ਮਾਲੇਰਕੋਟਲਾ ਵਿਖੇ ਜਮਾਅਤ ਇਸਲਾਮੀ ਦਾ ਰੋਜ਼ਾ ਇਫ਼ਤਾਰ ਸਦਭਾਵਨਾ ਸਮਾਰੋਹ ਬਣਿਆ
- ਸਮਾਰੋਹ ਪੰਜਾਬ ਅਤੇ ਵਿਸ਼ੇਸ਼ ਕਰ ਮਾਲੇਰਕੋਟਲਾ ਦੀਆਂ ਪੁਰਾਣੀਆਂ ਇਤਿਹਾਸਕ ਰਵਾਇਤਾਂ ਮੁਤਾਬਕ--ਡਾਕਟਰ ਜਮੀਲ ਉਰ ਰਹਿਮਾਨ
- ਵਧੀਆ ਸਮਾਜ ਦੀ ਉਸਾਰੀ ਲਈ ਧਾਰਮਿਕ ਤੇ ਸਮਾਜਿਕ ਤਿਉਹਾਰ ਮਿਲ ਜੁਲ ਕੇ ਹੀ ਮਨਾਏ ਜਾਣੇ ਚਾਹੀਦੇ ਹਨ-ਐਸ.ਐਸ.ਪੀ ਗਗਨ ਅਜੀਤ ਸਿੰਘ
- ਦੇਸ਼ ਦੇ ਤਰੱਕੀ, ਖੁਸ਼ਹਾਲੀ ਤੇ ਵਿਕਾਸ ਦਾ ਆਧਾਰ ਅਮਨ ਸ਼ਾਂਤੀ ਵਾਲੇ ਵਾਤਾਵਰਨ ਤੇ ਹੀ ਨਿਰਭਰ -ਮੁਹੰਮਦ ਨਜ਼ੀਰ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 14 ਮਾਰਚ 2025 - ਮੁਸਲਿਮ ਧਾਰਮਿਕ ਤੇ ਸਮਾਜ ਸੇਵੀ ਜਥੇਬੰਦੀ ਜਮਾਅਤ ਇਸਲਾਮੀ ਹਿੰਦ ਤੇ ਸਟੂਡੈਂਟਸ ਇਸਲਾਮਿਕ ਆਰਗੇਨਾਈਜੇਸ਼ਨ ਦੀਆਂ ਸਥਾਨਕ ਇਕਾਈਆਂ ਵੱਲੋਂ ਲੰਘੀ ਰਾਤ ਮਾਲੇਰਕੋਟਲਾ ਕਲੱਬ ਵਿਖੇ ਆਯੋਜਿਤ ਰੇਜ਼ਾ ਇਫ਼ਤਾਰ ਸਮਾਰੋਹ ਵਿੱਚ ਵੱਖੋ ਵੱਖ ਧਰਮਾਂ ਨਾਲ ਸੰਬੰਧਿਤ ਸਿਆਸੀ, ਸਮਾਜ ਸੇਵੀ ਤੇ ਧਾਰਮਿਕ ਸ਼ਖ਼ਸੀਅਤਾਂ ਦੀ ਭਰਵੀਂ ਹਾਜ਼ਰੀ ਨਾਲ ਇੱਕ ਵੱਡੇ ਸਦਭਾਵਨਾ ਸਮਾਰੋਹ ਦਾ ਰੂਪ ਧਾਰ ਗਿਆ। ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਥਾਨਕ ਵਿਧਾਇਕ ਡਾ.ਜਮੀਲੂ ਉਰ ਰਹਿਮਾਨ ਨੇ ਇਸ ਮੌਕੇ ਇਕੱਤਰ ਇਕੱਠ ਨੂੰ ਸੰਬੋਧਨ ਕਰਦਿਆਂ ਸਮਾਰੋਹ ਦੇ ਉਦੇਸ਼ ਪ੍ਤੀ ਆਪਣੀ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਪੰਜਾਬ ਅਤੇ ਵਿਸ਼ੇਸ਼ ਕਰ ਮਾਲੇਰਕੋਟਲਾ ਦੀਆਂ ਪੁਰਾਣੀਆਂ ਇਤਿਹਾਸਕ ਰਵਾਇਤਾਂ ਦੇ ਐਨ ਮੁਤਾਬਕ ਹੈ ਅਤੇ ਉਹ ਇਸ ਤੇ ਦਿਲੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹਨ। ਅਜਿਹੇ ਉਦੇਸ਼ ਭਰਪੂਰ ਸਮਾਰੋਹ ਆਯੋਜਨ ਕਰਨ ਤੇ ਉਹਨਾਂ ਪ੍ਰਬੰਧਕਾਂ ਨੂੰ ਮੁਬਾਰਕਬਾਦ ਵੀ ਦਿੱਤੀ।
ਐਸ.ਐਸ. ਪੀ. ਮਾਲੇਰਕੋਟਲਾ ਸ. ਗਗਨ ਅਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਆਪਣੀ ਇੱਛਾ ਦਾ ਪ੍ਰਗਟਾਵਾ ਕਰਦਿਆਂ ਦਾਅਵਾ ਕੀਤਾ ਕਿ ਵਧੀਆ ਸਮਾਜ ਦੀ ਉਸਾਰੀ ਲਈ ਧਾਰਮਿਕ ਤੇ ਸਮਾਜਿਕ ਤਿਉਹਾਰ ਮਿਲ ਜੁਲ ਕੇ ਹੀ ਮਨਾਏ ਜਾਣੇ ਚਾਹੀਦੇ ਹਨ। ਸਮਾਰੋਹ ਵਿੱਚ ਆਪਣੀ ਸ਼ਮੂਲੀਅਤ ਨੂੰ ਉਹਨਾਂ ਇੱਕ ਮਾਣ ਵਾਲਾ ਮੌਕਾ ਦੱਸਿਆ। ਸਮਾਰੋਹ ਦੀ ਪ੍ਧਾਨਗੀ ਕਰ ਰਹੇ ਜਮਾਅਤ ਇਸਲਾਮੀ ਹਿੰਦ ਦੇ ਸੂਬਾਈ ਮੁਖੀ ਜਨਾਬ ਮੁਹੰਮਦ ਨਜ਼ੀਰ ਨੇ ਆਪਣੇ ਭਾਸ਼ਣ ਵਿੱਚ ਸਪੱਸ਼ਟ ਕੀਤਾ ਕਿ ਦੇਸ਼ ਦੇ ਤਰੱਕੀ, ਖੁਸ਼ਹਾਲੀ ਤੇ ਵਿਕਾਸ ਦਾ ਆਧਾਰ ਅਮਨ ਸ਼ਾਂਤੀ ਵਾਲੇ ਵਾਤਾਵਰਨ ਤੇ ਹੀ ਨਿਰਭਰ ਕਰਦਾ ਹੈ ਅਤੇ ਉਹਨਾਂ ਦੀ ਜਥੇਬੰਦੀ ਦੇਸ਼ ਭਰ ਵਿੱਚ ਲਗਾਤਾਰ ਅਜਿਹੇ ਯਤਨ ਕਰ ਰਹੀ ਹੈ।
ਸਮਾਰੋਹ ਨੂੰ ਸੰਬੋਧਨ ਕਰਨ ਵਾਲੇ ਹੇਰ ਪਤਵੰਤਿਆਂ ਵਿੱਚ ਜਮਾਅਤ ਇਸਲਾਮੀ ਹਿੰਦ ਦੇ ਸਥਾਨਕ ਮੁਖੀ ਡਾ.ਮੁਹੰਮਦ ਇਰਸ਼ਾਦ, ਐਸ.ਆਈ.ਓ. ਦੇ ਪ੍ਰਧਾਨ ਫ਼ਰਹਾਨ ਖ਼ਾਨ, ਸ਼ੀਰਾਜ਼ ਅਹਿਮਦ ਦੇ ਨਾਂ ਜਿਕਰਯੋਗ ਹਨ। ਸਮਾਰੋਹ ਵਿੱਚ ਵੱਖ ਵੱਖ ਸਮਾਜ ਸੇਵੀ ਸ਼ਖ਼ਸੀਅਤਾਂ ਤੇ ਉਘੀਆਂ ਸ਼ਖਸ਼ੀਅਤਾਂ ਇੰਸਪੈਕਟਰ ਮਨਪ੍ਰੀਤ ਸਿੰਘ ਐਸ.ਐਚ.ਓ ਸਿਟੀ-1, ਸ.ਇੰਦਰਜੀਤ ਸਿੰਘ ਕੇ.ਐਸ.ਕੰਬਾਇਨ,ਹਾਜੀ ਤੁਫੈਲ ਮਲਿਕ,ਜ.ਅਜੀਤ ਸਿੰਘ ਚੰਦੂਰਾਈਆ,ਅਵਤਾਰ ਸਿੰਘ ਈਲਵਾਲ, ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਅਰਵਿੰਦ ਸਿੰਘ ਮਾਵੀ,ਕੌਂਸਲਰ ਮਹਿੰਦਰ ਸਿੰਘ ਪਰੂਥੀ,ਕਿੱਟੀ ਚੋਪੜਾ, ਜੋਰਾ ਸਿੰਘ ਚੀਮਾ, ਪ੍ਰਮੋਦ ਜੈਨ ਸਕੱਤਰ ਕਲੱਬ ਪ੍ਰਦੀਪ ਜੈਨ ਉਦਯੋਗਪਤੀ, ਨਰੇਸ ਕੁਮਾਰ ਪੋਸਟਲ ਅਧਿਕਾਰੀ,ਨਰਿੰਦਰ ਸੂਦ,ਐਡਵੋਕੇਟ ਪਰਸ਼ੋਤਮ ,ਅਜੈ ਜੈਨ, ਊਸਮਾਨ ਸਿੱਦੀਕੀ, ਦੇ ਨਾਲ ਨਾਲ ਮੰਦਰਾਂ, ਗੁਰਦੁਆਰਿਆਂ, ਮਸਜਿਦਾਂ ਤੇ ਹੋਰ ਧਾਰਮਿਕ ਸਥਾਨਾਂ ਦੀਆਂ ਪ੍ਬੰਧਕ ਕਮੇਟੀਆਂ ਦੇ ਨੁਮਾਇਂਦੇ ਵੱਡੀ ਗਿਣਤੀ ਵਿੱਚ ਮੌਜੁਦ ਸਨ।