*ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਦੇ ਅਪਮਾਨ ਦੀ ਕੀਤੀ ਨਿਖੇਧੀ*
*ਪੈਨਸ਼ਨਰ ਮਸਲਿਆਂ ਲਈ ਲੜਦਿਆਂ ਦੇਸ਼ ਦੇ ਸੰਵਿਧਾਨ ਅਤੇ ਜਮਹੂਰੀਅਤ ਦੀ ਰਾਖੀ ਵੀ ਕਰਾਂਗੇ - ਦੌੜਕਾ*
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 7 ਜਨਵਰੀ,2025
ਪੰਜਾਬ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਸੋਮ ਲਾਲ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੀਟਿੰਗ ਹਾਲ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਦੌੜਕਾ, ਅਸ਼ੋਕ ਕੁਮਾਰ, ਜੋਗਾ ਸਿੰਘ, ਰਾਮ ਪਾਲ, ਰੇਸ਼ਮ ਲਾਲ, ਕਰਨੈਲ ਸਿੰਘ, ਚਰਨਜੀਤ ਸਿੰਘ, ਦੇਸ ਰਾਜ ਬੱਜੋਂ, ਪ੍ਰਿੰ ਧਰਮ ਪਾਲ, ਦੀਦਾਰ ਸਿੰਘ, ਸੁੱਚਾ ਰਾਮ, ਐਚ ਐਸ ਭਾਵੜਾ, ਰਾਮ ਲਾਲ, ਹਰਮੇਸ਼ ਸਿੰਘ, ਸਰਵਣ ਰਾਮ ਆਦਿ ਨੇ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਕੀਤੇ ਗਏ ਅਪਮਾਨ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਜੇ ਸੰਵਿਧਾਨ ਦੀ ਸੋਂਹ ਖਾ ਕੇ ਬਣੇ ਗ੍ਰਹਿ ਮੰਤਰੀ ਹੀ ਸੰਵਿਧਾਨ ਦੇ ਨਿਰਮਾਤਾ ਦਾ ਅਪਮਾਨ ਕਰਨਗੇ ਤਾਂ ਕੇਂਦਰ ਸਰਕਾਰ ਤੋਂ ਸੰਵਿਧਾਨ ਦੀ ਰਾਖੀ ਦੀ ਆਸ ਨਹੀਂ ਕੀਤੀ ਜਾ ਸਕਦੀ।ਆਗੂਆਂ ਨੇ ਸਾਲਾਂ ਤੋਂ ਲਟਕਦੇ ਪੈਨਸ਼ਨਰਾਂ ਦੇ ਮਸਲਿਆਂ ਦੇ ਹੱਲ ਲਈ ਸੰਘਰਸ਼ ਦੇ ਨਾਲ ਨਾਲ ਦੇਸ਼ ਦੀ ਆਜ਼ਾਦੀ, ਸੰਵਿਧਾਨ ਅਤੇ ਜਮਹੂਰੀਅਤ ਦੀ ਰਾਖੀ ਲਈ ਦ੍ਰਿੜਤਾ ਨਾਲ ਭਾਰਤੀ ਨਾਗਰਿਕ ਦੇ ਫਰਜ਼ ਨਿਭਾਉਣ ਦੀ ਅਪੀਲ ਕੀਤੀ।
ਪੈਨਸ਼ਨਰਾਂ ਨੇ 01 ਜਨਵਰੀ 2016 ਤੋਂ ਤਨਖਾਹ ਕਮਿਸ਼ਨ ਦੀਆਂ ਤਰੁਟੀਆਂ ਦੂਰ ਕਰਕੇ 125% ਮਹਿੰਗਾਈ ਭੱਤੇ 'ਤੇ 2.59 ਦਾ ਸਿਫਾਰਿਸ਼ ਕੀਤਾ ਗੁਣਾਂਕ ਲਾਗੂ ਕਰਨ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਜਾਰੀ ਕਰਨ, ਤਨਖਾਹ ਦੁਹਰਾਈ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇ ਬਕਾਏ ਜਾਰੀ ਕਰਨ, 20 ਸਾਲ ਦੀ ਸਰਵਿਸ ਬਾਅਦ ਪੂਰੇ ਪੈਨਸ਼ਨਰੀ ਲਾਭ ਜਾਰੀ ਕਰਨ, ਕੈਸ਼ ਲੈੱਸ ਹੈਲਥ ਸਕੀਮ ਸੋਧ ਕੇ ਲਾਗੂ ਕਰਨ, ਮੈਡੀਕਲ ਕਲੇਮ ਤੁਰੰਤ ਜਾਰੀ ਕਰਨ ਆਦਿ ਮੰਗਾਂ ਦਾ ਤੁਰੰਤ ਨਿਪਟਾਰਾ ਕਰਨ ਦੀ ਮੰਗ ਕੀਤੀ।
ਮੀਟਿੰਗ ਵਿੱਚ ਤੇਜਾ ਸਿੰਘ, ਸਰੂਪ ਲਾਲ, ਪ੍ਰਿੰ ਈਸ਼ਵਰ ਚੰਦਰ, ਬਖਤਾਵਰ ਸਿੰਘ, ਜੀਤ ਰਾਮ, ਹਰਮੇਸ਼ ਲਾਲ, ਹਰਦੇਵ ਕੁਮਾਰ, ਹਰਭਜਨ ਸਿੰਘ, ਸੁਰਜੀਤ ਰਾਮ, ਧੀਰ ਸਿੰਘ, ਕੁਲਦੀਪ ਭੁਰਜੀਆਂ, ਚਰਨ ਦਾਸ, ਨਿਰਮਲ ਦਾਸ, ਬਲਵਿੰਦਰ ਕੁਮਾਰ ਆਦਿ ਹਾਜ਼ਰ ਸਨ।