ਹਸਪਤਾਲ ਅਮਲੋਹ ਵਿਖੇ ਚਾਰ ਮਾਹਿਰ ਡਾਕਟਰ ਤਾਇਨਾਤ - ਸਿਵਲ ਸਰਜਨ
ਦੀਦਾਰ ਗੁਰਨਾ
ਅਮਲੋਹ/ਫ਼ਤਹਿਗੜ੍ਹ ਸਾਹਿਬ :-05 ਫਰਵਰੀ 2025 - ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਨੇ ਕਮਿਊਨਿਟੀ ਸਿਹਤ ਕੇਂਦਰ ਅਮਲੋਹ ਵਿੱਚ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਤਾਇਨਾਤੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਵਿੱਚ ਮੈਡੀਸਨ ਦੇ ਮਾਹਿਰ, ਬੱਚਿਆਂ ਦੇ ਮਾਹਿਰ, ਔਰਤ ਰੋਗਾਂ ਦੇ ਮਾਹਿਰ, ਬੇਹੋਸ਼ੀ ਦੇ ਮਾਹਿਰ ਆਦਿ ਚਾਰ ਮਾਹਿਰ ਡਾਕਟਰ ਤਾਇਨਾਤ ਹਨ।
ਉਹਨਾਂ ਦੱਸਿਆ ਕਿ ਸਿਹਤ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਹੋਰਾਂ ਸਿਹਤ ਕੇਂਦਰਾਂ ਤੋਂ ਵੀ ਸਮੇਂ ਸਮੇਂ ਤੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਡਿਊਟੀ ਲਗਾਈ ਜਾਂਦੀ ਹੈ, ਤਾਂ ਕਿ ਆਮ ਲੋਕਾਂ ਨੂੰ ਸਿਹਤ ਸੇਵਾਵਾ ਲੈਣ ਵਿੱਚ ਕੋਈ ਦਿੱਕਤ ਨਾ ਆਵੇ । ਉਹਨਾਂ ਇਹ ਵੀ ਦੱਸਿਆ ਕਿ ਸਿਹਤ ਕੇਂਦਰਾਂ ਦੀ ਵਕੈਂਸੀ ਪੋਜੀਸ਼ਨ ਹਰ ਮਹੀਨੇ ਉੱਚ ਅਧਿਕਾਰੀਆਂ ਨੂੰ ਭੇਜੀ ਜਾਂਦੀ ਹੈ ਤਾਂ ਕਿ ਲੋੜ ਅਨੁਸਾਰ ਮੈਡੀਕਲ ਅਤੇ ਪੈਰਾਮੈਡੀਕਲ ਦੀ ਤਾਇਨਾਤੀ ਕਰਵਾਈ ਜਾ ਸਕੇ।
ਉਹਨਾਂ ਇਹ ਵੀ ਦੱਸਿਆ ਕਿ ਨਵੀਂ ਭਰਤੀ ਤਹਿਤ ਜਿਲ੍ਹੇ ਵਿੱਚ ਤਾਇਨਾਤ ਕੀਤੇ ਜਾਣ ਵਾਲੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨੂੰ ਸੀਐਚਸੀ ਅਮਲੋਹ ਵਿਖੇ ਵੀ ਲਗਾਇਆ ਜਾਵੇਗਾ ਤਾਂ ਕਿ ਇਲਾਕੇ ਵਿੱਚ ਸਿਹਤ ਸੇਵਾਵਾਂ ਨੂੰ ਹੋਰ ਵਧੀਆ ਢੰਗ ਨਾਲ ਪ੍ਰਦਾਨ ਕੀਤਾ ਜਾ ਸਕੇ। ਉਹਨਾਂ ਇਹ ਵੀ ਦੱਸਿਆ ਕਿ ਉਥੋਂ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਵੀ ਉਹਨਾਂ ਵੱਲੋਂ ਹਿਦਾਇਤ ਕੀਤੀ ਗਈ ਹੈ ਕੇ ਸਿਹਤ ਸਟਾਫ ਨੂੰ ਛੁੱਟੀ ਨਾ ਦਿੱਤੀ ਜਾਵੇ ਬਹੁਤ ਜਰੂਰੀ ਕੰਮ ਹੋਣ ਦੀ ਹਾਲਤ ਵਿੱਚ ਹੀ ਛੁੱਟੀ ਸੈਕਸ਼ਨ ਕੀਤੀ ਜਾਵੇ ਤੇ ਛੁੱਟੀ ਤੇ ਜਾਣ ਵਾਲੇ ਸਟਾਫ ਦੀ ਥਾਂ ਤੇ ਬਦਲਵਾਂ ਪ੍ਰਬੰਧ ਕੀਤਾ ਜਾਵੇ ਤਾਂਕਿ ਇਲਾਜ ਕਰਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।