ਡਾ.ਜੌਹਲ ਨੂੰ 'ਸੈਣੀ ਪੁਰਸਕਾਰ' ਮਿਲਣ "ਤੇ ਲੇਖਕਾਂ ਵੱਲੋਂ ਵਧਾਈ
ਫਰੀਦਕੋਟ, 7 ਦਸੰਬਰ 2024: ਉੱਘੇ ਆਜ਼ਾਦੀ ਘੁਲਾਟੀਏ, ਸਾਹਿਤਕਾਰ ਅਤੇ ਪੱਤਰਕਾਰ ਸਵਰਗੀ ਅਜੀਤ ਸੈਣੀ ਦੀ ਯਾਦ ਵਿੱਚ ਹਰ ਸਾਲ ਦਿੱਤੇ ਜਾਣ ਵਾਲਾ "ਅਜੀਤ ਸੈਣੀ ਯਾਦਗਾਰੀ ਪੁਰਸਕਾਰ" ਇਸ ਵਾਰੀ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਉੱਘੇ ਪੰਜਾਬੀ ਕਵੀ ਡਾਕਟਰ ਲਖਵਿੰਦਰ ਸਿੰਘ ਜੌਹਲ ਨੂੰ ਦਿੱਤਾ ਜਾਵੇਗਾ।
ਜਲੰਧਰ ਵੈਲਫੇਅਰ ਸੋਸਾਇਟੀ ਵੱਲੋਂ ਸਾਲ 2024 ਦੇ ਪੁਰਸਕਾਰ ਦਾ ਐਲਾਨ ਕਰਦਿਆਂ ਡਾਕਟਰ ਸੁਸ਼ਮਾ ਚਾਵਲਾ ਅਤੇ ਸੁਰਿੰਦਰ ਸੈਣੀ ਨੇ ਦੱਸਿਆ ਕਿ ਡਾਕਟਰ ਲਖਵਿੰਦਰ ਸਿੰਘ ਜੌਹਲ ਨੂੰ ਦਿੱਤਾ ਜਾਣ ਵਾਲਾ ਇਹ ਪੁਰਸਕਾਰ ਸੱਤਵਾਂ ਪੁਰਸਕਾਰ ਹੈ। ਡਾ ਲਖਵਿੰਦਰ ਜੌਹਲ ਇਕੋ ਸਮੇਂ ਸਮਰੱਥ ਉਘੇ ਸ਼ਾਇਰ ਤੇ ਵਾਰਤਕ ਲੇਖਕ ਹਨ। ਆਪ ਇਕ ਦਰਜਨ ਪੁਸਤਕਾਂ ਦੇ ਰਚਨਹਾਰੇ ਹਨ। ਫਰੀਦਕੋਟ ਤੇ ਸਾਦਿਕ ਇਲਾਕੇ ਦੀਆਂ ਸਾਹਿਤਕ ਜਥੇਬੰਦੀਆਂ ਨੇ ਡਾ ਜੌਹਲ ਨੂੰ ਇਸ ਮੌਕੇ ਵਧਾਈ ਦਿੱਤੀ ਹੈ। ਬਾਬਾ ਸ਼ੇਖ ਫਰੀਦ ਸਾਹਿਤ ਵਿਚਾਰ ਮੰਚ ਦੇ ਆਗੂਆਂ ਨਿੰਦਰ ਘੁਗਿਆਣਵੀ, ਡਾ ਅਮਰਜੀਤ ਅਰੋੜਾ, ਸ਼ਾਇਰ ਨਵੀ ਨਵਪ੍ਰੀਤ ਤੇ ਸੁਖਵਿੰਦਰ ਮਰਾੜ ਨੇ ਇਸ ਸਾਹਿਤਕ ਫੈਸਲੇ ਦਾ ਸਵਾਗਤ ਕੀਤਾ ਹੈ। ਇਹ ਪੁਰਸਕਾਰ 10 ਦਸੰਬਰ ਨੂੰ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਕੀਤੇ ਜਾਣ ਵਾਲੇ ਇੱਕ ਸਮਾਗਮ ਵਿੱਚ ਭੇਟ ਕੀਤਾ ਜਾਵੇਗਾ।