ਜਲੰਧਰ: ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਹੋਈ, ਜ਼ਿਲ੍ਹੇ ’ਚ ਕੁੱਲ 1647871
ਹਲਕਾ ਫਿਲੌਰ ’ਚ ਸਭ ਤੋਂ ਵੱਧ 200486 ਵੋਟਰ
ਜਲੰਧਰ, 7 ਜਨਵਰੀ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2025 ਦੇ ਆਧਾਰ ’ਤੇ ਤਿਆਰ ਵੋਟਰ ਸੂਚੀ ਦੀ ਅੱਜ ਅੰਤਿਮ ਪ੍ਰਕਾਸ਼ਨਾ ਕੀਤੀ ਗਈ, ਜਿਸ ਮੁਤਾਬਕ ਜ਼ਿਲ੍ਹੇ ਵਿੱਚ ਕੁੱਲ 1647871 ਵੋਟਰ ਹਨ। ਅੰਤਿਮ ਪ੍ਰਕਾਸ਼ਨਾਂ ਉਪਰੰਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਫੋਟੋ ਵੋਟਰ ਸੂਚੀ ਦੀ ਹਾਰਡ ਅਤੇ ਸਾਫ਼ਟ ਕਾਪੀ ਵੀ ਸੌਂਪੀ ਗਈ।
ਇਸ ਮੌਕੇ ਐਸ.ਡੀ.ਐਮ. ਬਲਬੀਰ ਰਾਜ ਸਿੰਘ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 1647871 ਵੋਟਰ ਹਨ, ਜਿਸ ਵਿੱਚ 854672 ਪੁਰਸ਼, 793148 ਮਹਿਲਾ ਅਤੇ 51 ਥਰਡ ਜੈਂਡਰ ਵੋਟਰ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਨਵੀਂ ਵੋਟਰ ਸੂਚੀ ਮੁਤਾਬਕ ਜ਼ਿਲ੍ਹੇ ਵਿੱਚ 76 ਐਨ.ਆਰ.ਆਈ. ਵੋਟਰ, 18-19 ਸਾਲ ਉਮਰ ਦੇ 27085 ਵੋਟਰ, 9709 ਦਿਵਿਆਂਗ ਵੋਟਰ ਅਤੇ 85 ਸਾਲ ਤੋਂ ਜ਼ਿਆਦਾ ਉਮਰ ਦੇ 13427 ਵੋਟਰ ਹਨ। ਇਸ ਤੋਂ ਇਲਾਵਾ ਸਰਵਿਸ ਵੋਟਰ ਸੂਚੀ ਦੀ ਪ੍ਰਕਾਸ਼ਨਾ ਵੀ ਕੀਤੀ ਗਈ, ਜਿਸ ਮੁਤਾਬਕ ਜ਼ਿਲ੍ਹੇ ਵਿੱਚ 1788 ਸਰਵਿਸ ਵੋਟਰ ਹਨ।
ਉਨ੍ਹਾਂ ਵਿਧਾਨ ਸਭਾ ਹਲਕਾ ਵਾਰ ਵੋਟਰਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਵੀਂ ਵੋਟਰ ਸੂਚੀ ਮੁਤਾਬਕ ਹਲਕਾ ਫਿਲੌਰ ਵਿੱਚ ਸਭ ਤੋਂ ਵੱਧ 200486 ਵੋਟਰ ਹਨ। ਜਦਕਿ ਹਲਕਾ ਨਕੋਦਰ ਵਿੱਚ 193523, ਸ਼ਾਹਕੋਟ 180459, ਕਰਤਾਰਪੁਰ 185742, ਜਲੰਧਰ ਪੱਛਮੀ 173271, ਜਲੰਧਰ ਕੇਂਦਰੀ 176423, ਜਲੰਧਰ ਉੱਤਰੀ 185397, ਜਲੰਧਰ ਛਾਉਣੀ 186989 ਅਤੇ ਹਲਕਾ ਆਦਮਪੁਰ ਵਿੱਚ 165581 ਵੋਟਰ ਹਨ।
ਜ਼ਿਕਰਯੋਗ ਹੈ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸੁਧਾਈ ਪ੍ਰੋਗਰਾਮ ਮੁਤਾਬਕ 29 ਅਕਤੂਬਰ 2024 ਨੂੰ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਗਈ ਸੀ, ਜਿਸ ’ਤੇ ਆਮ ਲੋਕਾਂ/ਵੋਟਰਾਂ ਪਾਸੋਂ 28 ਨਵੰਬਰ 2024 ਤੱਕ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਗਏ। ਪ੍ਰਾਪਤ ਦਾਅਵੇ ਅਤੇ ਇਤਰਾਜ਼ਾਂ ਦਾ ਨਿਪਟਾਰਾ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਨਿਰਧਾਰਿਤ 24 ਦਸੰਬਰ 2024 ਤੱਕ ਕੀਤਾ ਗਿਆ।
ਇਸ ਮੌਕੇ ਚੋਣ ਤਹਿਸੀਲਦਾਰ ਸੁਖਦੇਵ ਸਿੰਘ, ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।