ਲੁਧਿਆਣਾ ਪੁਲਿਸ ਦੀ ਵੱਡੀ ਕਾਰਵਾਈ! ਵਾਹਨ ਚੋਰ ਗਿਰੋਹ ਦੇ 2 ਮੈਂਬਰ ਕਾਬੂ
6 ਐਕਟਿਵਾ, 2 ਮੋਬਾਈਲ ਤੇ ਗੈਸ ਸਿਲੰਡਰ ਬਰਾਮਦ
ਸੁਖਮਿੰਦਰ ਭੰਗੂ
ਲੁਧਿਆਣਾ, 02 ਜੂਨ 2026- ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਕਰਨ ਅਤੇ ਅਪਰਾਧਿਕ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਵਾਹਨ ਚੋਰੀ ਕਰਨ ਵਾਲੇ ਗਿਰੋਹ ਦੇ 2 ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਚੋਰੀ ਦੀਆਂ 06 ਐਕਟਿਵਾ, 02 ਮੋਬਾਈਲ ਫ਼ੋਨ ਅਤੇ 01 ਗੈਸ ਸਿਲੰਡਰ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਲੁਧਿਆਣਾ ਸਵਪਨ ਸ਼ਰਮਾ (IPS), ਰੁਪਿੰਦਰ ਸਿੰਘ (IPS), ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਜ਼ੋਨ-3) ਦੇਵ ਸਿੰਘ (PPS), ਸਹਾਇਕ ਕਮਿਸ਼ਨਰ ਪੁਲਿਸ (ਸਿਵਲ ਲਾਈਨ) ਸਰਬਜੀਤ ਸਿੰਘ (PPS) ਅਤੇ ਥਾਣਾ ਡਵੀਜ਼ਨ ਨੰਬਰ 08 ਦੇ ਮੁੱਖ ਅਫ਼ਸਰ ਇੰਸਪੈਕਟਰ ਅੰਮ੍ਰਿਤਪਾਲ ਸ਼ਰਮਾ ਦੀਆਂ ਹਦਾਇਤਾਂ 'ਤੇ DMC ਚੌਕੀ ਦੇ ਇੰਚਾਰਜ ASI ਬਲਦੇਵ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਇਲਾਕੇ ਵਿੱਚ ਨਾਕਾਬੰਦੀ ਕੀਤੀ ਗਈ ਸੀ।
ਮਿਤੀ 30-05-2026 ਨੂੰ ਚੈਕਿੰਗ ਦੌਰਾਨ ਪੁਲਿਸ ਨੇ ਇੱਕ ਸਿਲਵਰ ਰੰਗ ਦੀ ਐਕਟਿਵਾ (ਨੰਬਰੀ PB 10 GG 7886) 'ਤੇ ਸਵਾਰ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ। ਜਦੋਂ ਪੁਲਿਸ ਨੇ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਵਾਹਨ ਚੋਰੀ ਦੇ ਇਸ ਵੱਡੇ ਮਾਮਲੇ ਦਾ ਖ਼ੁਲਾਸਾ ਹੋਇਆ।
ਫ਼ੜੇ ਗਏ ਮੁਲਜ਼ਮਾਂ ਦੀ ਪਛਾਣ ਹੇਮੰਤ ਵਰਮਾ ਉਰਫ਼ ਕਾਕਾ ਉਰਫ਼ ਪ੍ਰਿੰਸ ਪੁੱਤਰ ਅਸ਼ਵਨੀ ਵਰਮਾ (ਵਾਸੀ ਮਕਾਨ ਨੰਬਰ 3177, ਗਲੀ ਨੰਬਰ 07, ਨਿਊ ਟੈਗੋਰ ਨਗਰ, ਵੱਡੀ ਹੈਬੋਵਾਲ, ਲੁਧਿਆਣਾ) ਅਤੇ ਗੁਲਸ਼ਨ ਸ਼ਰਮਾ ਉਰਫ਼ ਗੋਸ਼ਾ ਪੁੱਤਰ ਪਵਨ ਸ਼ਰਮਾ (ਵਾਸੀ ਮੁਹੱਲਾ ਚੰਦਨਪੁਰੀ, ਨੇੜੇ ਘੰਟਾ ਘਰ ਚੌਕ, ਲੁਧਿਆਣਾ; ਹਾਲ ਕਿਰਾਏਦਾਰ ਨੇੜੇ ਰੰਧਾਵਾ ਸਵਿਮਿੰਗ ਪੂਲ, ਜੱਸੀਆਂ ਰੋਡ, ਲੁਧਿਆਣਾ) ਵਜੋਂ ਹੋਈ ਹੈ।
ਪੁਲਿਸ ਰਿਕਾਰਡ ਮੁਤਾਬਕ ਮੁਲਜ਼ਮ ਹੇਮੰਤ ਵਰਮਾ ਉਰਫ਼ ਕਾਕਾ ਇੱਕ ਪੇਸ਼ੇਵਰ ਅਪਰਾਧੀ ਹੈ, ਜਿਸ ਦੇ ਖ਼ਿਲਾਫ਼ ਪਹਿਲਾਂ ਵੀ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ 05 ਅਪਰਾਧਿਕ ਮੁਕੱਦਮੇ ਦਰਜ ਹਨ। ਦੂਜੇ ਮੁਲਜ਼ਮ ਗੁਲਸ਼ਨ ਸ਼ਰਮਾ ਖ਼ਿਲਾਫ਼ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ।
ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ 08, ਲੁਧਿਆਣਾ ਵਿਖੇ ਮੁਕੱਦਮਾ ਨੰਬਰ 160 (ਮਿਤੀ 30-05-2026) ਅਧੀਨ ਧਾਰਾ 303(2), 317(2), 3(5) ਬੀ.ਐੱਨ.ਐੱਸ. (BNS) ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਸ਼ਹਿਰ ਵਿੱਚ ਹੋਈਆਂ ਕੁਝ ਹੋਰ ਚੋਰੀਆਂ ਦੇ ਸੁਰਾਗ ਵੀ ਲਗਾਏ ਜਾ ਸਕਣ।
- Download Babushahi App
-
-