ਗੁਰਦਿਆਲ ਸਿੰਘ ਦਿਵਸ ਮੌਕੇ ਇਕੱਤਰਤਾ 10 ਨੂੰ - ਡਾ. ਰਵਿੰਦਰ ਰਵੀ ਹੋਣਗੇ ਮੁੱਖ ਬੁਲਾਰਾ
ਮਨਜੀਤ ਸਿੰਘ ਢੱਲਾ
ਜੈਤੋ, 8 ਜਨਵਰੀ 2025 : ਜਨਤਕ ਜਥੇਬੰਦੀਆਂ ਪੀਐੱਸਯੂ ਸ਼ਹੀਦ ਰੰਧਾਵਾ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਜੈਤੋ ਵੱਲੋਂ ਨਾਮਵਰ ਪੰਜਾਬੀ ਨਾਵਲਨਿਗਾਰ ਪ੍ਰੋਫੈਸਰ ਗੁਰਦਿਆਲ ਸਿੰਘ ਦਾ ਜਨਮ ਦਿਹਾੜਾ 10 ਜਨਵਰੀ ਨੂੰ ਮਨਾਉਣ ਸਬੰਧੀ ਇਕ ਮੀਟਿੰਗ ਮੀਟਿੰਗ ਕੀਤੀ ਗਈ।
ਇਹ ਜਾਣਕਾਰੀ ਦਿੰਦਿਆਂ ਰਵਿੰਦਰ ਰਵੀ ਸੇਵੇਵਾਲਾ ਅਤੇ ਨੱਥਾ ਸਿੰਘ ਰੋੜੀਕਪੂਰਾ ਨੇ ਕਿਹਾ ਕਿ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਦੀ ਪਾਈ ਹੋਈ ਪਿਰਤ ਨੂੰ ਅੱਗੇ ਤੋਰਦੇ ਹੋਏ ਹਰ ਸਾਲ ਦੀ ਤਰਾਂ ਇਸ ਸਾਲ ਵੀ ਗੁਰਦਿਆਲ ਸਿੰਘ ਦੇ ਜਨਮ ਦਿਹਾੜੇ ਮੌਕੇ 10 ਜਨਵਰੀ ਨੂੰ ਨਾਮਦੇਵ ਭਵਨ ਜੈਤੋ ਬਠਿੰਡਾ ਰੋਡ ਵਿਖੇ ਇਕੱਤਰਤਾ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਗੁਰਦਿਆਲ ਸਿੰਘ ਅਣਹੋਇਆ ਦਾ ਨਾਵਲਕਾਰ ਸੀ ਜਿਹਨਾਂ ਨੇ ਆਪਣੀ ਕਲਾ ਕਿਰਤਾਂ ਦਾ ਮੁੱਖ ਬਿੰਦੂ ਕਿਰਤੀ ਕਾਮਿਆਂ ਨੂੰ ਬਣਾਇਆ। ਉਹਨਾਂ ਦੀ ਸਾਹਿਤ ਸਿਰਜਣਾ ਲੋਕਾਈ ਦੇ ਪੱਖ ਦੀ ਸਿਰਜਣਾ ਹੈ। ਲੋਕਾਂ ਤੇ ਜੋਕਾਂ ਦੀ ਵੰਡ ਵਾਲੇ ਜਮਾਤੀ ਸਮਾਜ ਦੇ ਅੰਦਰ ਉਹ ਲੋਕਾਂ ਦੇ ਧੜੇ ਵਿੱਚ ਸ਼ਾਮਲ ਰਹੇ।ਉਹ ਦੱਬੇ ਕੁੱਚਲੇ ਲੋਕਾਂ ਦੇ ਸਾਹਿਤਕਾਰ ਹਨ। ਪੰਜਾਬੀ ਸਾਹਿਤ ਦੀ ਲੋਕ ਪੱਖੀ ਵਿਰਾਸਤ ਨੂੰ ਅੱਗੇ ਤੋਰਦਿਆਂ ਉਹਨਾਂ ਪੰਜਾਬੀ ਨਾਵਲਾਂ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਇਆ। ਪੰਜਾਬੀ ਨਾਵਲ ਵਿੱਚ ਉਹਨਾਂ ਦੀਆਂ ਪਾਈਆਂ ਪੈੜਾਂ ਅਮਿੱਟ ਹਨ। ਉਹਨਾਂ ਦੇ ਨਾਵਲਾਂ ਵਿਚ ਕਿਰਤੀਆਂ ਦੀ ਜ਼ਿੰਦਗੀ ਦੀ ਭਰਪੂਰ ਸਮੱਗਰੀ ਮੌਜੂਦ ਹੈ ਜੋ ਕੇ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣਦੀ ਹੈ।ਇਸ ਇਕੱਤਰਤਾ ਵਿੱਚ ਉਹਨਾਂ ਦੀ ਸਾਹਿਤਕ ਦੇਣ ਨੂੰ ਉਚਿਆਉਣ ਮੌਕੇ ਕਲਮ ਕਲਾ ਸੰਗਰਾਮ ਦੀ ਜੋਟੀ ਨੂੰ ਮਜ਼ਬੂਤ ਕਰਨ ਦਾ ਅਹਿਦ ਲਿਆ ਜਾਵੇਗਾ। ਉਹਨਾਂ ਇਲਾਕੇ ਦੇ ਸਭਨਾਂ ਸਾਹਿਤ ਪ੍ਰੇਮੀਆਂ, ਲੋਕ ਪੱਖੀ ਲਹਿਰ ਦੇ ਸੰਗੀ ਸਾਥੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ।