ਪੰਜਾਬ ਚੋਣ ਕੁਇਜ਼-2025" ਸਿਰਲੇਖ ਹੇਠ ਸੂਬਾ-ਪੱਧਰੀ ਕੁਇਜ਼ ਮੁਕਾਬਲਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ
ਪ੍ਰਤੀਯੋਗੀ ਰਜਿਸਟਰੇਸ਼ਨ ਕਰਨ ਸਮੇਂ ਯੋਗ ਸਹਾਇਕ ਦਸਤਾਵੇਜ ਆਧਾਰ ਕਾਰਡ/ਐਪਿਕ ਕਾਰਡ/ਸਕੂਲ ਜਾਂ ਕਾਲਜ ਆਈ.ਡੀ. ਜਰੂਰ ਕਰਨ ਅਪਲੋਡ
ਰਜਿਸਟ੍ਰੇਸ਼ਨ ਅਤੇ ਹੋਰ ਵੇਰਵਿਆਂ ਲਈ ਵੈਬਸਾਈਟ https://punjab.indiastatquiz.com/ 'ਤੇ ਕੀਤਾ ਜਾਵੇ ਲਾਗਇਨ
ਫਾਜ਼ਿਲਕਾ, 7 ਜਨਵਰੀ:
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ ਨੇ ਦੱਸਿਆ ਕਿ ਮੁੱਖ ਚੋਣ ਦਫ਼ਤਰ, ਪੰਜਾਬ ਵੱਲੋਂ 25 ਜਨਵਰੀ, 2025 ਨੂੰ ਮਨਾਏ ਜਾਣ ਵਾਲੇ ਕੌਮੀ ਵੋਟਰ ਦਿਵਸ ਮੌਕੇ "ਪੰਜਾਬ ਚੋਣ ਕੁਇਜ਼-2025" ਸਿਰਲੇਖ ਹੇਠ ਸੂਬਾ-ਪੱਧਰੀ ਕੁਇਜ਼ ਮੁਕਾਬਲਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ, ਚਾਹਵਾਨ ਉਮੀਦਵਾਰ 17 ਜਨਵਰੀ 2025 ਤੱਕ ਰਜਿਸਟਰ ਕਰ ਸਕਣਗੇ। ਆਨਲਾਈਨ ਕੁਇਜ਼ ਮੁਕਾਬਲਾ 19 ਜਨਵਰੀ, 2025 ਨੂੰ ਹੋਵੇਗਾ ਅਤੇ ਆਫ਼ਲਾਈਨ ਰਾਜ ਪੱਧਰੀ ਫਾਈਨਲ ਕੁਇਜ਼ ਮੁਕਾਬਲਾ ਲੁਧਿਆਣਾ ਵਿਖੇ 24 ਜਨਵਰੀ, 2025 ਨੂੰ ਹੋਵੇਗਾ।
ਉਨ੍ਹਾਂ ਕਿਹਾ ਕਿ ਪ੍ਰਤੀਯੋਗਿਤਾ ਵਿਚ ਭਾਗ ਲੈਣ ਵਾਲਿਆ ਵੱਲੋਂ ਆਨਲਾਈਨ ਰਜਿਸਟਰੇਸ਼ਨ ਕਰਨ ਸਮੇਂ ਯੋਗ ਸਹਾਇਕ ਦਸਤਾਵੇਜ (ਆਧਾਰ ਕਾਰਡ/ਐਪਿਕ ਕਾਰਡ/ਸਕੂਲ ਜਾਂ ਕਾਲਜ ਆਈ.ਡੀ.) ਜਰੂਰ ਅਪਲੋਡ ਕੀਤੇ ਜਾਣ। ਉਨ੍ਹਾਂ ਕਿਹਾ ਕਿ ਕੁਝ ਭਾਗੀਦਾਰਾਂ ਵੱਲੋਂ ਰਜਿਸਟਰੇਸ਼ਨ ਕਰਨ ਸਮੇਂ ਉਕਤ ਦਸਤਾਵੇਜ ਅਪਲੋਡ ਨਹੀਂ ਕੀਤੇ ਜਾ ਰਹੇ, ਜੋ ਕਿ ਅਪਲੋਡ ਕਰਨੇ ਲਾਜਮੀ ਹਨ। ਪ੍ਰਤੀਯੋਗਿਤਾ ਵਿਚ ਹਿੱਸਾ ਲੈਣ ਦੇ ਚਾਹਵਾਨ ਰਜਿਸਟ੍ਰੇਸ਼ਨ ਅਤੇ ਹੋਰ ਵੇਰਵਿਆਂ ਲਈ https://punjab.indiastatquiz.com/ 'ਤੇ ਲਾਗਇਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਤੀਯੋਗਿਤਾ ਵਿਚ ਭਾਗ ਲੈਣ ਲਈ ਵੋਟਰ ਵੱਧ ਤੋਂ ਵੱਧ ਰਜਿਸਟਰੇਸ਼ਨ ਕਰਨ ਤਾਂ ਜੋ ਵੋਟਾਂ ਦੇ ਮਹੱਤਵ ਤੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਫੈਲਾਈ ਜਾ ਸਕੇ।
ਉਨ੍ਹਾਂ ਦੱਸਿਆ ਕਿ ਪੰਜਾਬ ਚੋਣ ਕੁਇਜ਼-2025 ਦੋ ਪੜਾਵਾਂ ਵਿੱਚ ਕਰਵਾਇਆ ਜਾਵੇਗਾ ਅਤੇ ਪਹਿਲੇ ਪੜਾਅ ਅਧੀਨ ਜ਼ਿਲ੍ਹਾ ਪੱਧਰ ਦੇ ਜੇਤੂਆਂ ਦੀ ਚੋਣ ਲਈ ਆਨਲਾਈਨ ਕੁਇਜ਼ ਮੁਕਾਬਲਾ ਹੋਵੇਗਾ, ਜਿਸ ਤੋਂ ਬਾਅਦ ਦੂਜੇ ਪੜਾਅ ਅਧੀਨ 24 ਜਨਵਰੀ, 2025 ਨੂੰ ਲੁਧਿਆਣਾ ਵਿਖੇ ਇੱਕ ਔਫਲਾਈਨ ਫਾਈਨਲ ਮੁਕਾਬਲਾ ਕਰਵਾਇਆ ਜਾਵੇਗਾ, ਜਿੱਥੇ ਚੋਟੀ ਦੇ ਸਨਮਾਨਾਂ ਲਈ 23 ਜ਼ਿਲ੍ਹਾ ਪੱਧਰੀ ਜੇਤੂਆਂ ਦਾ ਮੁਕਾਬਲਾ ਹੋਵੇਗਾ। ਕੌਮੀ ਵੋਟਰ ਦਿਵਸ ਨੂੰ ਮਨਾਉਣ ਲਈ ਲੁਧਿਆਣਾ ਵਿਖੇ 25 ਜਨਵਰੀ, 2025 ਨੂੰ ਹੋਣ ਵਾਲੇ ਮੁੱਖ ਸਮਾਗਮ ਤੋਂ ਪਹਿਲਾਂ ਕਰਵਾਇਆ ਜਾਣ ਵਾਲਾ ਇਹ ਇਵੈਂਟ ਢੁਕਵਾਂ ਮਾਹੌਲ ਤਿਆਰ ਕਰੇਗਾ।
ਇਸ ਮੁਕਾਬਲੇ ਪ੍ਰਤੀ ਉਤਸ਼ਾਹ ਨੂੰ ਵਧਾਉਣ ਲਈ ਸੂਬਾ-ਪੱਧਰੀ ਜੇਤੂਆਂ ਲਈ ਆਕਰਸ਼ਕ ਇਨਾਮ ਜਿਵੇਂ ਕਿ ਲੈਪਟਾਪ, ਟੈਬਲੇਟ ਤੇ ਸਮਾਰਟ ਵਾਚ ਅਤੇ ਜ਼ਿਲ੍ਹਾ ਪੱਧਰੀ ਜੇਤੂਆਂ ਨੂੰ ਸਮਾਰਟਫ਼ੋਨ ਜਿੱਤਣ ਦਾ ਮੌਕਾ ਮਿਲੇਗਾ। ਇਹ ਇਨਾਮ ਵੰਡਣ ਦਾ ਉਦੇਸ਼ ਇਸ ਮੁਕਾਬਲੇ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਅਤੇ ਪ੍ਰਤੀਯੋਗੀਆਂ ਦੇ ਗਿਆਨ ਅਤੇ ਉਤਸ਼ਾਹ ਨੂੰ ਮਾਨਤਾ ਦੇਣਾ ਹੈ।