ਸੰਸਦ ਮੈਂਬਰ ਅਰੋੜਾ ਅਤੇ ਜੋਰਵਾਲ ਨੇ ਮੀਟਿੰਗ ਵਿੱਚ ਹਲਵਾਰਾ ਹਵਾਈ ਅੱਡੇ ਅਤੇ ਈਐਸਆਈਸੀ ਨਾਲ ਸਬੰਧਤ ਮੁੱਦਿਆਂ ਦਾ ਜਾਇਜ਼ਾ ਲਿਆ
ਅਕਾਦਮਿਕ ਸੈਸ਼ਨ 2025-26 ਤੋਂ ਲੁਧਿਆਣਾ ਸ਼ਹਿਰ ਨੂੰ ਮਿਲਣਗੀਆਂ 100 ਹੋਰ ਐਮਬੀਬੀਐਸ ਸੀਟਾਂ
ਲੁਧਿਆਣਾ, 8 ਜਨਵਰੀ, 2025: ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਬੁੱਧਵਾਰ ਨੂੰ ਬੱਚਤ ਭਵਨ ਵਿਖੇ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦੀ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਏ.ਡੀ.ਸੀ., ਐਸ.ਡੀ.ਐਮ., ਸਿਵਲ ਸਰਜਨ ਅਤੇ ਦਫ਼ਤਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਲੋਕ ਨਿਰਮਾਣ ਵਿਭਾਗ, ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (ਐਨ.ਐਚ.ਏ.ਆਈ.), ਏਅਰਪੋਰਟ ਅਥਾਰਟੀ ਆਫ਼ ਇੰਡੀਆ (ਏ.ਏ.ਆਈ.), ਪੰਜਾਬ ਸੀਵਰੇਜ ਬੋਰਡ, ਰੇਲਵੇ, ਈ.ਐਸ.ਆਈ ਮੈਡੀਕਲ ਹਸਪਤਾਲ ਅਤੇ ਕਾਲਜ ਅਤੇ ਪ੍ਰਾਈਵੇਟ ਠੇਕੇਦਾਰਾਂ ਦੇ ਨੁਮਾਇੰਦੇ ਹਾਜ਼ਰ ਸਨ।
ਇਸ ਮੀਟਿੰਗ ਵਿੱਚ ਅਰੋੜਾ ਨੇ ਜਲੰਧਰ ਬਾਈਪਾਸ ਅਤੇ ਢੰਡਾਰੀ ਕਲਾਂ 'ਤੇ ਵੀ.ਯੂ.ਪੀ., ਹਾਈਵੇਅ ਦੇ ਨਾਲ ਸਾਈਕਲ ਟਰੈਕ, ਲੁਧਿਆਣਾ-ਬਠਿੰਡਾ ਹਾਈਵੇਅ, ਦਿੱਲੀ-ਅੰਮ੍ਰਿਤਸਰ-ਕਟੜਾ ਹਾਈਵੇ, ਐਲੀਵੇਟਿਡ ਹਾਈਵੇਅ ਦੇ ਨਾਲ ਪਾਰਕਿੰਗ ਸਪੇਸ, ਲੁਧਿਆਣਾ-ਖਰੜ ਹਾਈਵੇ 'ਤੇ ਮਿਸਿੰਗ ਲਿੰਕ (ਇੱਕ ਕਟਾਣੀ ਕਲਾਂ ਵਿਖੇ ਅਤੇ ਦੋ ਜਟਾਣਾ ਉਚਾ ਅਤੇ ਖਾਂਟ ਮਾਨਪੁਰ ਵਿਖੇ), ਸ਼ੇਰਪੁਰ ਦੇ ਨੇੜੇ ਸਰਵਿਸ ਰੋਡ 'ਤੇ ਪਾਣੀ ਭਰਨ ਦੀ ਸਥਿਤੀ, ਲੁਧਿਆਣਾ ਜ਼ਿਲੇ ਵਿੱਚ ਐਨਐਚਏਆਈ ਦੇ ਹੋਰ ਪ੍ਰੋਜੈਕਟਾਂ, ਸਿਵਲ ਹਸਪਤਾਲ ਲੁਧਿਆਣਾ ਦੇ ਅਪਗ੍ਰੇਡੇਸ਼ਨ, ਈਐਸਆਈਸੀ ਹਸਪਤਾਲ ਦਾ ਅਪਗ੍ਰੇਡੇਸ਼ਨ ਅਤੇ ਨਵੇਂ ਈਐਸਆਈਸੀ ਮੈਡੀਕਲ ਕਾਲਜ ਲੁਧਿਆਣਾ ਅਤੇ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਸਮੇਤ ਹੋਰ ਮੁੱਦਿਆਂ ਦੀ ਸਮੀਖਿਆ ਕੀਤੀ।
ਅਰੋੜਾ ਨੇ ਹਰੇਕ ਮੁੱਦੇ 'ਤੇ ਸਬੰਧਤ ਅਧਿਕਾਰੀਆਂ ਨਾਲ ਵਿਸਥਾਰ ਨਾਲ ਚਰਚਾ ਕੀਤੀ ਅਤੇ ਉਨ੍ਹਾਂ ਨੂੰ ਸਾਰੇ ਪ੍ਰੋਜੈਕਟਾਂ ਨੂੰ ਸਮਾਂ ਸੀਮਾ ਦੇ ਅੰਦਰ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਨੂੰ ਸਬੰਧਤ ਵਿਭਾਗੀ ਅਧਿਕਾਰੀਆਂ ਵੱਲੋਂ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ। ਅਰੋੜਾ ਨੇ ਪ੍ਰਗਤੀ 'ਤੇ ਡਿਪਟੀ ਕਮਿਸ਼ਨਰ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਪ੍ਰਸ਼ਾਸਨਿਕ ਪੱਧਰ 'ਤੇ ਆਉਣ ਵਾਲੇ ਸਾਰੇ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਜਲਦੀ ਹੱਲ ਕਰਨ ਲਈ ਕਿਹਾ। ਉਨ੍ਹਾਂ ਪ੍ਰਾਜੈਕਟਾਂ ਨੂੰ ਮੁਕੰਮਲ ਕਰਨ ਲਈ ਸਬੰਧਤ ਅਧਿਕਾਰੀਆਂ ਤੋਂ ਨਿਸ਼ਚਿਤ ਸਮਾਂ ਸੀਮਾ ਵੀ ਮੰਗੀ।
ਅਧਿਕਾਰੀਆਂ ਦੀ ਗੱਲ ਸੁਣਨ ਤੋਂ ਬਾਅਦ ਅਰੋੜਾ ਨੇ ਭਰੋਸਾ ਦਿੱਤਾ ਕਿ ਐਨਐਚਏਆਈ ਦੇ ਚੱਲ ਰਹੇ ਪ੍ਰੋਜੈਕਟਾਂ ਲਈ ਜ਼ਮੀਨ ਦੇ ਕਬਜ਼ੇ ਨਾਲ ਸਬੰਧਤ ਸਾਰੇ ਬਕਾਇਆ ਮਸਲਿਆਂ ਨੂੰ ਸਥਾਨਕ ਪ੍ਰਸ਼ਾਸਨ ਦੇ ਦਖਲ ਨਾਲ ਜਲਦੀ ਹੱਲ ਕੀਤਾ ਜਾਵੇਗਾ। ਉਨ੍ਹਾਂ ਵਿਸ਼ੇਸ਼ ਤੌਰ 'ਤੇ ਉਨ੍ਹਾਂ ਥਾਵਾਂ 'ਤੇ ਜ਼ਮੀਨਾਂ 'ਤੇ ਕਬਜ਼ਾ ਕਰਨ ਲਈ ਜ਼ੋਰ ਦਿੱਤਾ ਜਿੱਥੇ ਮੁਆਵਜ਼ਾ ਦਿੱਤਾ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰੇ ਸਬੰਧਤ ਵਿਭਾਗਾਂ ਨਾਲ ਸਹੀ ਤਾਲਮੇਲ ਕਰਕੇ ਕੰਮ ਵਿੱਚ ਤੇਜ਼ੀ ਲਿਆਉਣ। ਅਰੋੜਾ ਨੂੰ ਦੱਸਿਆ ਗਿਆ ਕਿ ਜ਼ਮੀਨ ਐਕੁਆਇਰ ਕਰਨ ਦੇ ਬਦਲੇ ਜ਼ਮੀਨ ਮਾਲਕਾਂ ਨੂੰ ਲੋੜੀਂਦੀ ਮੁਆਵਜ਼ਾ ਰਾਸ਼ੀ ਦਿੱਤੀ ਜਾ ਰਹੀ ਹੈ ਅਤੇ ਜਿੱਥੇ ਵੀ ਫੰਡ ਜਾਰੀ ਹੋਣੇ ਬਾਕੀ ਹਨ, ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ।
ਅਰੋੜਾ ਨੂੰ ਦੱਸਿਆ ਗਿਆ ਕਿ ਜਲੰਧਰ ਬਾਈਪਾਸ ਅਤੇ ਢੰਡਾਰੀ ਕਲਾਂ 'ਤੇ ਵੀ.ਯੂ.ਪੀ ਦਾ ਕੰਮ ਸ਼ੁਰੂ ਕਰਨ ਲਈ ਫਿਜ਼ੀਬਿਲਿਟੀ ਰਿਪੋਰਟ ਤਿਆਰ ਕਰ ਲਈ ਗਈ ਹੈ। ਇਸ ਫਿਜ਼ੀਬਿਲਿਟੀ ਰਿਪੋਰਟ ਦੇ ਅਨੁਸਾਰ, ਤਿੰਨ ਵੀ.ਯੂ.ਪੀ. ਉਸਾਰੀ ਲਈ ਵਿਹਾਰਕ ਪਾਏ ਗਏ ਹਨ। ਅਰੋੜਾ ਨੇ ਕਿਹਾ ਕਿ ਇਨ੍ਹਾਂ ਦੁਰਘਟਨਾਵਾਂ ਵਾਲੇ ਸਥਾਨਾਂ 'ਤੇ ਯਾਤਰੀਆਂ ਦੀ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਵੀ.ਯੂ.ਪੀ. ਬਹੁਤ ਮਾਤਪੂਰਨ ਹਨ। ਇਸ ਤੋਂ ਇਲਾਵਾ ਅਰੋੜਾ ਨੇ ਐੱਨ.ਐੱਚ.ਏ.ਆਈ. ਦੇ ਆਰ.ਓ ਵਿਪਨੇਸ਼ ਸ਼ਰਮਾ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਕਿ ਇਨ੍ਹਾਂ ਵੀ.ਯੂ.ਪੀਜ਼ ਲਈ ਟੈਂਡਰ ਪ੍ਰਕਿਰਿਆ ਇਸੇ ਮਹੀਨੇ ਸ਼ੁਰੂ ਹੋ ਜਾਵੇਗੀ। ਉਨ੍ਹਾਂ 26 ਕਿਲੋਮੀਟਰ ਲੰਬੇ ਸਾਈਕਲ ਟ੍ਰੈਕ (ਦੋਵੇਂ ਪਾਸੇ) 'ਤੇ ਕੀਤੇ ਨਜਾਇਜ ਕਬਜ਼ੇ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਵੀ ਦਿੱਤੇ। ਸਿੱਧਵਾਂ ਨਹਿਰ 'ਤੇ ਤਿੰਨ ਪੁਲ ਜੂਨ 2025 ਤੱਕ ਅਤੇ ਚੌਥਾ ਪੁਲ ਜੁਲਾਈ 2025 ਤੱਕ ਮੁਕੰਮਲ ਹੋ ਜਾਵੇਗਾ।
ਸਿਵਲ ਸਰਜਨ (ਸੀਐਸ), ਲੁਧਿਆਣਾ ਨੇ ਅਰੋੜਾ ਨੂੰ ਸੀਐਸਆਰ ਅਤੇ ਐਮਪੀਐਲਏਡੀ ਫੰਡਾਂ ਤਹਿਤ ਹਸਪਤਾਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਅਰੋੜਾ ਨੇ ਸਿਵਲ ਸਰਜਨ ਨੂੰ ਪੁੱਛਿਆ ਕਿ ਕੀ ਸਿਵਲ ਹਸਪਤਾਲ ਨੂੰ ਅਪਗ੍ਰੇਡ ਕਰਨ ਲਈ ਹੋਰ ਫੰਡਾਂ ਦੀ ਲੋੜ ਹੈ। ਉਨ੍ਹਾਂ ਨੇ ਸੀ.ਐਸ.ਐਸ ਨੂੰ ਹਦਾਇਤ ਕੀਤੀ ਕਿ ਅਗਲੇ ਮਹੀਨੇ ਸਾਰੇ ਕੰਮ ਮੁਕੰਮਲ ਕਰ ਲਏ ਜਾਣ ਅਤੇ ਸਾਰੇ ਅਲਾਟ ਕੀਤੇ ਫੰਡਾਂ ਦੀ ਵਰਤੋਂ ਮਿਆਰੀ ਕੰਮ ਨੂੰ ਯਕੀਨੀ ਬਣਾਉਣ ਲਈ ਕੀਤੀ ਜਾਵੇ। ਉਨ੍ਹਾਂ ਸਿਵਲ ਹਸਪਤਾਲ ਦੇ ਮੁੱਖ ਦੁਆਰ ਦੇ ਸੁੰਦਰੀਕਰਨ ਤੋਂ ਇਲਾਵਾ ਹੋਰ ਚੱਲ ਰਹੇ ਕੰਮਾਂ ਦੇ ਵੀ ਨਿਰਦੇਸ਼ ਦਿੱਤੇ। ਨਵਾਂ ਅਪਰੇਸ਼ਨ ਥੀਏਟਰ, ਸਿਵਲ ਵਰਕਸ ਅਤੇ ਹੋਰ ਨਿਰਮਾਣ ਕਾਰਜਾਂ ਸਮੇਤ ਸਮੁੱਚੀ ਸਿਵਲ ਅਪਗ੍ਰੇਡੇਸ਼ਨ 15 ਫਰਵਰੀ ਤੱਕ ਮੁਕੰਮਲ ਕਰ ਲਈ ਜਾਵੇਗੀ।
ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਕਿਹਾ ਕਿ ਸ਼ਹਿਰ ਨੂੰ ਅਗਲੇ ਅਕਾਦਮਿਕ ਸੈਸ਼ਨ (2025-26) ਦੌਰਾਨ 100 ਹੋਰ ਐਮਬੀਬੀਐਸ ਸੀਟਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਮੌਜੂਦਾ ਕੈਂਪਸ ਵਿੱਚ ਨਵੇਂ ਬਣੇ ਈਐਸਆਈ ਮੈਡੀਕਲ ਕਾਲਜ ਵਿੱਚ 50 ਐਮਬੀਬੀਐਸ ਸੀਟਾਂ ਸ਼ੁਰੂ ਕੀਤੀਆਂ ਜਾਣਗੀਆਂ ਅਤੇ ਡੀਐਮਸੀਐਚ, ਲੁਧਿਆਣਾ ਵਿੱਚ 50 ਐਮਬੀਬੀਐਸ ਸੀਟਾਂ ਸ਼ਾਮਲ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਇਹ ਸ਼ਹਿਰ ਲਈ ਵੱਡੀ ਪ੍ਰਾਪਤੀ ਹੋਵੇਗੀ।
ਇਸ ਮੌਕੇ ਅਰੋੜਾ ਨੇ ਏ.ਏ.ਆਈ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਹਲਵਾਰਾ ਹਵਾਈ ਅੱਡੇ ਦੇ ਟਰਮੀਨਲ ਦੇ ਮੁਕੰਮਲ ਹੋਣ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜਣ। ਏਏਆਈ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਰਿਪੋਰਟ ਇੱਕ ਹਫ਼ਤੇ ਵਿੱਚ ਭੇਜ ਦਿੱਤੀ ਜਾਵੇਗੀ। ਉਨ੍ਹਾਂ ਏ.ਏ.ਆਈ., ਪੀ.ਡਬਲਿਊ.ਡੀ., ਠੇਕੇਦਾਰਾਂ ਦੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ ਲੋੜੀਂਦੇ ਸਾਰੇ ਬਕਾਇਆ ਮੁੱਦਿਆਂ ਨੂੰ ਹੱਲ ਕੀਤਾ ਜਾਵੇ ਤਾਂ ਜੋ ਇਸ ਹਵਾਈ ਅੱਡੇ ਤੋਂ ਉਡਾਣਾਂ ਜਲਦੀ ਸ਼ੁਰੂ ਕਰਨ ਲਈ ਰਾਹ ਪੱਧਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਅਰੋੜਾ ਨੇ ਕਿਹਾ ਕਿ ਏਅਰ ਇੰਡੀਆ ਨੇ ਏਏਆਈ ਤੋਂ ਮਨਜ਼ੂਰੀ ਮਿਲਦੇ ਹੀ ਫਲਾਈਟਾਂ ਸ਼ੁਰੂ ਕਰਨ 'ਚ ਆਪਣੀ ਦਿਲਚਸਪੀ ਦਿਖਾਈ ਹੈ ਅਤੇ ਉਹ ਏਅਰਪੋਰਟ ਕੋਡ ਲਈ ਅਪਲਾਈ ਕਰਨ ਦੇ ਪ੍ਰਸਤਾਵ 'ਤੇ ਵੀ ਅੱਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਅਣਕਿਆਸੇ ਕਾਰਨਾਂ ਕਰਕੇ ਪ੍ਰੋਜੈਕਟ ਪਹਿਲਾਂ ਹੀ ਕਈ ਸਮਾਂ ਸੀਮਾਵਾਂ ਤੋਂ ਖੁੰਝ ਚੁੱਕਾ ਹੈ।