਸਟਰ ਦੇ ਅਭਿਨਾਸ਼ ਅਤੇ ਹਰਮਨਦੀਪ ਸਿੰਘ ਸੱਗੂ ਅਤੇ ਐਮਸੀਏ ਸਮੈਸਟਰ ਪਹਿਲੇ ਦੇ ਵਿਦਿਆਰਥੀਆਂ ਵਿੱਚ ਕਨਿਕਾ ਭਾਟੀਆ, ਨਮਨ ਸ਼ਰਮਾ, ਵਰਿੰਦਰ ਕੌਰ, ਤਨਵੀਰ ਸਿੰਘ, ਕਿਰਨਦੀਪ ਕੌਰ, ਜਸਮੀਤ ਕੌਰ, ਨੌਨਿਧੀ, ਈਸ਼ਾ ਸੈਣੀ, ਵਾਸੂਦੇਵ, ਹਿਮਾਂਸ਼ੂ, ਸਿਮਰਨੂਰ ਕੌਰ, ਰੀਆ, ਸੁਖਦੀਪ ਸਿੰਘ, ਪੁਰਵਾਕ, ਨੰਦਿਨੀ ਗਾਭਾ, ਜਸਕੀਰਤ ਕੌਰ ਸ਼ਾਮਲ ਰਹੇ।
ਡੀਨ ਅਕਾਦਮਿਕ ਮਾਮਲੇ ਪ੍ਰੋ.ਮੁਲਤਾਨੀ ਅਤੇ ਰਜਿਸਟਰਾਰ, ਪ੍ਰੋ. ਸੰਜੀਵ ਪੁਰੀ ਨੇ ਨੇ ਵਿਭਾਗ ਮੁਖੀ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਅਤੇ ਪ੍ਰਸ਼ੰਸਾ ਕੀਤੀ।