26 ਜਨਵਰੀ ਦੇ ਸਮਾਗਮ ਵਿੱਚ ਕਾਲੀਆ ਝੰਡੇ ਦਿਖਾਉਣਗੇ ਅਨਏਡਿਡ ਅਧਿਆਪਕ
ਰੋਹਿਤ ਗੁਪਤਾ
ਗੁਰਦਾਸਪੁਰ 22 ਜਨਵਰੀ 2025 - ਸਟੇਟ ਪ੍ਰਧਾਨ ਸ਼੍ਰੀ ਨਿਰਭੈ ਸਿੰਘ ਜਹਾਂਗੀਰ ਅਤੇ ਸਟੇਟ ਉਪ ਪ੍ਰਧਾਨ ਸ਼੍ਰੀ ਸੁਖਚੈਨ ਸਿੰਘ ਜੌਹਲ ਦੀ ਅਗਵਾਈ ਹੇਠ ਅਨ ਏਡੇਡ ਅਧਿਆਪਕ ਯੂਨੀਅਨ(ਏਡੇਡ ਸਕੂਲ )ਪੰਜਾਬ ਦੀ ਮੀਟਿੰਗ ਹੋਈ ਜਿਸ ਵਿਚ ਯੂਨੀਅਨ ਮੈਂਬਰਾਂ ਨੂੰ ਸੰਬੋਧਿਤ ਕਰਦੇ ਆਗੂਆਂ ਨੇ ਦੱਸਿਆ ਕਿ ਯੂਨੀਅਨ ਵਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਅਤੇ ਹੱਕਾਂ ਸਬੰਧੀ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਸਿਖਿਆ ਮੰਤਰੀ ਸਾਹਿਬ ਅਤੇ ਮੁੱਖ ਮੰਤਰੀ ਸਬ ਕਮੇਟੀ ਜਿਸ ਵਿਚ ਆਪ ਪ੍ਰਧਾਨ ਸ਼੍ਰੀ ਅਮਨ ਅਰੋੜਾ, ਵਿਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਸ਼੍ਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਕਈ ਦੌਰ ਦੀਆਂ ਮੀਟਿੰਗਾਂ ਕਰ ਚੁੱਕੇ ਹਨ ਪਰ ਕੋਈ ਸਕਾਰਾਤਮਕ ਨਤੀਜਾ ਨਹੀਂ ਨਿਕਲਿਆ।
ਸਰਕਾਰ ਯੂਨੀਅਨ ਦੀਆਂ ਇਨ੍ਹਾਂ ਮੰਗਾਂ ਸਬੰਧੀ ਨਕਾਰਾਤਮਕ ਰਵੱਇਆ ਹੀ ਆਪਣਾ ਰਹੀ ਹੈ ਤੇ ਯੂਨੀਅਨ ਦੇ ਹੱਕਾਂ ਅਤੇ ਮੰਗਾਂ ਨੂੰ ਅਣਗੌਲਿਆ ਕਰ ਰਹੀ ਹੈ ਜਿਸ ਕਾਰਨ ਹੁਣ ਇਕ ਵਾਰ ਫਿਰ ਸਰਕਾਰ ਤੱਕ ਆਪਣੀ ਆਵਾਜ ਪਹੁੰਚਾਉਣ ਲਈ ਯੂਨੀਅਨ ਵੱਲੋਂ ਜਿਲ੍ਹਾ ਪੱਧਰ ਤੇ ਪੰਜਾਬ ਭਰ ਵਿੱਚ ਗਣਤੰਤਰ ਦਿਵਸ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ। ਜਿਸ ਦੇ ਅੰਤਰਗਤ ਜਿਲ੍ਹਾ ਗੁਰਦਾਸਪੁਰ ਵਿਚ ਸ਼੍ਰੀ ਕੁਲਦੀਪ ਸਿੰਘ ਧਾਲੀਵਾਲ ਦੇ 26 ਜਨਵਰੀ ਨੂੰ ਝੰਡਾ ਲਹਿਰਾਉਣ ਦੇ ਸਮਾਗਮ ਤੇ ਯੂਨੀਅਨ ਵਲੋਂ ਕਾਲੀਆਂ ਝੰਡੀਆਂ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।