ਸਰਹਿੰਦ ਨਹਿਰ ਨੂੰ ਰੋਪੜ ਹੈੱਡਵਰਕਸ ਤੋਂ ਦੋ ਬੁਰਜੀਆ ਤੱਕ ਤਲ ਪੱਕਾ ਕੀਤਾ ਜਾਵੇਗਾ- ਐਸਡੀਓ ਨਹਿਰੀ ਵਿਭਾਗ
ਨਹਿਰ ਦੇ ਮੁੱਢ ਤੇ ਪੱਥਰ ਤੇ ਵਾਟਰ ਰਿਸੋਰਸ ਲਈ ਸੱਤ ਸਥਾਨਾਂ ਤੇ ਲਵਾਏ ਜਾ ਰਹੇ ਵੱਡੇ ਪਾਈਪ,, ਐਸਡੀਓ ਨਹਿਰੀ ਵਿਭਾਗ
ਜਿਲ੍ਹਾ ਰੂਪਨਗਰ ਦੇ ਵੱਖ-ਵੱਖ ਪਿੰਡਾਂ ਨੂੰ ਨਹਿਰੀ ਪਾਣੀ ਦੀ ਸਿੰਚਾਈ ਦੇਣ ਲਈ ਬੁੱਧਕੀ ਨਦੀ ਏਰੀਆ ਵਿੱਚ ਲੱਗੇਗਾ ਛੋਟਾ ਡੈਮ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 8 ਜਨਵਰੀ 2025: ਰੋਪੜ੍ਹ ਹੈੱਡਵਰਕਸ ਤੋਂ ਸਰਹਿੰਦ ਨਹਿਰ ਦੇ ਚਲ ਰਹੇ ਨਵੀਨੀਕਰਣ ਦੇ ਕਾਰਜਾਂ ਤੇ ਵੱਖ ਵੱਖ ਜਥੇਬੰਦੀਆਂ ਵੱਲੋਂ ਉਠਾਏ ਜਾ ਰਹੇ ਇਤਰਾਜ਼ ਸਬੰਧੀ ਨਹਿਰੀ ਵਿਭਾਗ ਦੇ ਐਕਸੀਅਨ ਦਮਨਦੀਪ ਸਿੰਘ ਅਤੇ ਐਸਡੀਓ ਲਲਿਤ ਗਰਗ ਨੇ ਕਿਹਾ ਕਿ ਜਰੂਰੀ ਸਟਰਕਚਰ ਦੇ ਕਾਰਨ ਰੂਪਨਗਰ ਹੈਡਵਰਕਸ ਤੋਂ ਲੈ ਕੇ ਅਗਲੀਆਂ ਸਿਰਫ ਦੋ ਬੁਰਜੀਆਂ ਤੱਕ ਨਹਿਰ ਦਾ ਤਲ ਪੱਕਾ ਕੀਤਾ ਜਾਣਾ ਹੈ ਉਸ ਤੋਂ ਅੱਗੇ ਨਹਿਰ ਦਾ ਤਲ ਪੱਕਾ ਨਹੀਂ ਕੀਤਾ ਜਾਵੇਗਾ ਸਿਰਫ ਕਿਨਾਰੇ ਪੱਕੇ ਕੀਤੇ ਜਾਣਗੇ।
ਇਸ ਪ੍ਰੋਜੈਕਟ ਤਹਿਤ ਰੂਪਨਗਰ ਹੈਡ ਵਰਕਸ ਜਿੱਥੋਂ ਨਹਿਰ ਦਾ ਪਾਣੀ ਆਊਟਲੈਟ ਹੁੰਦਾ ਹੈ ਉਥੋਂ ਕਰੀਬ 50 ਫੁੱਟ ਤੋਂ ਵੱਧ ਦਾ ਏਰੀਆ ਦੇ ਤਲ ਵਿੱਚ ਪੱਥਰ ਲਗਾਵਾਂਗੇ ਤੇ ਅਗਲੀਆਂ ਦੋ ਬੁਰਜੀਆਂ ਤੱਕ ਸੱਤ ਸਥਾਨਾਂ ਤੇ ਵੱਡੇ ਪਾਈਪ ਨਹਿਰ ਦੇ ਤਲ ਵਿੱਚ ਗੱਡੇ ਜਾਣਗੇ ਤਾਂ ਕਿ ਜਮੀਨ ਵਿੱਚ ਨਹਿਰੀ ਪਾਣੀ ਸੋਖ ਹੁੰਦਾ ਰਹੇ।
ਉਹਨਾਂ ਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਇਸ ਨਹਿਰ ਦਾ ਕਰੀਬ 25 ਕਿਲੋਮੀਟਰ ਦਾ ਏਰੀਆ ਪੈਂਦਾ ਹੈ।
ਜਿਸ ਦੇ ਤਹਿਤ ਅਸੀਂ ਰੋਪੜ ਹਲਕਾ ਤੇ ਜਿਲ੍ਹਾ ਰੂਪਨਗਰ ਦੇ ਵੱਖ-ਵੱਖ ਪਿੰਡਾਂ ਨੂੰ ਨਹਿਰੀ ਪਾਣੀ ਦੀ ਸਿੰਚਾਈ ਦੇਣ ਲਈ ਬੁੱਧਕੀ ਏਰੀਆ ਵਿੱਚ ਛੋਟਾ ਡੈਮ ਲਗਾ ਕੇ ਕਾਫੀ ਪਿੰਡਾਂ ਨੂੰ ਨਹਿਰੀ ਪਾਣੀ ਨਾਲ ਜੋੜਾਂਗੇ।
ਇਸ ਤੋਂ ਬਾਅਦ ਦਸ਼ਮੇਸ਼ ਕੈਨਾਲ ਨੂੰ ਇਹ ਨਹਿਰੀ ਪਾਣੀ ਨਾਲ ਜੋੜ ਕੇ ਬਹੁਤ ਸਾਰੇ ਪਿੰਡਾਂ ਦੀ ਨਹਿਰੀ ਮੰਗ ਨੂੰ ਵੀ ਪੂਰਾ ਕਰਾਂਗੇ।
ਇਸ ਮੌਕੇ ਪੰਜਾਬ ਮੋਰਚਾ ਦੇ ਆਗੂਆਂ ਦਾ ਵਫ਼ਦ ਕਨਵੀਨਰ ਗੌਰਵ ਰਾਣਾ ਦੀ ਅਗਵਾਈ ਵਿੱਚ ਹੈਡ ਵਰਕਸ ਰੂਪਨਗਰ ਵਿਖੇ ਪਹੁੰਚਿਆ।
ਜਿੱਥੇ ਜਮੀਨੀ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਉਕਤ ਆਗੂਆਂ ਨੇ ਮਾਮਲੇ ਦੀ ਸਥਿਤੀ ਸਪਸ਼ਟ ਕਰਨ ਲਈ ਨਹਿਰੀ ਵਿਭਾਗ ਦੇ ਐਕਸੀਅਨ ਦਮਨਦੀਪ ਸਿੰਘ ਤੇ ਐਸਡੀਓ ਲਲਿਤ ਗਰਗ ਦੇ ਨਾਲ ਮੀਟਿੰਗ ਕਰਕੇ ਤਮਾਮ ਹਾਲਾਤਾਂ ਦੀ ਜਾਣਕਾਰੀ ਲਈ।
ਆਗੂਆਂ ਨੇ ਨਹਿਰੀ ਮਹਿਕਮੇ ਦੇ ਅਧਿਕਾਰੀਆਂ ਅੱਗੇ ਸਪਸ਼ਟ ਸਟੈਂਡ ਰੱਖਦਿਆ ਕਿਹਾ ਵੀ ਜੇਕਰ ਦੋ ਬੁਰਜੀਆਂ ਤੱਕ ਵੀ ਤਲ ਪੱਕਾ ਕਰਨ ਦੇ ਨਾਲ ਸ਼ਹਿਰ ਦੇ ਪਾਣੀ ਦਾ ਪੱਧਰ ਗਿਰਿਆ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ।
ਇੱਥੇ ਵਰਨਣਯੋਗ ਹੈ ਕਿ ਪੰਜਾਬ ਮੋਰਚਾ ਰਾਹੀਂ ਬੀਤੇ ਇੱਕ ਸਾਲ ਫਰਵਰੀ 2024 ਤੋਂ ਰਾਣਾ ਕੁਲਦੀਪ ਸਿੰਘ ਰੈਸੜਾ ਅਤੇ ਨੀਰਜ ਰਾਣਾ ਦੀ ਅਗਵਾਈ ਵਿੱਚ 77 ਪਿੰਡਾਂ ਦੀਆਂ ਪੰਚਾਇਤਾਂ ਤੋਂ ਸਾਈਨ ਕਰਵਾ ਕੇ ਮੋਜੋਵਾਲ ਤੋਂ ਟਿੱਬਾ ਟੱਪਰੀਆਂ ਤੱਕ 200 ਤੋ ਵੱਧ ਪਿੰਡਾਂ ਦੇ ਲਈ ਨਹਿਰ ਬਣਾਉਣ ਦੇ ਮਾਮਲੇ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਐਸਡੀਓ ਲਲਿਤ ਗਰਗ ਨੇ ਕਿਹਾ ਕਿ ਸਾਡੇ ਵੱਲੋਂ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰਕੇ ਭੇਜ ਦਿੱਤੀਆਂ ਗਈਆਂ ਹਨ। ਤੇ ਜਿਵੇਂ ਹੀ ਸਾਨੂੰ ਉੱਚ ਅਧਿਕਾਰੀਆਂ ਤੇ ਹੈਡ ਆਫਿਸ ਤੋਂ ਮਨਜ਼ੂਰੀ ਮਿਲੇਗੀ ਉਸ ਨਹਿਰ ਉੱਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨਾਲ਼ ਗੱਲਬਾਤ ਕਰਦਿਆਂ ਨਹਿਰੀ ਵਿਭਾਗ ਦੇ ਅਧਿਕਾਰੀ ਲਲਿਤ ਗਰਗ ਨੇ ਦੱਸਿਆ ਕਿ ਲੋਕਾਂ ਦੀ ਭਾਰੀ ਮੰਗ ਨੂੰ ਦੇਖਦਿਆਂ ਵਿਭਾਗ ਨੇ ਪਹਿਲਾਂ ਹੀ ਨੰਗਲ ਤੋਂ ਰੂਪ ਨਗਰ ਦੇ ਅੱਗੇ ਤੱਕ 50 ਪੁਆਇੰਟ ਦੀ ਚੋਣ ਕਰਕੇ ਆਸ ਪਾਸ ਦੇ ਇਲਾਕੇ ਦੇ ਖੇਤਾਂ ਨੂੰ ਨਹਿਰੀ ਪਾਣੀ ਨਾਲ ਜੋੜਨ ਲਈ ਪ੍ਰਪੋਜਲ ਤਿਆਰ ਕਰ ਲਈ ਹੈ,ਤੇ ਪਹਿਲੀ ਕੜੀ ਵਿੱਚ ਅਪ੍ਰੈਲ ਤੱਕ ਅਨੰਦਪੁਰ ਸਾਹਿਬ ਇਲਾਕੇ ਦੇ 25 ਪਿੰਡਾਂ ਨੂੰ ਨਹਿਰੀ ਪਾਣੀ ਰਾਹੀਂ ਸਿੰਚਾਈ ਦਾ ਪਾਣੀ ਪ੍ਰਦਾਨ ਕਰ ਦਿੱਤਾ ਜਾਵੇਗਾ।