31 ਦਸੰਬਰ ਨੂੰ ਨਵੇਂ ਸਾਲ ਦੀ ਸ਼ੁਰੂਆਤ ਭਗਵਾਨ ਸ੍ਰੀ ਰਾਮ ਦੇ ਗੁਣਗਾਨ ਨਾਲ ਹੋਵੇਗੀ- ਸ਼੍ਰੀ ਸਨਾਤਨ ਜਾਗਰਨ ਮੰਚ
ਸ਼ਹਿਰ ਦੀਆਂ ਸਮਾਜੀਕ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਅਲੋਕਿਕ ਅਤੇ ਵਿਸ਼ਾਲ ਬਣੇਗੀ ਸ਼ੋਭਾ ਯਾਤਰਾ
ਰੋਹਿਤ ਗੁਪਤਾ
ਗੁਰਦਾਸਪੁਰ 17 ਦਸੰਬਰ 2025- ਸ਼੍ਰੀ ਸਨਾਤਨ ਜਾਗਰਨ ਮੰਚ ਦੀ ਇੱਕ ਵਿਸ਼ੇਸ਼ ਬੈਠਕ ਇੱਕ ਸਥਾਨਕ ਮੰਦਰ ਦੇ ਹਾਲ ਵਿੱਚ ਹੋਈ ਜਿਸ ਵਿੱਚ 31 ਦਸੰਬਰ ਨੂੰ ਸਜਾਈ ਜਾਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ ਵਿੱਚ ਸ਼ਹਿਰ ਦੀਆਂ ਲਗਭਗ ਸਾਰੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਮੌਜੂਦ ਸਨ।
ਇਸ ਮੌਕੇ ਸ਼੍ਰੀ ਸਨਾਤਨ ਜਾਗਰਨ ਮੰਚ ਦੇ ਪ੍ਰਧਾਨ ਪਵਨ ਸ਼ਰਮਾ ਨੇ ਕਿਹਾ ਕਿ ਇਹ ਸ਼ਹਿਰ ਨਿਵਾਸੀਆਂ ਨੂੰ ਇੱਕ ਸੁਨਹਿਰੀ ਮੌਕਾ ਮਿਲਿਆ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਭਗਵਾਨ ਰਾਮ ਦੇ ਅਸ਼ੀਰਵਾਦ ਨਾਲ ਹੋਣ ਜਾ ਰਹੀ ਹੈ। ਉਹਨਾਂ ਕਿਹਾ ਕਿ ਨਵੇਂ ਸਾਲ ਨੂੰ ਲੋਕ ਵੱਖ-ਵੱਖ ਢੰਗਾਂ ਨਾਲ ਮਨਾਉਂਦੇ ਹਨ ਪਰ ਇਸ ਵਾਰ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਨਵੇਂ ਸਾਲ ਤੋਂ ਪਹਿਲਾਂ 31 ਦਸੰਬਰ ਨੂੰ ਗੁਰਦਾਸਪੁਰ ਵਿੱਚ ਅਯੋਧਿਆ ਵਿੱਚ ਸ਼੍ਰੀ ਰਾਮ ਮੰਦਰ ਦੀ ਮੂਰਤੀ ਸਥਾਪਨਾ ਦੀ ਤੀਸਰੀ ਵਰੇਗੰਡ ਤੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾ ਰਹੀ ਹੈ।
ਉਹਨਾਂ ਬੈਠਕ ਵਿੱਚ ਸ਼ਾਮਿਲ ਸ਼ਹਿਰ ਦੀਆਂ ਤਮਾਮ ਸਮਾਜਿਕ ਅਤੇ ਧਾਰਮਿਕ ਜਥੇਬੰਦੀ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸ਼ੋਭਾ ਯਾਤਰਾ ਨੂੰ ਵਿਸ਼ਾਲ ਅਤੇ ਅਲੌਕਿਕ ਬਣਾਉਣ ਵਿੱਚ ਸਹਿਯੋਗ ਕਰਨ। ਉੱਥੇ ਹੀ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਇੱਕ ਮਤ ਹੋ ਕੇ ਸ੍ਰੀ ਸਨਾਤਨ ਜਾਗਰਨ ਮੰਚ ਨੂੰ ਹਰ ਤਰ੍ਹਾਂ ਦਾ ਸਹਿਯੋਗ ਸ਼ੋਭਾ ਯਾਤਰਾ ਵਿੱਚ ਦੇਣ ਦੀ ਸਹਿਮਤੀ ਜਤਾਈ। ਬੈਠਕ ਵਿੱਚ ਸ਼੍ਰੀ ਸਨਾਤਨ ਜਾਗਰਨ ਮੰਚ ਦੇ ਸਾਰੇ ਅਹੁਦੇਦਾਰ ਅਤੇ ਮੈਂਬਰਾਂ ਤੋਂ ਇਲਾਵਾ ਸ਼ਹਿਰ ਦੀਆਂ ਲਗਭਗ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਮੌਜੂਦ ਸਨ।