ਪੰਜਾਬ ਇਲੈਕਸ਼ਨ ਕੁਇੱਜ਼-2025 ਲਈ ਆਨਲਾਈਨ ਰਜਿਸਟ੍ਰੇਸ਼ਨ 17 ਜਨਵਰੀ ਤੱਕ
ਮੁਕਾਬਲੇ ’ਚ ਭਾਗ ਲੈਣ ਲਈ ਭਾਗੀਦਾਰਾਂ ਨੂੰ ਜਮ੍ਹਾ ਕਰਵਾਉਣਾ ਹੋਵੇਗਾ ਆਪਣਾ ਵੋਟਰ ਸ਼ਨਾਖਤੀ ਕਾਰਡ/ ਆਧਾਰ ਕਾਰਡ/ਸਕੂਲ/ਕਾਲਜ ਵੱਲੋਂ ਜਾਰੀ ਪਛਾਣ ਪੱਤਰ: ਡਿਪਟੀ ਕਮਿਸ਼ਨਰ
ਨੌਜਵਾਨ ਵੋਟਰਾਂ ਨੂੰ ‘ਕੌਮੀ ਵੋਟਰ ਦਿਵਸ’ ਨੂੰ ਸਮਰਪਿਤ ਕਰਵਾਏ ਜਾ ਰਹੇ ਮੁਕਾਬਲੇ ’ਚ ਵੱਧ-ਚੜ੍ਹ ਕੇ ਭਾਗ ਲੈਣ ਦੀ ਕੀਤੀ ਅਪੀਲ
ਜਲੰਧਰ, 7 ਜਨਵਰੀ : ਵੋਟ ਦੀ ਮਹੱਤਤਾ ਬਾਰੇ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਵੱਲੋਂ ਕੌਮੀ ਵੋਟਰ ਦਿਵਸ ਨੂੰ ਸਮਰਪਿਤ ‘ਪੰਜਾਬ ਇਲੈਕਸ਼ਨ ਕੁਇੱਜ਼-2025’ ਤਹਿਤ ਆਨਲਾਈਨ ਅਤੇ ਆਫ਼ਲਾਈਨ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਲਈ 17 ਜਨਵਰੀ 2025 ਤੱਕ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨਲਾਈਨ ਇਲੈਕਸ਼ਨ ਕੁਇੱਜ਼ ਮੁਕਾਬਲਾ 19 ਜਨਵਰੀ ਨੂੰ ਅਤੇ ਰਾਜ ਪੱਧਰੀ ਆਫ਼ਲਾਈਨ ਮੁਕਾਬਲਾ 24 ਜਨਵਰੀ 2025 ਨੂੰ ਹੋਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਇਲੈਕਸ਼ਨ ਕੁਇੱਜ਼-2025 ਲਈ ਆਨਲਾਈਨ ਰਜਿਸਟ੍ਰੇਸ਼ਨ https://Punjab.indiastatquiz.com/ ’ਤੇ ਕਰਵਾਈ ਜਾ ਸਕਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਕਾਬਲੇ ਵਿੱਚ ਭਾਗ ਲੈਣ ਲਈ ਭਾਗੀਦਾਰਾਂ ਨੂੰ ਆਪਣਾ ਵੋਟਰ ਸ਼ਨਾਖਤੀ ਕਾਰਡ/ ਆਧਾਰ ਕਾਰਡ/ਸਕੂਲ/ਕਾਲਜ ਵਲੋਂ ਜਾਰੀ ਕੀਤਾ ਗਿਆ ਪਛਾਣ ਪੱਤਰ ਜਮ੍ਹਾ ਕਰਵਾਉਣਾ ਹੋਵੇਗਾ।
ਡਾ. ਅਗਰਵਾਲ ਨੇ ਦੱਸਿਆ ਕਿ ਪਹਿਲੇ ਗੇੜ ਵਿੱਚ ਜ਼ਿਲ੍ਹਾ ਪੱਧਰ ’ਤੇ ਜੇਤੂਆਂ ਦੀ ਪਹਿਚਾਣ ਆਨਲਾਈਨ ਮੁਕਾਬਲੇ ਤਹਿਤ ਕੀਤੀ ਜਾਵੇਗੀ ਅਤੇ ਫਾਈਨਲ ਆਫ਼ਲਾਈਨ ਮੁਕਾਬਲਾ 23 ਜ਼ਿਲ੍ਹਿਆਂ ਦੇ ਜੇਤੂਆਂ ਵਿਚਕਾਰ 24 ਜਨਵਰੀ 2025 ਨੂੰ ਲੁਧਿਆਣਾ ਵਿਖੇ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਪੱਧਰ ’ਤੇ ਪਹਿਲੀ ਪੁਜ਼ੀਸ਼ਨ ਹਾਸਲ ਕਰਨ ਵਾਲੇ ਜੇਤੂ ਨੂੰ ਸੀ.ਈ.ਓ. ਪੰਜਾਬ ਵੱਲੋਂ ਵਿੰਡੋ ਲੈਪਟਾਪ ਨਾਲ ਸਨਮਾਨਿਤ ਕੀਤਾ ਜਾਵੇਗਾ ਜਦਕਿ ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਜੇਤੂਆਂ ਨੂੰ ਕ੍ਰਮਵਾਰ ਐਂਡਰਾਇਡ ਟੈਬਲੈਟ ਅਤੇ ਸਮਾਰਟ ਵਾਚ ਦਿੱਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਨੌਜਵਾਨ ਵੋਟਰਾਂ ਨੂੰ ‘ਰਾਸ਼ਟਰੀ ਵੋਟਰ ਦਿਵਸ’ ਨੂੰ ਸਮਰਪਿਤ ਕਰਵਾਏ ਜਾ ਰਹੇ ਮੁਕਾਬਲੇ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਦੀ ਅਪੀਲ ਕੀਤੀ।