ਜਦੋਂ ਏਕੇ 47 ਬੋਲੀ ਤਾਂ ਪੁਲਿਸ ਨੇ ਟੰਗ ’ਚ ਮਾਰੀ ਗੋਲੀ - ਛੇ ਬਦਮਾਸ਼ ਗ੍ਰਿਫਤਾਰ
ਅਸ਼ੋਕ ਵਰਮਾ
ਬਠਿੰਡਾ,14 ਮਾਰਚ 2025: ਬਠਿੰਡਾ ਪੁਲਿਸ ਨਾਲ ਹੋਏ ਮੁਕਾਬਲੇ ਤੋਂ ਬਾਅਦ ਜਿਲ੍ਹਾ ਪੁਲਿਸ ਦੀਆਂ ਟੀਮਾਂ ਨੇ ਅਸਾਲਟ ਰਾਈਫਲ ਦੀ ਨੋਕ ਤੇ ਕੀਤੀ ਲੁੱਟ ਦੇ ਮਾਮਲੇ ਨੂੰ ਸੁਲਝਾਉਂਦਿਆਂ ਛੇ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ ਜਿੰਨ੍ਹਾਂ ਵਿੱਚ ਭਾਰਤੀ ਫੌਜ ’ਚ ਸੇਵਾ ਨਿਭਾ ਰਹੇ ਦੋ ਜੁਆਨ ਵੀ ਸ਼ਾਮਲ ਹਨ। ਮੁਲਜਮ ਬਦਮਾਸ਼ਾਂ ਨੇ ਲੰਘੀ 11 ਮਾਰਚ ਨੂੰ ਬਠਿੰਡਾ ਭੁੱਚੋ ਸੜਕ ਤੇ ਇੱਕ ਹੋਟਲ ਚੋਂ ਮੋਬਾਇਲ ਫੋਨਾਂ ਅਤੇ ਨਕਦੀ ਲੁੱਟੀ ਸੀ। ਪੁਲਿਸ ਨੇ ਇਸ ਵਾਰਦਾਤ ਲਈ ਵਰਤੀ ਏਕੇ 47 ਅਸਾਲਟ ਰਾਈਫਲ ਵੀ ਬਰਾਮਦ ਕਰ ਲਈ ਹੈ। ਪੁਲਿਸ ਦੇ ਇਸ ਓਪਰੇਸ਼ਨ ਦੌਰਾਨ ਇੱਕ ਬਦਮਾਸ ਦੀ ਲੱਤ ’ਚ ਗੋਲੀ ਲੱਗੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲਿਸ ਹੁਣ ਗ੍ਰਿਫਤਾਰ ਕੀਤੇ ਮੁਲਜਮਾਂ ਤੋਂ ਅਗਲੀ ਪੁੱਛਪੜਤਾਲ ਕਰਨ ’ਚ ਜੁਟ ਗਈ ਹੈ ਜਿਸ ਦੌਰਾਨ ਅਧਿਕਾਰੀਆਂ ਨੂੰ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ।
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਆਦੇਸ਼ ਹਸਪਤਾਲ ਦੇ ਨਜ਼ਦੀਕ ਗਰੀਨ ਹੋਟਲ ਤੇ ਲੰਘੀ 11 ਮਾਰਚ ਨੂੰ ਤਿਨ ਵਿਅਕਤੀਆਂ ਨੇ ਰਾਈਫਲ ਦੀ ਨੋਕ ਤੇ ਹੋਟਲ ਦੇ ਗੱਲੇ ਵਿੱਚੋਂ 7-8 ਹਜ਼ਾਰ ਦੀ ਨਕਦੀ ਅਤੇ 4 ਮੋਬਾਇਲ ਫੋਨ ਖੋਲ ਲਏ ਸਨ ਅਤੇ ਜਾਂਦੇ ਸਮੇਂ ਇਹ ਫੋਨ ਰਾਹ ਵਿੱਚ ਹੀ ਸੁੱਟ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਸਬੰਧੀ ਥਾਣਾ ਕੈਂਟ ਵਿਖੇ ਮੁਕੱਦਮਾ ਦਰਜ ਕੀਤਾ ਸੀ ਜਿਸ ਤੋਂ ਬਾਅਦ ਐਸਐਸਪੀ ਅਮਨੀਤ ਕੌਂਡਲ ਨੇ ਵੱਖ ਵੱਖ ਟੀਮਾਂ ਬਣਾਈਆਂ ਸਨ। ਉਨ੍ਹਾਂ ਦੱਸਿਆ ਕਿ ਅੱਜ ਸੀਆਈਏ ਸਟਾਫ ਵਨ ਦੀ ਟੀਮ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਦੇ ਯਤਨ ਕਰ ਰਹੀ ਸੀ ਤਾਂ ਗੁਰਦੁਆਰਾ ਲਵੇਰੀਸਰ ਤੋਂ ਤ੍ਰਿਪਤੀ ਮਾਰਬਲ ਕੋਲ ਦੀ ਮੁੱਖ ਸੜਕ ਵੱਲ ਜਾ ਰਹੇ ਸਨ ਤਾਂ ਇਸ ਦੌਰਾਨ ਬਠਿੰਡਾ ਨੰਬਰ ਦੀ ਇੱਕ ਕਾਰ ’ਚ ਕੁੱਝ ਸ਼ੱਕੀ ਨੌਜਵਾਨ ਦਿਖਾਈ ਦਿੱਤੇ।
ਇਸ ਦੌਰਾਨ ਕਾਰ ਵਿੱਚ ਸਵਾਰ ਇੱਕ ਨੌਜਵਾਨ ਨੇ ਮਾਰ ਦੇਣ ਦੇ ਇਰਾਦੇ ਨਾਲ ਪੁਲਿਸ ਪਾਰਟੀ ਤੇ ਫਾਇਰ ਕਰ ਦਿੱਤਾ ਜੋ ਪੁਲਿਸ ਦੀ ਗੱਡੀ ਤੇ ਜਾ ਲੱਗਿਆ। ਇਸ ਦੌਰਾਨ ਪੁਲਿਸ ਵੱਲੋਂ ਚਲਾਈ ਜਵਾਬੀ ਕਾਰਵਾਈ ਦੌਰਾਨ ਗੋਲੀ ਸਤਵੰਤ ਸਿੰਘ ਉਰਫ ਮਰਾਜਕਾ ਪੁੱਤਰ ਜਸਵਿੰਦਰ ਸਿੰਘ ਵਾਸੀ ਕੋਟਸ਼ਮੀਰ ਜਿਲ੍ਹਾ ਬਠਿੰਡਾ ਦੀ ਲੱਤ ਵਿੱਚ ਲੱਗੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮੌਕੇ ਪੁਲਿਸ ਨੇ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਗੁਰਜੰਟ ਸਿੰਘ ਵਾਸੀ ਕੋਟ ਸ਼ਮੀਰ, ਸੁਨੀਲ ਸਿੰਘ ਉਰਫ ਬਿੱਟੂ ਪੁੱਤਰ ਬਲਵਿੰਦਰ ਸਿੰਘ ਵਾਸੀ ਮੱਲਕੇ ਜਿਲ੍ਹਾ ਮੋਗਾ ਹਾਲ ਅਬਾਦ ਸ੍ਰੀ ਮੁਕਤਸਰ ਸਾਹਿਬ, ਗੁਰਦੀਪ ਸਿੰਘ ਉਰਫ ਦੀਪ ਪੁੱਤਰ ਇੰਦਰਜੀਤ ਸਿੰਘ ਵਾਸੀ ਸਾਹੋਕੇ ਜਿਲ੍ਹਾ ਮੋਗਾ,ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਬੇਅੰਤ ਸਿੰਘ ਵਾਸੀ ਤਲਵੰਡੀ ਸਾਬੋ ਅਤੇ ਹਰਗੁਣ ਸਿੰਘ ਪੁੱਤਰ ਇੰਦਰਜੀਤ ਸਿੰਘ ਵਾਸੀ ਸਰਦੂਲਗੜ੍ਹ ਜਿਲ੍ਹਾ ਮਾਨਸਾ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਐਸਪੀ ਨੇ ਦੱਸਿਆ ਕਿ ਪੁਲਿਸ ਨੇ ਮੁਲਜਮਾਂ ਤੋਂ ਇੱਕ ਖਾਲੀ ਅਤੇ 24 ਜਿੰਦਾ ਕਾਰਤੂਸਾਂ ਤੋਂ ਇਲਾਵਾ ਏਕੇ 47 ਰਾਈਫਲ ਅਤੇ ਕਾਰ ਓਪਟਰਾ ਕਬਜੇ ਵਿੱਚ ਲਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਤੇ ਗੋਲੀ ਚਾਲਾਉਣ ਸਬੰਧੀ ਥਾਣਾ ਕੈਂਟ ਵਿਖੇ ਵੱਖਰਾਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛਗਿਛ ਦੌਰਾਨ ਸਾਹਮਣੇ ਆਇਆ ਹੈ ਕਿ ਸੁਨੀਲ ਸਿੰਘ ਉਰਫ ਬਿੱਟੂ ਅਤੇ ਗੁਰਦੀਪ ਸਿੰਘ ਉਰਫ ਦੀਪ ਭਾਰਤੀ ਫੌਜ ਵਿੱਚ ਹਨ ਅਤੇ ਦੋਵਾਂ ਦੀ ਤਾਇਨਾਤੀ ਕ੍ਰਮਵਾਰ ਜੰਮੂ ਅਤੇ ਸ੍ਰੀਨਗਰ ਵਿਖੇ ਹੈ। ਸੁਨੀਲ ਸਿੰਘ ਉਰਫ ਬਿੱਟੂ ਆਪਣੇ ਸਾਥੀ ਦੀ ਏਕੇ47 ਰਾਈਫਲ ਚੋਰੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਗੁਰਦੀਪ ਸਿੰਘ ਉਰਫ ਦੀਪ ਦੋ ਮਹੀਨੇ ਪਹਿਲਾਂ ਸੁਨੀਲ ਤੋਂ ਇਹ ਅਸਲਾ ਲੈਕੇ ਆਇਆ ਸੀ। ਉਨ੍ਹਾਂ ਦੱਸਿਆ ਕਿ ਦੋਨੋ ਫੌਜ ਚੋਂ ਛੁੱਟੀ ਤੇ ਆਏ ਹੋਏ ਸਨ ਅਤੇ ਦੋਵਾਂ ਸਿਰ ਕਰਜਾ ਚੜ੍ਹਿਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਮਾਸਟਰਮਾਈਂਡ ਸਤਵੰਤ ਸਿੰਘ ਅਤੇ ਅਰਸ਼ਦੀਪ ਸਿੰਘ ਹੋਟਲ ਵਾਲੀ ਵਾਰਦਾਤ ਕਰਨ ਭੁੱਚੋ ਨਹੀਂ ਗਏ ਸਨ ਜਦੋਂਕਿ ਹੋਟਲ ਵਾਲੀ ਵਾਰਦਾਤ ਸੁਨੀਲ ਸਿੰਘ ਉਰਫ ਬਿੱਟੂ ,ਗੁਰਦੀਪ ਸਿੰਘ ਉਰਫ ਦੀਪ ਅਤੇ ਅਰਸ਼ਦੀਪ ਸਿੰਘ ਤਲਵੰਡੀ ਸਾਬੋ ਨੇ ਕੀਤੀ ਸੀ ਅਤੇ ਹਰਗੁਣ ਸਿੰਘ ਬਾਹਰ ਖੜ੍ਹਾ ਕਾਰ ਵਿੱਚ ਬੈਠਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿਛ ਦੌਰਾਨ ਪਤਾ ਲੱਗਿਆ ਹੈ ਕਿ ਮੁਲਜਮ ਅੱਜ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਚੱਕਰ ਵਿੱਚ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜਮਾਂ ਦਾ ਰਿਮਾਂਡ ਲਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਕੀਤੀ ਜਾਣ ਵਾਲੀ ਪੁੱਛ ਪੜਤਾਲ ਦੌਰਾਨ ਹੋਰ ਵੀ ਅਹਿਮ ਖੁਲਾਸਿਆਂ ਦੀ ਸੰਭਾਵਨਾ ਹੈ। ਐਸਪੀ ਨੇ ਦੱਸਿਆ ਕਿ ਸਤਵੰਤ ਸਿੰਘ ਉਰਫ ਮਰਾਜਕਾ ਖਿਲਾਫ ਇਸ ਤੋਂ ਪਹਿਲਾਂ ਵੀ ਇੱਕ ਮੁਕੱਦਮਾ ਦਰਜ ਹੈ ਅਤੇ ਬਾਕੀਆਂ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ।
2 | 8 | 2 | 1 | 4 | 4 | 6 | 6 |