ਸਰਦੀ ਦੇ ਮੌਸਮ ਦੌਰਾਨ ਨਵਜੰਮੇ ਬੱਚਿਆਂ ਦੀ ਸੁਰੱਖਿਅਤ ਦੇਖਭਾਲ ਬਾਰੇ ਜਾਗਰੂਕਤਾ ਸੈਸ਼ਨ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 11 ਦਸੰਬਰ 2025:ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਡਾ. ਤਪਿੰਦਰਜੋਤ ਕੌਸ਼ਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿੰਦਰਪ੍ਰੀਤ ਦੀ ਅਗਵਾਈ ਹੇਠ ਜੱਚਾ-ਬੱਚਾ ਹਸਪਤਾਲ ਵਿਖੇ ਨਵਜੰਮੇ ਬੱਚਿਆਂ ਦੇ ਮਾਪਿਆਂ ਨਾਲ ਸਰਦੀ ਦੇ ਮੌਸਮ ਦੌਰਾਨ ਬੱਚਿਆਂ ਦੀ ਸੁਰੱਖਿਅਤ ਦੇਖਭਾਲ ਬਾਰੇ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ।ਇਸ ਮੌਕੇ ਬੱਚਿਆਂ ਦੇ ਮਾਹਿਰ ਡਾਕਟਰ ਅੰਜਲੀ ਬਾਂਸਲ ਅਤੇ ਡਾ. ਵਰੁਣ ਨੇ ਨਵਜੰਮੇ ਬੱਚਿਆਂ ਨੂੰ ਠੰਢ ਤੋਂ ਬਚਾਉਣ ਲਈ ਮਾਪਿਆਂ ਨਾਲ ਮਹੱਤਵਪੂਰਨ ਨੁਕਤੇ ਸਾਂਝੇ ਕਰਦਿਆਂ ਦੱਸਿਆ ਕਿ ਸਰਦੀ ਦੇ ਮੌਸਮ ਵਿੱਚ ਬੱਚਿਆਂ ਨੂੰ ਗਰਮ ਕੱਪੜੇ ਪਵਾਉਣੇ, ਸਰੀਰ ਦਾ ਤਾਪਮਾਨ ਸਥਿਰ ਰੱਖਣਾ ਤੇ ਤੇਜ਼ ਠੰਢੀ ਹਵਾ ਤੋਂ ਦੂਰ ਰੱਖਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਬੱਚੇ ਨੂੰ ਗਰਮ ਕਮਰੇ ਵਿੱਚ ਰੱਖਣ, ਹਲਕਾ ਤੇ ਨਰਮ ਕੰਬਲ ਵਰਤਣ ਅਤੇ ਨਹਾਉਣ ਸਮੇਂ ਗਰਮ ਨਰਮ ਪਾਣੀ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਬੱਚਿਆਂ ਦੀ ਤਵਚਾ ਸਰਦੀ ਵਿੱਚ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ, ਇਸ ਲਈ ਖੁਸ਼ਕ ਹੋਣ ਤੋਂ ਬਚਾਉਣਾ ਵੀ ਜ਼ਰੂਰੀ ਹੈ।
ਮਾਪਿਆਂ ਨੂੰ ਇਹ ਵੀ ਸਮਝਾਇਆ ਗਿਆ ਕਿ ਜੇਕਰ ਬੱਚੇ ਵਿੱਚ ਖਾਂਸੀ, ਜ਼ੁਕਾਮ ਜਾਂ ਸਾਹ ਲੈਣ ਵਿੱਚ ਤਕਲੀਫ਼ ਦੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਹਸਪਤਾਲ ਨਾਲ ਸੰਪਰਕ ਕਰਨ।ਬਲਾਕ ਐਜੂਕੇਟਰ ਪਵਨਜੀਤ ਕੌਰ ਤੇ ਹਰਜਿੰਦਰ ਕੌਰ ਵੱਲੋਂ ਮਾਪਿਆਂ ਨੂੰ ਬੱਚਿਆਂ ਦੇ ਮੁਕੰਮਲ ਟੀਕਾਕਰਨ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ 15 ਦਸੰਬਰ ਤੋਂ 21 ਦਸੰਬਰ ਤੱਕ ਵਿਸ਼ੇਸ਼ ਟੀਕਾਕਰਨ ਹਫ਼ਤਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕਿਸੇ ਵੀ ਕਾਰਨ ਕਰਕੇ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਦਾ ਟੀਕਾਕਰਨ ਲਾਜ਼ਮੀ ਕਰਵਾਉਣ ਦਾ ਸੰਦੇਸ਼ ਦਿੱਤਾ ਗਿਆ।
ਇਸ ਤੋਂ ਇਲਾਵਾ ਕਾਊਂਸਲਰ ਚਰਨਪਾਲ ਕੌਰ ਵੱਲੋਂ ਨਵ-ਜੰਮੇ ਬੱਚਿਆਂ ਨੂੰ ਦੁੱਧ ਪਿਲਾਉਣ ਦੀ ਸਹੀ ਪੋਜ਼ੀਸ਼ਨ, ਦੁੱਧ ਪਿਲਾਉਣ ਦੀ ਸਹੀ ਤਕਨੀਕ, ਬੱਚੇ ਦੀ ਭੁੱਖ ਦੇ ਸੰਕੇਤ ਪਛਾਣ ਕਰਨ, ਅਤੇ ਦੁੱਧ ਦੀ ਕਮੀ ਬਾਰੇ ਫੈਲੀਆਂ ਗਲਤ ਧਾਰਨਾਵਾਂ ਸਮੇਤ ਮਾਂ ਦੇ ਸਰੀਰ ਨੂੰ ਆਰਾਮਦਾਇਕ ਰੱਖਣ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸਿਹਤ ਸੁਪਰਵਾਈਜ਼ਰ ਗੁਰਜਿੰਦਰ ਕੌਰ, ਸਿਹਤ ਕਰਮੀ ਗੁਰਪ੍ਰੀਤ ਕੌਰ, ਸਟਾਫ਼ ਨਰਸ ਸਵਰਨ ਕੌਰ ਤੇ ਦਿਵਿਆ ਅਤੇ ਨਰਸਿੰਗ ਵਿਦਿਆਰਥਣਾਂ ਹਾਜ਼ਰ ਸਨ।