ਸ਼ੈਲਟਰ ਨੇ ਪ੍ਰਦੂਸ਼ਣ ਮੁਕਤ ਸਕੂਲ ਮੁਹਿੰਮ ਚਲਾ ਅਸਲ ਭੂਮਿਕਾ ਨਿਭਾਈ : ਡਾ. ਮੁਲਤਾਨੀ
- ਸਰਕਾਰ ਸਿਰਫ ਨਾਅਰਿਆਂ ਤੱਕ ਸੀਮਤ,ਚਾਰ ਹੋਰ ਸਕੂਲਾਂ ਨੂੰ ਚੂਲੇ ਵੰਡੇ
ਮਲਕੀਤ ਸਿੰਘ ਮਲਕਪੁਰ
ਲਾਲੜੂ 22 ਜਨਵਰੀ 2025: ਭਾਰਤ ਸਰਕਾਰ ਨੇ 2014 ਵਿੱਚ ਸਾਫ ਭਾਰਤ, ਸਵੱਸਥ ਭਾਰਤ ਦਾ ਨਾਅਰਾ ਦੇ ਕੇ ਇੱਕ ਆਸ ਜਗਾਈ ਸੀ ਕਿ ਸਰਕਾਰਾਂ ਹੁਣ ਪ੍ਰਦੂਸ਼ਣ ਵੱਲ ਜ਼ਿਆਦਾ ਧਿਆਨ ਦੇਣਗੀਆਂ ਪਰ ਇਹ ਮੁਹਿੰਮ ਵੀ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਜ਼ਿਆਦਾ ਤੇ ਗਰਾਊਂਡ 'ਤੇ ਘੱਟ ਮਿਲ ਰਹੀ ਹੈ ਜਦਕਿ ਸ਼ੈਲਟਰ ਚੈਰੀਟੇਬਲ ਟਰੱਸਟ ( ਰਜਿਸਟਰਡ ਸੁਸਾਇਟੀ) ਲਾਲੜੂ ਜੋ ਕਿ ਸਿਹਤ, ਸਿੱਖਿਆ, ਖੇਡਾਂ ਦੀ ਤਰੱਕੀ ਅਤੇ ਪ੍ਰਦੂਸ਼ਣ ਘਟਾਉਣ ਦੇ ਪਿਛਲੇ ਤੀਹ ਸਾਲਾਂ ਤੋਂ ਡੇਰਾਬੱਸੀ ਅਤੇ ਹੋਰ ਇਲਾਕਿਆਂ ਵਿੱਚ ਉਪਰਾਲੇ ਕਰ ਰਹੀ ਹੈ , ਨੇ ਇਸ ਮੁਹਿੰਮ ਨੂੰ ਅੱਗੇ ਤੋਰਦਿਆਂ ਅੱਜ ਚਾਰ ਹੋਰ ਸਕੂਲਾਂ ਨੂੰ ਧੂੰਆਂ ਮੁਕਤ ਕਰਨ ਲਈ ਗੈਸ ਚੁੱਲ੍ਹੇ ਅਤੇ ਭੱਠੀਆਂ ਦਿਤੀਆਂ ।
ਸਰਕਾਰੀ ਪ੍ਰਾਇਮਰੀ ਸਕੂਲ ਧੀਰੇ ਮਾਜਰਾ,ਸਰਕਾਰੀ ਪ੍ਰਾਇਮਰੀ ਸਕੂਲ ਬੜਾਣਾ, ਸਰਕਾਰੀ ਹਾਈ ਸਕੂਲ ਦੱਪਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਘੋਲੂ ਮਾਜਰਾ ਨੂੰ ਮਿਡ ਡੇ ਮੀਲ ਬਣਾਉਣ ਲਈ ਭੱਠੀਆਂ ਚੁੱਲੇ ਦਾਨ ਕਰਨ ਸਮੇਂ ਡਾ ਦਲੇਰ ਸਿੰਘ ਮੁਲਤਾਨੀ, ਸਿਵਲ ਸਰਜਨ (ਰਿਟਾ) ਅਤੇ ਸ਼ੈਲਟਰ ਦੇ ਪ੍ਰਧਾਨ ਨੇ ਦੱਸਿਆ ਕਿ ਟਰੱਸਟ ਵੱਲੋਂ ਹੁਣ ਤੱਕ ਡੇਰਾਬੱਸੀ ਇਲਾਕੇ ਅਤੇ ਪੰਜਾਬ ਦੇ ਹੋਰ ਸੌਂ ਤੋਂ ਵੱਧ ਸਕੂਲਾਂ ਨੂੰ ਧੂੰਆਂ ਮੁਕਤ ਸਕੂਲ ਅਤੇ ਸਾਫ ਪਾਣੀ ਦੇ ਨਾਲ ਨਾਲ ਖੇਡ ਗਰਾਊਂਡ ਆਦਿ ਬਣਾਉਣ ਵਿੱਚ ਮਦਦ ਕੀਤੀ ਗਈ ਹੈ ।
ਡਾ ਮੁਲਤਾਨੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਸਕੂਲਾਂ ਨੂੰ ਸੈਲਟਰ ਚੈਰੀਟੇਬਲ ਟਰੱਸਟ ਵੱਲੋਂ ਗੈਸ ਚੁਲੇ ਤੇ ਭੱਠੀਆਂ ਦੇ ਦਿਤੀਆਂ ਗਈਆਂ ਹਨ , ਉਨ੍ਹਾਂ ਸਕੂਲਾਂ ਨੂੰ ਲੱਕੜੀ ਦੇ ਬਜਟ ਦੀ ਥਾਂ ਸਰਕਾਰ ਵੱਲੋਂ ਲੋੜੀਂਦੇ ਗੈਸ ਸਲੰਡਰ ਅਤੇ ਉਨ੍ਹਾਂ ਦੀ ਭਰਾਈ ਲਈ ਲੋੜੀਂਦਾ ਬਜਟ ਦਿੱਤਾ ਜਾਵੇ ਤਾਂ ਕਿ ਪ੍ਰਦੂਸ਼ਣ ਮੁਕਤ ਸਕੂਲ ਮੁਹਿੰਮ ਹੋਰ ਅੱਗੇ ਵੱਧ ਸਕੇ ਅਤੇ ਨਿਗੂਣੀ ਤਨਖਾਹ ਉਤੇ ਕੰਮ ਕਰਦੀਆਂ ਔਰਤਾਂ, ਬੱਚਿਆਂ ਤੇ ਸਟਾਫ ਦੀ ਸਿਹਤ ਵੀ ਖਰਾਬ ਨਾ ਹੋਵੇ ।
ਡਾ ਮੁਲਤਾਨੀ ਨੇ ਸੈਲਟਰ ਵੱਲੋਂ ਸ਼ਹੀਦ ਸੂਬੇਦਾਰ ਬਲਬੀਰ ਸਿੰਘ ਸਰਕਾਰੀ ਹਾਈ ਸਕੂਲ ਦੱਪਰ ਦੇ ਹੈੱਡ ਮਾਸਟਰ ਅਤੇ ਸਟਾਫ ਨੂੰ ਭਾਰਤ ਸਰਕਾਰ ਵੱਲੋਂ ਦੱਪਰ ਸਕੂਲ ਨੂੰ ਗਰੀਨ ਸਕੂਲ ਦਾ ਐਵਾਰਡ ਦੇ ਐਲਾਨ ਦੀ ਵਧਾਈ ਦਿੰਦਿਆਂ ਦੱਸਿਆ ਕਿ ਸ਼ੈਲਟਰ ਵਲੋ ਦੱਪਰ ਦੇ ਸਕੂਲ ਨੂੰ ਪੰਜਾਬ ਦਾ ਨਮੂਨੇ ਦਾ ਸਰਕਾਰੀ ਸਕੂਲ ਬਣਾਉਣ ਵਿੱਚ ਲਗਾਤਾਰ ਮਦਦ ਕੀਤੀ ਜਾ ਰਹੀ ਤਾਂ ਕਿ ਮਿਹਨਤੀ ਸਟਾਫ਼ ਨੂੰ ਹੋਰ ਉਤਸ਼ਾਹਤ ਕਰਕੇ ਬੱਚਿਆਂ ਨੂੰ ਸਹੂਲਤਾਂ ਦੇ ਨਾਲ ਨਾਲ ਚੰਗੀ ਪੜ੍ਹਾਈ ਵੀ ਮਿਲ ਸਕੇ ।
ਡਾ. ਮੁਲਤਾਨੀ ਨੇ ਦੱਸਿਆ ਕਿ ਸਕੂਲਾਂ ਵਿੱਚ ਸਾਫ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਕਈ ਵਾਰ ਬੱਚਿਆਂ ਨੂੰ ਕਈ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ। ਡਾ. ਮੁਲਤਾਨੀ ਨੇ ਮੰਗ ਕੀਤੀ ਕਿ ਸਰਕਾਰ ਸਾਰੇ ਸਕੂਲਾਂ ਵਿੱਚ ਗੈਸ ਚੁਲੇ ਭੱਠੀਆਂ ਦਾ ਪ੍ਰਬੰਧ ਕਰੇ ਅਤੇ ਲੱਕੜਾਂ ਬਾਲਣਾ ਬੰਦ ਕਰੇ ।ਇਸੇ ਤਰ੍ਹਾਂ ਵਾਟਰ ਕੂਲਰ ਅਤੇ ਆਰ ਓ ਲਗਾ ਕੇ ਸਾਫ ਪਾਣੀ ਦਾ ਪ੍ਰਬੰਧ ਸਾਰੇ ਸਕੂਲਾਂ ਵਿੱਚ ਹੋਣਾ ਚਾਹੀਦਾ ਹੈ।
ਡਾ. ਮੁਲਤਾਨੀ ਨੇ ਕਿਹਾ ਕਿ ਜੇਕਰ ਬੱਚਿਆਂ ਦੀ ਪੜ੍ਹਾਈ ਅਤੇ ਸਿਹਤ ਦਾ ਪੱਧਰ ਉੱਚਾ ਚੁਕਣਾ ਤਾਂ ਪ੍ਰਾਇਮਰੀ ਸਕੂਲਾਂ ਵੱਲ ਜ਼ਿਆਦਾ ਧਿਆਨ ਦੇਣਾ ਪਵੇਗਾ। ਇਸ ਮੌਕੇ ਟਰੱਸਟ ਦੇ ਮੀਤ ਪ੍ਰਧਾਨ ਲਾਭ ਸਿੰਘ ,ਜਨਰਲ ਸਕੱਤਰ ਰਾਜਬੀਰ ਸਿੰਘ, ਖਜ਼ਾਨਚੀ ਰਘੂਬੀਰ ਜੁਨੇਜਾ, ਪ੍ਰੈੱਸ ਸਕੱਤਰ ਸਤੀਸ਼ ਰਾਣਾ,ਕੌਂਸਲਰ ਪਵਨ ਕੁਮਾਰ ,ਵੱਖ -ਵੱਖ ਸਕੂਲਾਂ ਦੇ ਅਧਿਆਪਕ ਤੇ ਸਿਹਤ ਕੇਂਦਰ ਦਾ ਸਮੁੱਚਾ ਸਟਾਫ ਹਾਜ਼ਰ ਸੀ ।
ਗੈਸ ਚੁੱਲੇ ਭੇਂਟ ਕਰਨ ਉਪਰੰਤ ਸਕੂਲ ਮੁੱਖੀਆਂ ਨਾਲ ਸੈਲਟਰ ਚੈਰੀਟੇਬਲ ਟਰੱਸਟ ਦੇ ਅਹੁਦੇਦਾਰ।