Babushahi Special: ‘ਆਪ’ ਵਿਧਾਇਕ ਗਿੱਲ ਤੇ ਆਪ ਉਮੀਦਵਾਰ ਭਿੜਦੇ-ਭਿੜਦੇ ਬਚੇੇ
ਅਸ਼ੋਕ ਵਰਮਾ
ਬਠਿੰਡਾ ,20ਦਸੰਬਰ 2024: ਬਠਿੰਡਾ ਸ਼ਹਿਰ ਵਿੱਚ ਨਗਰ ਨਿਗਮ 48 ਦੇ ਵਾਰਡ ਲਈ ਜਿਮਨੀ ਚੋਣ ਲਈ ਪ੍ਰਚਾਰ ਬੰਦ ਹੋਣ ਮਗਰੋਂ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਵੀਰਵਾਰ ਦੇਰ ਸ਼ਾਮ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਗਿੱਲ ਅਤੇ ਵਾਰਡ ਤੋਂ ‘ਆਪ’ ਉਮੀਦਵਾਰ ਪਦਮਜੀਤ ਮਹਿਤਾ ਆਪਸ ’ਚ ਭਿੜਦੇ ਭਿੜਦੇ ਬਚੇ। ਇਸ ਮੌਕੇ ਦੋਵਾਂ ਧਿਰਾਂ ਵਿਚਕਾਰ ਗਰਮਾ ਗਰਮੀ ਹੋਣ ਕਰਕੇ ਮਾਹੌਲ ਤਣਾਓ ਵਾਲਾ ਬਣ ਗਿਆ। ਪੁਲੀਸ ਦੀ ਗੈਰਹਾਜ਼ਰੀ ਵਿੱਚ ਜਦੋਂ ਮਾਮਲਾ ਭਖਣ ਲੱਗਾ ਤਾਂ ਆਮ ਲੋਕਾਂ ਨੇ ਵਿੱਚ ਪੈ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਾਇਆ। ਇਸ ਸਬੰਧ ’ਚ ਇੱਕ ਵੀਡੀਓ ਵੀ ਸਾਹਮਣੇ ਆਂਈ ਹੈ ਜੋ ਫੇੇਸਬੁੱਕ ਲਾਈਵ ਦੀ ਹੈ । ਵੀਡੀਓ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਸਿੰਘ ਮਹਿਤਾ ਅਤੇ ਵਿਧਾਇਕ ਜਗਰੂਪ ਗਿੱਲ ਵਿਚਾਲੇ ਬਹਿਸ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਦੋਸ਼ਾਂ ਦਾ ਦੌਰ ਚਲਦਾ ਨਜ਼ਰ ਆਉਂਦਾ ਹੈ।
ਦਰਅਸਲ ਇਸ ਵਿਵਾਦ ਦੀ ਉਦੋਂ ਸ਼ੁਰੂਆਤ ਹੋਈ ਜਦੋਂ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਉਨ੍ਹਾਂ ਦਾ ਭਤੀਜਾ ਸੁਖਦੀਪ ਸਿੰਘ ਢਿੱਲੋਂ ਐਫਸੀਆਈ ਕਲੋਨੀ ਤੇ ਅਰਜੁਨ ਨਗਰ ਵਿੱਚ ਰਹਿੰਦੇ ਕੱੁਝ ਪ੍ਰੀਵਾਰਾਂ ਦਾ ਹਾਲ-ਚਾਲ ਪੁੱਛਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਗਏ ਸਨ। ਚੋਣਾਂ ਦਾ ਮਹੌਲ ਹੋਣ ਕਾਰਨ ਕਿਸੇ ਭੰਨ ਤੋੜ ਦੇ ਖਦਸ਼ੇ ਕਾਰਨ ਇਸੇ ਦੌਰਾਨ ’ਆਪ’ ਉਮੀਦਵਾਰ ਪਦਮਜੀਤ ਮਹਿਤਾ ਆਪਣੇ ਸਮਰਥਕਾਂ ਨਾਲ ਮੌਕੇ ’ਤੇ ਪੁੱਜੇ ਅਤੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਇਕ ਵੋਟਰਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਆਮ ਆਦਮੀ ਪਾਰਟੀ ਖਿਲਾਫ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਦਮਜੀਤ ਮਹਿਤਾ ਨੇ ਦਾਅਵਾ ਕੀਤਾ ਕਿ ਵਿਧਾਇਕ ਚੋਣ ਲਾਹੇ ਲਈ ਦੇਰ ਰਾਤ ਜਨਤਕ ਮੀਟਿੰਗਾਂ ਕਰ ਰਹੇ ਹਨ। ਇਸ ਮੌਕੇ ਮਹਿਤਾ ਨੇ ਆਪਣੀ ਗੱਲ ਜਾਰੀ ਰੱਖੀ ਪਰ ਵਿਧਾਇਕ ਆਪਣੇ ਸੁਭਾਅ ਮੁਤਾਬਕ ਸ਼ਾਂਤ ਹੀ ਰਹੇ।
ਇਸੇ ਦੌਰਾਨ ਕਿਸੇ ਨੇ ਫੋਨ ਰਾਹੀਂ ਮਾਮਲੇ ਦੀ ਜਾਣਕਾਰੀ ਪੁਲਿਸ ਕਟਰੋਲ ਰੂਮ ਨੂੰ ਦੇ ਦਿੱਤੀ । ਸੂਚਨਾ ਮਿਲਦੇ ਹੀ ਪੁਲਸ ਮੌਕੇ ’ਤੇ ਪਹੁੰਚੀ ਪਰ ਉਦੋਂ ਤੱਕ ਮਾਮਲਾ ਸ਼ਾਂਤ ਹੋ ਚੁੱਕਿਆ ਸੀ ਅਤੇ ਦੋਵੇਂ ਧਿਰਾਂ ਉੱਥੋਂ ਚਲੀਆਂ ਗਈਆਂ ਸਨ। ਵਿਧਾਇਕ ਜਗਰੂਪ ਗਿੱਲ ਨੇ ਆਪਣੇ ’ਤੇ ਲਾਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਹ ਕੋਈ ਜਨਤਕ ਮੀਟਿੰਗ ਕਰਨ ਨਹੀਂ ਗਏ ਸਗੋਂ ਆਪਣੇ ਵਾਰਡ ਦੇ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦਾ ਹਾਲ-ਚਾਲ ਜਾਨਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਇਲਾਕਾ ਵਾਸੀਆਂ ਨੂੰ ਮਿਲਦੇ ਰਹਿੰਦੇ ਹਨ ਅਤੇ ਅੱਜ ਵੀ ਅਜਿਹਾ ਹੀ ਹੋਇਆ ਹੈ । ‘ਆਪ’ ਉਮੀਦਵਾਰ ਪਦਮਜੀਤ ਮਹਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਿਧਾਇਕ ਇਲਾਕੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ ਜਿਸ ਕਰਕੇ ਉਹ ਆਪਣੇ ਸਮਰਥਕਾਂ ਨਾਲ ਉਥੇ ਪਹੁੰਚੇ ਸਨ।
ਉਨ੍ਹਾਂ ਦਾਅਵੇ ਨਾਲ ਕਿਹਾ ਕਿ ਉਸ ਨੇ ਕੋਈ ਹੰਗਾਮਾ ਜਾਂ ਝਗੜਾ ਨਹੀਂ ਕੀਤਾ ਹੈ। ਥਾਣਾ ਕੈਨਾਲ ਕਾਲੋਨੀ ਦੇ ਮੁੱਖ ਥਾਣਾ ਅਫਸਰ ਹਰਬੰਸ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਅਰਜੁਨ ਨਗਰ ’ਚ ਹੰਗਾਮਾ ਹੋਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ ਜਦੋਂ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਤਾਂ ਉੱਥੇ ਕਿਸੇ ਕਿਸਮ ਦਾ ਕੋਈ ਵਿਵਾਦ ਨਹੀਂ ਸੀ। ਸਥਾਨਕ ਲੋਕਾਂ ਦਾ ਵੀ ਇਹੋ ਕਹਿਣਾ ਹੈ ਕਿ ਵਿਧਾਇਕ ਸਿਰਫ ਹਾਲ-ਚਾਲ ਪੁੱਛਣ ਆਏ ਸਨ ਅਤੇ ਕੋਈ ਜਨਤਕ ਮੀਟਿੰਗ ਨਹੀਂ ਕੀਤੀ ਜਾ ਰਹੀ ਸੀ। ਦਰਅਸਲ ਵਾਰਡ ਨੰਬਰ 48 ਦੀ ਜਿਮਨੀ ਚੋਣ ਲਈ ਵੀਰਵਾਰ ਸ਼ਾਮ ਨੂੰ ਜਨਤਕ ਤੌਰ ਤੇ ਮੀਟਿੰਗਾਂ,ਰੈਲੀਆਂ ਆਦਿ ਰਾਹੀਂ ਚੋਣ ਪ੍ਰਚਾਰ ਕਰਨ ਦਾ ਸਿਲਸਿਲਾ ਬੰਦ ਹੋ ਗਿਆ ਸੀ। ਇਸ ਤੋਂ ਬਾਅਦ ਉਮੀਦਵਾਰਾਂ ਘਰੋ ਘਰੀਂ ਜਾਕੇ ਵੋਟਰਾਂ ਨੂੰ ਵੋਟਾਂ ਪਾਉਣ ਲਈ ਅਪੀਲ ਕਰ ਸਕਦੇ ਹਨ ਪਰ ਖੁੱਲ੍ਹੇਆਮ ਅਜਿਹਾ ਨਹੀਂ ਕੀਤਾ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਵਾਰਡ ਨੰਬਰ 48 ਦੀ ਜਿਮਨੀ ਚੋਣ ਤੋਂ ਐਨ ਪਹਿਲਾਂ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਸ਼ੋਮਣੀ ਅਕਾਲੀ ਦਲ ਨੂੰ ਝਟਕਾ ਦਿੰਦਿਆਂ ਅਕਾਲੀ ਦਲ ਦੇ ਸਰਕਲ ਪ੍ਰਧਾਨ ਬਲਵਿੰਦਰ ਸਿੰਘ ਬਿੰਦਰ ਨੂੰ ਪਾਰਟੀ ਪ੍ਰਧਾਨ ਅਮਨ ਅਰੋੜਾ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ’ਚ ਸ਼ਾਮਲ ਕਰਵਾਇਆ ਸੀ। ਸ਼ਮੂਲੀਅਤ ਦੀ ਸ਼ਰਤ ਅਨੁਸਾਰ ਅਮਨ ਅਰੋੜਾ ਨੇ ਬਿੰਦਰ ਨੂੰ ਵਾਰਡ ਨੰਬਰ 48 ਤੋਂ ਉਮੀਦਵਾਰ ਐਲਾਨ ਦਿੱਤਾ। ਇਸੇ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਆਪਣੇ ਪੁੱਤਰ ਪਦਮਜੀਤ ਮਹਿਤਾ ਲਈ ਟਿਕਟ ਲੈ ਆਏ। ਨਰਾਜ਼ ਹੋਏ ਗਿੱਲ ਨੇ ਪਾਰਟੀ ਉਮੀਦਵਾਰ ਦੀ ਹਮਾਇਤ ਤੋਂ ਅਜਿਹਾ ਪਾਸਾ ਵੱਟਿਆ ਕਿ ਸੂਬਾ ਪ੍ਰਧਾਨ ਅਮਨ ਅਰੋੜਾ ਦੀ ਰੈਲੀ ਵਿੱਚ ਵੀ ਸ਼ਾਮਲ ਨਹੀਂ ਹੋੲ। ਇਸ ਨੇ ਰੱਫੜ ਵਧਾ ਦਿੱਤਾ ਜਿਸ ਕਰਕੇ ਹੀ ਵੀਰਵਾਰ ਨੂੰ ਦੋਵੇਂ ਧਿਰਾਂ ਆਹਮਣੋ ਸਾਹਮਣੇ ਹੋਈਆਂ ਹਨ।
ਕਿਓਂ ਹੋਈ ਵਾਰਡ ਦੀ ਜਿਮਨੀ ਚੋਣ
ਸਾਲ 2021 ਦੌਰਾਨ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਮੌਕੇ ਵਾਰਡ ਨੰਬਰ 48 ਤੋਂ ਕਾਂਗਰਸੀ ਆਗੂ ਜਗਰੂਪ ਗਿੱਲ ਨੇ ਚੋਣ ਜਿੱਤੀ ਸੀ। ਉਦੋਂ ਉਮੀਦ ਸੀ ਕਿ ਸ਼ਹਿਰੀ ਹਲਕੇ ਦੇ ਤੱਤਕਾਲੀ ਵਿਧਾਇਕ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਜਗਰੂਪ ਗਿੱਲ ਨੂੰ ਮੇਅਰ ਬਨਾਉਣਗੇ। ਇਸ ਦੇ ਉਲਟ ਪਹਿਲੀ ਵਾਰ ਚੋਣ ਜਿੱਤੀ ਸ਼ਰਾਬ ਕਾਰੋਬਾਰੀ ਦੀ ਪਤਨੀ ਰਮਨ ਗੋਇਲ ਨੂੰ ਮੇਅਰ ਬਣਾ ਦਿੱਤਾ ਜੋ ਗਿੱਲ ਦੀ ਨਰਾਜ਼ਗੀ ਦਾ ਕਾਰਨ ਬਣ ਗਿਆ। ਕੁੱਝ ਕਾਂਗਰਸੀਆਂ ਵੱਲੋਂ ਵਿੱਢੇ ਭੰਡੀ ਪ੍ਰਚਾਰ ਨੇ ਬਲਦੀ ਤੇ ਅਜਿਹਾ ਤੇਲ ਪਾਇਆ ਕਿ ਗਿੱਲ ਨੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰਕੇ ਵਿਧਾਨ ਸਭਾ ਚੋਣਾਂ ਮੌਕੇ ਮਨਪ੍ਰੀਤ ਬਾਦਲ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ। ਕੌਂਸਲਰ ਵਜੋਂ ਦਿੱਤੇ ਅਸਤੀਫੇ ਕਾਰਨ ਹੁਣ ਇਹ ਜਿਮਨੀ ਚੋਣ ਕਰਵਾਈ ਜਾ ਰਹੀ ਹੈ।