ਹੜ੍ਹ ਪ੍ਰਭਾਵਿਤ ਸੁਮਾਸ ਪ੍ਰੇਰੀ ਲਈ ਐਬਸਫੋਰਡ ਸਿਟੀ ਵੱਲੋਂ ਬਿਲਡਿੰਗ ਪਰਮਿਟ ਫੀਸਾਂ ਮੁਆਫ ਦਾ ਐਲਾਨ
ਹਰਦਮ ਮਾਨ
ਐਬਸਫੋਰਡ, 17 ਦਸੰਬਰ 2025-ਬੀਤੇ ਦਿਨੀਂ ਆਏ ਭਾਰੀ ਹੜ੍ਹਾਂ ਕਾਰਨ ਪ੍ਰਭਾਵਿਤ ਜਾਇਦਾਦ ਮਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਐਬਸਫੋਰਡ ਸਿਟੀ ਕੌਂਸਲ ਨੇ ਬਿਲਡਿੰਗ ਪਰਮਿਟ ਫੀਸਾਂ ਮੁਆਫ ਕਰਨ ਦਾ ਅਹਿਮ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਹੜ੍ਹ ਨਾਲ ਨੁਕਸਾਨੀ ਹੋਈਆਂ ਇਮਾਰਤਾਂ ਦੀ ਮੁਰੰਮਤ, ਢਾਹੁਣ ਅਤੇ ਪੁਨਰ ਨਿਰਮਾਣ ਲਈ ਪਰਮਿਟ ਜਾਰੀ ਕਰਨ ਦੀ ਪ੍ਰਕਿਰਿਆ ਨੂੰ ਵੀ ਤੇਜ਼ ਕੀਤਾ ਜਾ ਰਿਹਾ ਹੈ।
ਸਿਟੀ ਪ੍ਰਸ਼ਾਸਨ ਅਨੁਸਾਰ ਇਹ ਫੈਸਲਾ ਖ਼ਾਸ ਤੌਰ ‘ਤੇ ਸੁਮਾਸ ਪ੍ਰੇਰੀ ਖੇਤਰ ਦੇ ਉਹਨਾਂ ਜਾਇਦਾਦ ਮਾਲਕਾਂ ਦੀ ਮਦਦ ਲਈ ਕੀਤਾ ਗਿਆ ਹੈ ਜੋ ਹੜ੍ਹ ਤੋਂ ਬਾਅਦ ਰਿਕਵਰੀ ਅਤੇ ਬਹਾਲੀ ਦੇ ਦੌਰ ਵਿੱਚ ਹਨ। ਕੌਂਸਲ ਦਾ ਮੰਨਣਾ ਹੈ ਕਿ ਬਿਲਡਿੰਗ ਪਰਮਿਟ ਫੀਸਾਂ ਮੁਆਫ ਹੋਣ ਨਾਲ ਪ੍ਰਭਾਵਿਤ ਪਰਿਵਾਰਾਂ ‘ਤੇ ਪਿਆ ਆਰਥਿਕ ਦਬਾਅ ਘਟੇਗਾ ਅਤੇ ਉਹ ਆਪਣੀ ਜਾਇਦਾਦ ਨੂੰ ਜਲਦੀ ਰਹਿਣ-ਯੋਗ ਬਣਾਉਣ ਵੱਲ ਕਦਮ ਚੁੱਕ ਸਕਣਗੇ।
ਦੱਸਣਯੋਗ ਹੈ ਕਿ ਹੜ੍ਹਾਂ ਦੌਰਾਨ ਸੁਮਾਸ ਪ੍ਰੇਰੀ ਵਿੱਚ ਕੁੱਲ 485 ਜਾਇਦਾਦਾਂ ਨੂੰ ਨਿਕਾਸੀ ਆਦੇਸ਼ਾਂ ਹੇਠ ਰੱਖਿਆ ਗਿਆ ਸੀ। ਜਿਵੇਂ-ਜਿਵੇਂ ਹਾਲਾਤ ਸੁਧਰ ਰਹੇ ਹਨ ਅਤੇ ਨਿਕਾਸੀ ਆਦੇਸ਼ ਹਟਾਏ ਜਾ ਰਹੇ ਹਨ, ਨਿਵਾਸੀ ਮੁੜ ਆਪਣੇ ਘਰਾਂ ਵੱਲ ਵਾਪਸੀ ਦੀ ਤਿਆਰੀ ਕਰ ਰਹੇ ਹਨ। ਮੌਜੂਦਾ ਸਮੇਂ 11 ਜਾਇਦਾਦਾਂ ਲਈ ਨਿਕਾਸੀ ਆਦੇਸ਼ ਅਜੇ ਵੀ ਲਾਗੂ ਹਨ, ਜਦਕਿ 474 ਜਾਇਦਾਦਾਂ ਨਿਕਾਸੀ ਅਲਰਟ ਹੇਠ ਹਨ।
ਮੌਸਮੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਸਿਟੀ ਵੱਲੋਂ ਦੱਸਿਆ ਗਿਆ ਕਿ ਵਾਤਾਵਰਣ ਕੈਨੇਡਾ ਨੇ ਐਬਟਸਫੋਰਡ ਲਈ ਭਾਰੀ ਮੀਂਹ ਦੀ ਚੇਤਾਵਨੀ ਹਟਾ ਦਿੱਤੀ ਹੈ। ਹਾਲਾਂਕਿ, ਬੀਸੀ ਰਿਵਰ ਫੋਰਕਾਸਟ ਸੈਂਟਰ ਵੱਲੋਂ ਸੁਮਾਸ ਨਦੀ ਲਈ ਹੜ੍ਹ ਦੀ ਚੇਤਾਵਨੀ ਅਜੇ ਵੀ ਜਾਰੀ ਹੈ, ਪਰ ਰਾਹਤ ਦੀ ਗੱਲ ਇਹ ਹੈ ਕਿ ਨਦੀ ਦਾ ਪਾਣੀ ਪੱਧਰ ਹੌਲੀ-ਹੌਲੀ ਘਟ ਰਿਹਾ ਹੈ।
ਐਬਸਫੋਰਡ ਸਿਟੀ ਕੌਂਸਲ ਨੇ ਪ੍ਰਭਾਵਿਤ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਬਹਾਲੀ ਕਾਰਜ ਸ਼ੁਰੂ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਜਾਂ ਸਹਾਇਤਾ ਲਈ ਸਿਟੀ ਦੇ ਸੰਬੰਧਿਤ ਵਿਭਾਗਾਂ ਨਾਲ ਸੰਪਰਕ ਬਣਾਈ ਰੱਖਣ।