ਅੱਖਾਂ ਦਾਨ ਪੰਦਰਵਾੜੇ ਸਿਹਤ ਵਿਭਾਗ ਨਥਾਣਾ ਨੇ ਵੱਖ-ਵੱਖ ਥਾਵਾਂ ਤੇ ਚਲਾਈ ਜਾਗਰੂਕਤਾ ਮੁਹਿੰਮ
ਅਸ਼ੋਕ ਵਰਮਾ
ਨਥਾਣਾ, 29 ਅਗਸਤ 2025 :ਸਿਹਤ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਡਾਕਟਰ ਤਪਿੰਦਰਜੋਤ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਸਿਹਤ ਵਿਭਾਗ ਨਥਾਣਾ ਵੱਲੋਂ ਅੱਖਾਂ ਦਾਨ ਕਰਨ ਸਬੰਧੀ ਪੰਦਰਵਾੜਾ ਮਿਤੀ 25 ਅਗਸਤ ਤੋਂ 8 ਸਤੰਬਰ 2025 ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਡਾਕਟਰ ਸਰਾਂ ਨੇ ਦੱਸਿਆ ਕਿ ਇਹ ਪੰਦਰਵਾੜਾ ਮਨਾਉਣ ਦਾ ਮਕਸਦ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਸਬੰਧੀ ਪ੍ਰੇਰਿਤ ਕਰਨਾ ਹੈ। ਉਹਨਾਂ ਦੱਸਿਆ ਕਿ ਇਸ ਪੰਦਰਵਾੜੇ ਦੌਰਾਨ ਸਿਹਤ ਵਿਭਾਗ ਦੇ ਸਮੂਹ ਸਟਾਫ਼ ਵੱਲੋਂ ਲੋਕਾਂ ਨੂੰ ਮਰਨ ਉਪਰੰਤ ਅੱਖਾਂ ਦਾਨ ਕਰਨ ਦੇ ਨਾਲ ਨਾਲ ਅੱਖਾਂ ਦੀਆਂ ਬਿਮਾਰੀਆਂ, ਅੰਨ੍ਹੇਪਣ ਦੇ ਕਾਰਣ ਅਤੇ ਇਲਾਜ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਆਮ ਲੋਕਾਂ, ਮੀਡੀਆ ਅਤੇ ਸਵੈ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਮਰਨ ਉਪਰੰਤ ਵੱਧ ਤੋਂ ਵੱਧ ਅੱਖਾਂ ਦਾਨ ਕੀਤੀਆਂ ਜਾਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਹਤ ਵਿਭਾਗ ਦਾ ਸਹਿਯੋਗ ਦਿੱਤਾ ਜਾਵੇ।
ਇਸ ਸਬੰਧੀ ਜਾਗਰੂਕਤਾ ਕੈਂਪ ਦੌਰਾਨ ਅੱਖਾਂ ਦੇ ਮਾਹਿਰ ਡਾਕਟਰ ਵੀਨੂ ਭਾਟੀਆ ਨੇ ਦੱਸਿਆ ਕਿ ਚਿੱਟੇ ਅਤੇ ਕਾਲੇ ਮੋਤੀਆ ਦੇ ਕਾਰਨ ਲੋਕ ਸਥਾਈ ਅਤੇ ਅਸਥਾਈ ਤੌਰ ‘ਤੇ ਅੰਨ੍ਹੇਪਣ ਦਾ ਸ਼ਿਕਾਰ ਹੋ ਰਹੇ ਹਨ। ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਘੱਟ ਹੋਣ ਕਾਰਨ ਅੰਨ੍ਹੇਪਣ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਹਰ ਸਾਲ ਵਧ ਰਹੀ ਹੈ।
ਅੱਖਾਂ ਦਾਨ ਕਰਨ ਵਾਲਾ ਇੱਕ ਵਿਅਕਤੀ ਦੋ ਲੋਕਾਂ ਨੂੰ ਰੌਸ਼ਨੀ ਦੇ ਸਕਦਾ ਹੈ।ਕੋਈ ਵੀ ਵਿਅਕਤੀ ਕਿਸੇ ਵੀ ਉਮਰ ਵਿੱਚ ਭਾਵੇਂ ਅੱਖਾਂ ਵਿੱਚ ਲੈਂਜ ਪਾਏ ਹੋਣ, ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਅਪ੍ਰੇਸ਼ਨ ਕੀਤਾ ਹੋਵੇ ਤਾਂ ਵੀ ਅੱਖਾਂ ਦਾਨ ਕਰ ਸਕਦਾ ਹੈ। ਉਹਨਾਂ ਕਿਹਾ ਕਿ ਏਡਜ, ਕਾਲਾ ਪੀਲੀਆ, ਦਿਮਾਗੀ ਬੁਖਾਰ ਅਤੇ ਬਲੱਡ ਕੈਂਸਰ ਵਾਲੇ ਮਰੀਜ਼ਾਂ ਦੀਆਂ ਅੱਖਾਂ ਦਾਨ ਨਹੀਂ ਕੀਤੀਆਂ ਜਾ ਸਕਦੀਆਂ। ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਦੱਸਿਆ ਕਿ ਅੱਖਾਂ ਦਾਨ ਕਰਨ ਦੇ ਚਾਹਵਾਨ ਲੋਕ ਨੇੜੇ ਦੇ ਆਈ ਬੈਂਕ ਜਾਂ ਮੈਡੀਕਲ ਕਾਲਜ ਵਿੱਚ ਜਾ ਕੇ ਪਲੈਜ ਫਾਰਮ ਭਰ ਸਕਦੇ ਹਨ। ਅੱਖਾਂ ਦਾਨ ਸਿਰਫ਼ ਜੀਵਨ ਤੋਂ ਬਾਅਦ ਹੀ ਹੁੰਦੀਆਂ ਹਨ ਅਤੇ ਮੌਤ ਤੋਂ 4 ਤੋਂ 6 ਘੰਟੇ ਵਿਚ ਹੀ ਹੋਣੀਆਂ ਚਾਹੀਦੀਆਂ ਹਨ। ਇਸ ਮੌਕੇ ਸੀ.ਐਚ. ਓ. ਵੀਰਪਾਲ ਕੌਰ, ਸਟਾਫ਼ ਨਰਸ ਖੁਸ਼ਪਾਲ ਕੌਰ ਅਤੇ ਆਸ਼ਾ ਵਰਕਰ ਹਾਜ਼ਰ ਸਨ।