ਕਈ ਮਹੀਨਿਆਂ ਤੋਂ ਨਹੀਂ ਪਹੁੰਚਾਏ ਜਾ ਰਹੇ ਡਰਾਈਵਿੰਗ ਲਾਇਸੰਸ ਤੇ ਆਰਸੀਆਂ, ਲੋਕ ਹੋ ਰਹੇ ਹਨ ਪਰੇਸ਼ਾਨ
ਦੀਪਕ ਜੈਨ
ਜਗਰਾਉਂ, 13 ਫਰਵਰੀ 2025 - ਜਨਤਾ ਆਪਣੇ ਵਹੀਕਲਾਂ ਦੀਆਂ ਆਰਸੀਆਂ ਰਜਿਸਟਰੇਸ਼ਨ ਕਰਵਾਉਣ ਲਈ ਆਰਟੀਏ ਦਫਤਰ ਲੁਧਿਆਣਾ ਵਿਖੇ ਅਪਲਾਈ ਕਰ ਰਹੀ ਹੈ। ਪਰ ਸਰਕਾਰੀ ਦਫਤਰ ਅਤੇ ਸਰਕਾਰੀ ਅਮਲੇ ਦੀ ਲੇਟ ਲਤੀਫੀ ਕਾਰਨ ਪਿਛਲੇ ਕਈ ਮਹੀਨਿਆਂ ਤੋਂ ਜਨਤਾ ਨੂੰ ਆਪਣੇ ਵਾਹਨਾਂ ਦੀਆਂ ਆਰਸੀਆਂ ਸਮੇਂ ਸਿਰ ਨਹੀਂ ਮਿਲ ਰਹੀਆਂ।
ਜਿਸ ਕਾਰਨ ਜਨਤਾ ਆਪਣੇ ਵਹੀਕਲ ਸੜਕਾਂ ਉੱਪਰ ਆਪਣੇ ਰਿਸਕ ਉੱਤੇ ਉਤਾਰਦੀ ਹੈ ਅਤੇ ਜਦੋਂ ਪੁਲਿਸ ਵੱਲੋਂ ਉਹਨਾਂ ਦੇ ਕਾਗਜ਼ ਪੱਤਰ ਚੈੱਕ ਕਰਨ ਲਈ ਰੋਕਿਆ ਜਾਂਦਾ ਹੈ ਤਾਂ ਉਸ ਸਮੇਂ ਜਨਤਾ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਆਰਟੀਏ ਦਫਤਰ ਵੱਲੋਂ ਅਤੇ ਜਗਰਾਉਂ ਦੇ ਐਸਡੀਐਮ ਦਫਤਰ ਵੱਲੋਂ ਜਾਰੀ ਕੀਤੇ ਜਾ ਰਹੇ ਡਰਾਈਵਿੰਗ ਲਾਇਸੰਸ ਜਿਸ ਦੇ ਟੈਸਟ ਮੁਕੰਮਲ ਹੋਣ ਤੋਂ ਮਗਰੋਂ ਜਾਰੀ ਕੀਤੇ ਜਾਣੇ ਹੁੰਦੇ ਹਨ ਉਹ ਵੀ ਪਿਛਲੇ ਕਈ ਮਹੀਨਿਆਂ ਤੋਂ ਦਰਖਾਸਤਕਾਰਾਂ ਨੂੰ ਸਰਕਾਰ ਵੱਲੋਂ ਉਪਲਬਧ ਨਹੀਂ ਕਰਵਾਏ ਜਾ ਰਹੇ ਜਿਸ ਕਾਰਨ ਲਾਇਸੰਸ ਹੋਲਡਰ ਆਪਣੇ ਡਰਾਈਵਿੰਗ ਲਾਈਸੰਸ ਤੋਂ ਬਗੈਰ ਹੀ ਆਪਣੇ ਵਾਹਨ ਸੜਕਾਂ ਉੱਤੇ ਲੈ ਕੇ ਘੁੰਮ ਰਹੇ ਹਨ।
ਪੂਰੇ ਪੰਜਾਬ ਦੇ ਡਰਾਈਵਿੰਗ ਲਾਇਸੰਸ ਅਤੇ ਵਾਹਨਾ ਦੀਆਂ ਆਰਸੀਆਂ ਪ੍ਰਿੰਟ ਕਰਕੇ ਡਾਕ ਰਾਹੀਂ ਘਰਾਂ ਤੱਕ ਭੇਜਣ ਲਈ ਸਰਕਾਰ ਵੱਲੋਂ ਇੱਕ ਨਿੱਜੀ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਸੀ ਜਿਸ ਦਾ ਠੇਕਾ ਪਿਛਲੇ ਕਈ ਮਹੀਨਿਆਂ ਤੋਂ ਖਤਮ ਹੋ ਜਾਣ ਕਾਰਨ ਅਤੇ ਨਵੀਂ ਕੰਪਨੀ ਵੱਲੋਂ ਠੇਕਾ ਨਾ ਲਿੱਤੇ ਜਾਣ ਕਾਰਨ ਇਹ ਸਮੱਸਿਆ ਆ ਰਹੀ ਹੈ। ਵੈਸੇ ਤਾਂ ਪੁਲਿਸ ਵੱਲੋਂ ਅਜਿਹੇ ਵਾਹਨ ਚਾਲਕ ਮਾਲਕਾਂ ਨੂੰ ਰਿਆਇਤ ਦੇ ਕੇ ਛੱਡ ਦਿੱਤਾ ਜਾਂਦਾ ਹੈ ਪ੍ਰੰਤੂ ਅਜਿਹੇ ਵਾਹਨ ਜਦੋਂ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਜਾਂਦੇ ਹਨ ਤਾ ਬੀਮਾ ਕੰਪਨੀਆਂ ਅਜਿਹੇ ਵਾਹਨਾਂ ਦਾ ਕਲੇਮ ਦੇਣ ਲੱਗਿਆਂ ਪੂਰੀ ਤਰਹਾਂ ਆਨਾ ਕਾਣੀ ਕਰਦੀਆਂ ਹਨ ਅਤੇ ਵਾਹਣ ਮਾਲਕ ਨੂੰ ਬੀਮਾ ਕੰਪਨੀ ਤੋਂ ਮੁਆਵਜ਼ਾ ਲੈਣ ਲਈ ਅਦਾਲਤਾਂ ਤੱਕ ਦੇ ਦਰਵਾਜੇ ਵੀ ਖੜਕਾਉਣੇ ਪੈਂਦੇ ਹਨ।
ਇਸ ਤੋਂ ਇਲਾਵਾ ਵਾਹਨ ਚਾਲਕ ਬਿਨਾਂ ਆਰਸੀ ਅਤੇ ਡਰਾਈਵਿੰਗ ਲਾਇਸੰਸ ਤੋਂ ਆਪਣੇ ਵਾਹਨ ਦੂਜੇ ਰਾਜਾਂ ਵਿੱਚ ਲਿਜਾਣ ਤੋਂ ਵੀ ਗੁਰੇਜ ਕਰਦੇ ਹਨ ਕਿਉਂ ਕਿ ਉਥੋਂ ਦੀ ਪੁਲਿਸ ਉਹਨਾਂ ਨਾਲ ਅਜਿਹੇ ਮਾਮਲੇ ਵਿੱਚ ਕੋਈ ਰਿਆਇਤ ਨਹੀਂ ਕਰਦੀ ਅਤੇ ਟੋਲ ਪਲਾਜਾ ਉੱਪਰ ਵੀ ਟੋਲ ਕੰਪਨੀਆਂ ਵੱਲੋਂ ਫਾਸਟ ਟੈਗ ਨਾ ਹੋਣ ਕਾਰਨ ਦੁਗਨਾ ਟੋਲ ਕਟਿਆ ਜਾਂਦਾ ਹੈ।
ਜਦੋਂ ਇਸ ਸਮੱਸਿਆ ਬਾਰੇ ਆਰਟੀਏ ਕੁਲਦੀਪ ਬਾਵਾ ਨਾਲ ਫੋਨ ਤੇ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਨੇ ਇਹ ਮੈਸੇਜ ਕਰਕੇ ਫੋਨ ਬੰਦ ਕਰ ਦਿੱਤਾ ਕਿ ਉਹ ਚੰਡੀਗੜ੍ਹ ਵਿਖੇ ਕਿਸੇ ਜਰੂਰੀ ਮੀਟਿੰਗ ਉਪਰ ਆਏ ਹੋਏ ਹਨ ਅਤੇ ਬਾਅਦ ਵਿੱਚ ਪੱਤਰਕਾਰ ਨਾਲ ਗੱਲ ਕਰਨਗੇ ਪਰ ਲੰਮਾ ਸਮਾਂ ਬੀਤ ਜਾਣ ਮਗਰੋਂ ਉਹਨਾਂ ਨੇ ਪੱਤਰਕਾਰ ਨੂੰ ਵਾਪਸ ਫੋਨ ਨਹੀਂ ਕੀਤਾ।