ਰੋਜ਼ਗਾਰ ਲਈ ਵਿਦੇਸ਼ ਜਾਣ ਵਾਲਿਆਂ ਨੂੰ ਮੁਫ਼ਤ ਦਿੱਤੀ ਜਾਂਦੀ ਹੈ ਓਰੀਐਂਟੇਸ਼ਨ ਟ੍ਰੇਨਿੰਗ - ਰਾਜੀਵ ਵਰਮਾ
-ਵਧੀਕ ਡਿਪਟੀ ਕਮਿਸ਼ਨਰ ਨੇ ਪ੍ਰੀ-ਡਿਪਾਰਚਰ ਓਰੀਐਂਟੇਸ਼ਨ ਟ੍ਰੇਨਿੰਗ" ਸਬੰਧੀ ਕੀਤੀ ਮੀਟਿੰਗ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 18 ਫਰਵਰੀ,2025 - ਵਿਦੇਸ਼ ਮੰਤਰਾਲੇ ਦੇ ਉਦੇਸ਼ 'ਸੁਰੱਖਿਅਤ ਜਾਓ, ਪ੍ਰਸ਼ਿਕਸ਼ਿਤ ਜਾਓ, ਵਿਸ਼ਵਾਸ ਨਾਲ ਜਾਓ' ਤਹਿਤ ਵਿਦੇਸ਼ ਮੰਤਰਾਲੇ ਵੱਲੋਂ 2018 ਵਿਚ ਫਲੈਗਸ਼ਿਪ ਪ੍ਰੋਗਰਾਮ 'ਪ੍ਰੀ-ਡਿਪਾਰਚਰ ਓਰੀਐਂਟੇਸ਼ਨ ਟ੍ਰੇਨਿੰਗ" (ਪੀ.ਡੀ ਓ.ਟੀ) ਸ਼ੁਰੂ ਕੀਤਾ ਗਿਆ ਸੀ। ਇਸ ਪ੍ਰੋਗਰਾਮ ਦੇ ਤਹਿਤ ਰੋਜ਼ਗਾਰ ਲਈ ਵਿਦੇਸ਼ ਜਾਣ ਵਾਲੇ ਪ੍ਰਵਾਸੀਆਂ ਨੂੰ 8 ਘੰਟੇ ਦੀ ਮੁਫ਼ਤ ਓਰੀਐਂਟੇਸ਼ਨ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਿਸ ਵਿਚ ਪ੍ਰਾਰਥੀਆਂ ਨੂੰ ਖਾੜੀ ਦੇਸ਼ਾਂ ਵਿਚ ਰਹਿਣ-ਸਹਿਣ ਅਤੇ ਉੱਥੇ ਦੇ ਕਲਚਰ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਜੋ ਖਾੜੀ ਪਾਸਪੋਰਟ ਹੋਲਡਰ ਪ੍ਰਾਰਥੀਆਂ ਨੂੰ ਵਿਦੇਸ਼ਾਂ ਵਿਚ ਰੋਜ਼ਗਾਰ ਕਰਦੇ ਸਮੇਂ ਕੋਈ ਦਿੱਕਤ ਨਾ ਆਵੇ।
ਇਸ ਸਬੰਧੀ ਕੀਤੀ ਮੀਟਿੰਗ ਦੌਰਾਨ ਟ੍ਰੇਨਿੰਗ ਦੇ ਲਾਭ ਬਾਰੇ ਗੱਲ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਸੀ.ਈ.ਓ, ਡੀ.ਬੀ.ਈ.ਈ ਰਾਜੀਵ ਵਰਮਾ ਨੇ ਦੱਸਿਆ ਕਿ ਇਹ ਸਿਖਲਾਈ ਪ੍ਰਵਾਸੀ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਮੰਜ਼ਿਲ ਵਾਲੇ ਈ.ਸੀ.ਆਰ ਦੇਸ਼ਾਂ, ਜਿਵੇਂ ਕਿ ਅਫਗਾਇਸਤਾਨ, ਬਹਿਰੀਨ, ਕੁਵੈਤ, ਇੰਡੋਨੇਸ਼ੀਆ, ਇਰਾਕ, ਜੌਰਡਨ, ਲਿਬਨਾਨ, ਲੀਬੀਆ, ਮਲੇਸ਼ੀਆ, ਓਮਾਨ, ਕਤਰ, ਸੂਡਾਨ, ਦੱਖਣੀ ਸੂਡਾਨ, ਸੀਰੀਆ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਥਾਇਲੈਂਡ ਅਤੇ ਯਮਨ ਦੇ ਸੱਭਿਆਚਾਰ, ਭਾਸ਼ਾ ਅਤੇ ਨਿਯਮਾਂ ਬਾਰੇ ਸਿੱਖਣ ਵਿਚ ਮਦਦ ਕਰਦੀ ਹੈ। ਇਹ ਟ੍ਰੇਨਿੰਗ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਸ਼ਹੀਦ ਭਗਤ ਸਿੰਘ ਨਗਰ ਵੱਲ਼ੋਂ ਕਿਸੇ ਵੀ ਕੰਮ ਵਾਲੇ ਦਿਨ ਲਈ ਜਾ ਸਕਦੀ ਹੈ। ਇਹ ਟ੍ਰੇਨਿੰਗ ਕੁੱਲ 8 ਘੰਟੇ ਦੀ ਹੈ ਅਤੇ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ।
ਇਸ ਤੋਂ ਇਲਾਵਾ ਇਹ ਵੀ ਦੱਸਿਆ ਕਿ ਇਹ ਪ੍ਰੋਗਰਾਮ ਬਾਹਰ ਜਾਣ ਵਾਲੇ ਪ੍ਰਾਰਥੀਆਂ ਨੂੰ ਸਰਕਾਰ ਦੁਆਰਾ ਉਨ੍ਹਾਂ ਲਈ ਚਲਾਈਆਂ ਭਲਾਈ ਯੋਜਨਾਵਾਂ, ਜਿਵੇਂ ਕਿ ਪ੍ਰਵਾਸੀ ਭਾਰਤੀ ਬੀਮਾ ਯੋਜਨਾ, ਈ-ਮਾਈਗ੍ਰੇਟ ਪੋਰਟਲ ਬਾਰੇ ਜਾਣਨ ਦਾ ਮੌਕਾ ਦਿੰਦਾ ਹੈ। ਇਸ ਤੋਂ ਇਲਾਵਾ ਪ੍ਰਵਾਸੀ, ਭਾਰਤ ਸਰਕਾਰ ਦੇ 'ਮਦਦ' ਪੋਰਟਲ, ਪ੍ਰਵਾਸੀ ਭਾਰਤੀ ਕੇਂਦਰ ਅਤੇ ਭਾਰਤੀ ਦੂਤਾਵਾਸਾਂ ਦੀਆਂ ਚੌਵੀ ਘੰਟੇ ਸੇਵਾਵਾ ਲੈ ਸਕਦੇ ਹਨ। ਇਸ ਮੀਟਿੰਗ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਦੋ ਰਜਿਸਟਰਡ ਇਮੀਗ੍ਰੇਸ਼ਨ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਭਾਗ ਲਿਆ ਗਿਆ ਵਧੀਕ ਡਿਪਟੀ ਕਮਿਸ਼ਨਰ (ਜ) ਵੱਲ਼ੋਂ ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਜੋ ਕੋਈ ਵੀ ਪ੍ਰਾਰਥੀ ਉਪਰੋਕਤ ਈ.ਸੀ.ਆਰ ਦੇਸ਼ਾ ਵਿਚ ਜਾਵੇ ਤਾਂ ਉਸ ਦੀ ਟ੍ਰੇਨਿੰਗ ਕਰਵਾਉਣੀ ਯਕੀਨੀ ਬਣਾਈ ਜਾਵੇ।