ਪੰਜਾਬੀ ਯੂਨੀਵਰਸਿਟੀ ਵਿਖੇ 'ਪੰਜ ਰੋਜ਼ਾ ਸਾਹਿਤ ਉਤਸਵ-2025' ਸ਼ੁਰੂ
- ਮਾਤ-ਭਾਸ਼ਾ ਦਾ ਕਿਸੇ ਵੀ ਮਨੁੱਖ ਦੇ ਜੀਵਨ ਵਿੱਚ ਅਹਿਮ ਸਥਾਨ: ਪ੍ਰੋ. ਨਰਿੰਦਰ ਕੌਰ ਮੁਲਤਾਨੀ
- ਸਮਾਜ ਵਿੱਚ ਨਫ਼ਰਤ ਫੈਲਾਉਣ ਵਾਲ਼ੀਆਂ ਸ਼ਕਤੀਆਂ ਨੂੰ ਪਛਾਨਣਾ ਅਤੇ ਉਨ੍ਹਾਂ ਵਿਰੁੱਧ ਅਵਾਜ਼ ਉਠਾਉਣਾ ਜ਼ਰੂਰੀ: ਰਖਸ਼ੰਦਾ ਜਲੀਲ
ਪਟਿਆਲਾ, 18 ਫਰਵਰੀ 2025 - ਪੰਜਾਬੀ ਯੂਨੀਵਰਸਿਟੀ ਵਿਖੇ ਕੌਮਾਂਤਰੀ ਮਾਤ-ਭਾਸ਼ਾ ਦਿਵਸ ਨੂੰ ਸਮਰਪਿਤ 'ਪੰਜ ਰੋਜ਼ਾ ਸਾਹਿਤ ਉਤਸਵ-2025' ਅੱਜ ਸ਼ੁਰੂ ਹੋ ਗਿਆ ਹੈ। ਇਸ ਦਾ ਉਦਘਾਟਨ ਪੈਰਾਉਲਿੰਪਕ ਮੈਡਲ ਜੇਤੂ ਤੀਰ-ਅੰਦਾਜ਼ ਹਰਵਿੰਦਰ ਸਿੰਘ ਵੱਲੋਂ ਕੀਤਾ ਗਿਆ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਨਰਿੰਦਰ ਕੌਰ ਮੁਲਤਾਨੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਹਰੇਕ ਮਨੁੱਖ ਦੇ ਜੀਵਨ ਵਿੱਚ ਮਾਤ-ਭਾਸ਼ਾ ਦਾ ਅਹਿਮ ਸਥਾਨ ਹੁੰਦਾ ਹੈ ਅਤੇ ਇਹ ਭਾਸ਼ਾ ਹਰੇਕ ਮਨੁੱਖ ਦੇ ਵਿਕਾਸ ਵਿੱਚ ਮੋਹਰੀ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਇਸ ਕਰ ਕੇ ਹੀ ਮਾਤ-ਭਾਸ਼ਾ ਨੂੰ ਮਾਂ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਸ਼ਾ ਪ੍ਰਤੀ ਸਾਡਾ ਸਤਿਕਾਰ ਵੀ ਮਾਂ ਨੂੰ ਦਿੱਤੇ ਜਾਂਦੇ ਸਤਿਕਾਰ ਵਰਗਾ ਹੋਣਾ ਚਾਹੀਦਾ ਹੈ।
ਉੱਘੀ ਲੇਖਕ ਅਤੇ ਅਨੁਵਾਦਕ ਰਖਸ਼ੰਦਾ ਜਲੀਲ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ ਕਿ ਸਮਾਜ ਵਿੱਚ ਲਗਾਤਾਰ ਉਸਾਰੇ ਜਾ ਰਹੇ ਨਫ਼ਰਤ ਦੇ ਮਾਹੌਲ ਵਿੱਚ ਵੱਖ-ਵੱਖ ਸਾਜ਼ਿਸ਼ੀ ਤਾਕਤਾਂ ਨੂੰ ਪਹਿਚਾਨਣ ਦੀ ਲੋੜ ਹੈ ਅਤੇ ਉਨ੍ਹਾਂ ਖ਼ਿਲਾਫ਼ ਅਵਾਜ਼ ਉਠਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਹਰ ਸਮੇਂ ਸਾਡੇ ਆਸ ਪਾਸ ਬਹੁਤ ਹੀ ਧੀਮੀ ਗਤੀ ਨਾਲ਼ ਛੋਟੇ ਛੋਟੇ ਗ਼ਲਤ ਵਰਤਾਰੇ ਵਾਪਰ ਰਹੇ ਹੁੰਦੇ ਹਨ ਅਤੇ ਬਹੁਤ ਹੀ ਹੌਲ਼ੀ ਹੌਲ਼ੀ ਨਾਕਾਰਾਤਮਕ ਬਦਲਾਅ ਆਉਂਦੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਂਹਪੱਖੀ ਵਰਤਾਰਿਆਂ ਨੂੰ ਮਹਿਸੂਸ ਕਰ ਕੇ ਉਨ੍ਹਾਂ ਖ਼ਿਲਾਫ਼ ਬੋਲਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਕਿਤੇ ਜ਼ੁਲਮ ਹੋ ਰਿਹਾ ਹੋਵੇ ਸਾਨੂੰ ਪੀੜਿਤ ਧਿਰ ਨਾਲ਼ ਇੱਕਜੁੱਟਤਾ ਪ੍ਰਗਟਾਉਣੀ ਚਾਹੀਦੀ ਹੈ ਅਤੇ ਜ਼ੁਲਮ ਖ਼ਿਲਾਫ਼ ਦ੍ਰਿੜਤਾ ਨਾਲ਼ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਸਾਹਿਤ ਅਤੇ ਕਲਾਵਾਂ ਨਾਲ਼ ਜੁੜੇ ਲੋਕਾਂ ਅਤੇ ਵਿਸ਼ੇਸ਼ ਕਰ ਕੇ ਸ਼ਾਇਰ ਲੋਕਾਂ ਨੂੰ ਇਸ ਮੁਹਾਜ ਉੱਤੇ ਹੋਰ ਵਧੇਰੇ ਸੰਵੇਦਨਸ਼ੀਲ ਅਤੇ ਪ੍ਰਗਤੀਸ਼ੀਲ ਹੋ ਕੇ ਵਿਚਰਣ ਦੀ ਸਿਫ਼ਾਰਿਸ਼ ਕੀਤੀ।
ਮਰਾਠੀ ਲੇਖਕ ਸ਼ਰਨ ਕੁਮਾਰ ਲਿੰਬਾਲੇ ਨੇ ਮੁੱਖ ਮਹਿਮਾਨ ਵਜੋਂ ਬੋਲਦਿਆਂ ਪੰਜਾਬ ਦੀਆਂ ਵਿਲੱਖਣਤਾਵਾਂ ਦੇ ਹਵਾਲੇ ਨਾਲ਼ ਗੱਲ ਕੀਤੀ। ਉਨ੍ਹਾਂ ਪੰਜਾਬੀ ਭਾਸ਼ਾ ਵਿੱਚ ਅਨੁਵਾਦਿਤ ਆਪਣੀਆਂ ਕਿਤਾਬਾਂ ਦੇ ਪ੍ਰਸੰਗ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਮਾਣ ਹੈ ਕਿ ਉਨ੍ਹਾਂ ਦਾ ਕਾਰਜ ਉਸ ਪੰਜਾਬੀ ਭਾਸ਼ਾ ਵਿੱਚ ਅਨੁਵਾਦਿਤ ਹੋਇਆ ਹੈ ਜੋ ਗੁਰੂ ਨਾਨਕ ਸਾਹਿਬ ਦੀ ਭਾਸ਼ਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵੀ ਇਹੋ ਭਾਸ਼ਾ ਰਹੀ ਹੈ ਜੋ ਹੁਣ ਕਿਸਾਨ ਅੰਦੋਲਨ ਦੇ ਵਿਦਰੋਹ ਦੀ ਭਾਸ਼ਾ ਬਣ ਗਈ ਹੈ।
ਵਿਸ਼ੇਸ਼ ਮਹਿਮਾਨ ਪ੍ਰੋ. ਜਸਵਿੰਦਰ ਸਿੰਘ ਨੇ ਕਿਹਾ ਕਿ ਅਸੀਂ ਗੰਭੀਰ ਛਲਾਵਿਆਂ ਵਾਲ਼ੇ ਦੌਰ ਵਿੱਚ ਜਿਉਂ ਰਹੇ ਹਾਂ। ਅਜਿਹੇ ਹਾਲਾਤ ਵਿੱਚ ਕਲਾਵਾਂ ਅਤੇ ਸਾਹਿਤ ਨੇ ਸਾਕਾਰਾਤਮਕ ਭੂਮਿਕਾ ਨਿਭਾਉਣੀ ਹੈ। ਉਨ੍ਹਾਂ ਕਿਹਾ ਕਿ ਸਾਹਿਤ, ਕਲਾ ਅਤੇ ਕਦਰਾਂ ਕੀਮਤਾਂ ਨੇ ਹੀ ਮਨੁੱਖ ਨੂੰ ਮਨੁੱਖ ਬਣਾਉਣਾ ਹੁੰਦਾ ਹੈ ਅਤੇ ਸਾਨੂੰ ਇਨ੍ਹਾਂ ਕਲਾਵਾਂ ਪ੍ਰਤੀ ਸੰਵੇਨਸ਼ੀਲ ਹੋਣਾ ਚਾਹੀਦਾ ਹੈ।
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਖੇਡ ਲੇਖਕ ਪ੍ਰਿੰ. ਸਰਵਣ ਸਿੰਘ ਨੇ ਆਪਣੀ ਨਿੱਜੀ ਜ਼ਿੰਦਗੀ ਦੀਆਂ ਮਿਸਾਲਾਂ ਦੇ ਕੇ ਦੱਸਿਆ ਕਿ ਮਾਤਾ ਭਾਸ਼ਾ ਵਿੱਚ ਕੰਮ ਕਰਨ ਨਾਲ਼ ਉਨ੍ਹਾਂ ਨੇ ਜ਼ਿੰਦਗੀ ਵਿੱਚ ਕੀ ਕੁੱਝ ਹਾਸਿਲ ਕੀਤਾ ਹੈ।
ਇਹ ਸਮਾਗਮ ਅੱਜ ਸਵੇਰੇ ਉਸਤਾਦ ਸੁਖਵੰਤ ਸਿੰਘ (ਜਵੱਦੀ ਵਾਲ਼ੇ) ਦੇ ਗੁਰਬਾਣੀ ਗਾਇਨ ਨਾਲ਼ ਆਰੰਭ ਹੋਇਆ ਇਹ ਸਾਹਿਤ ਉਤਸਵ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਭਾਸ਼ਾ ਵਿਭਾਗ, ਪੰਜਾਬ ਦੇ ਸਹਿਯੋਗ ਨਾਲ਼ ਕਰਵਾਇਆ ਜਾ ਰਿਹਾ ਹੈ।
ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਇਸ ਉਤਸਵ ਦੇ ਮਕਸਦ ਬਾਰੇ ਗੱਲ ਕਰਦਿਆਂ ਕਿਹਾ ਕਿ ਪੰਜਾਬੀਆਂ ਨੂੰ ਅਸੀਂ ਸਿਰਫ਼ ਨੱਚਣ ਗਾਉਣ ਵਾਲ਼ੇ ਹੀ ਨਹੀਂ ਬਣਾਉਣਾ ਬਲਕਿ ਸੋਚਣ ਵਾਲ਼ੇ ਵੀ ਬਣਾਉਣਾ ਹੈ।
ਉਦਘਾਟਨੀ ਸੈਸ਼ਨ ਦਾ ਧੰਨਵਾਦੀ ਭਾਸ਼ਣ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਵੱਲੋਂ ਦਿੱਤਾ ਗਿਆ।
ਉਦਘਾਟਨੀ ਸੈਸ਼ਨ ਉਪਰੰਤ 'ਜੋਗਾ ਸਿੰਘ, ਅਮਿਤੋਜ ਅਤੇ ਮਨਜੀਤ ਟਿਵਾਣਾ ਦੀ ਯਾਦ ਕਰਦਿਆਂ' ਨਾਮਕ ਪਹਿਲੀ ਬੈਠਕ ਵਿੱਚ ਯੋਗਰਾਜ ਅੰਗਰਿਸ਼, ਰਾਜਿੰਦਰਪਾਲ ਸਿੰਘ ਬਰਾੜ ਅਤੇ ਕੁਲਵੀਰ ਗੋਜਰਾ ਵੱਲੋਂ ਸੰਵਾਦ ਰਚਾਇਆ ਗਿਆ। ਇਸ ਬੈਠਕ ਵਿੱਚ ਸੰਵਾਦ-ਕਰਤਾ ਦੀ ਭੂਮਿਕਾ ਕਵੀ ਨੀਤੂ ਵੱਲੋਂ ਨਿਭਾਈ ਗਈ।
ਪਹਿਲੇ ਦਿਨ ਦੀ ਦੂਜੀ ਬੈਠਕ ਵਿੱਚ ਮਰਾਠੀ ਲੇਖਕ ਸ਼ਰਨ ਕੁਮਾਰ ਲਿੰਬਾਲੇ ਦਾ ਰੂਬਰੂ ਕਰਵਾਇਆ ਗਿਆ ਜਿਸ ਵਿੱਚ ਮੋਨਿਕਾ ਸਭਰਵਾਲ ਅਤੇ ਜਤਿੰਦਰ ਸਿੰਘ ਨੇ ਲੇਖਕ ਨਾਲ਼ ਸੰਵਾਦ ਰਚਾਇਆ।
ਸਾਹਿਤ ਉਤਸਵ ਦੇ ਪਹਿਲੇ ਦਿਨ ਦਾ ਸਿਖਰ ਸੰਗੀਤਿਕ ਸ਼ਾਮ ਨਾਲ਼ ਹੋਇਆ ਜਿਸ ਤਹਿਤ ਫ਼ੈਰੋ ਫ਼ਲਿਊਡ ਗਰੁੱਪ ਨੇ ਆਪਣੇ ਵੱਖਰੇ ਰੰਗ ਨਾਲ਼ ਦਰਸ਼ਕਾਂ ਨੂੰ ਸਰਸ਼ਾਰ ਕੀਤਾ।