Election Special : ਹਕੂਮਤ ਦਾ ਜੁੱਲੀ ਬਿਸਤਰਾ ਗੋਲ ਕਰਨ ਦਾ ਪੈਮਾਨਾ ਬਣਨ ਕਾਰਨ ‘ਆਪ’ ਲਈ ਚੁਣੌਤੀ ਬਣੀਆਂ ਚੋਣਾਂ
ਅਸ਼ੋਕ ਵਰਮਾ
ਬਠਿੰਡਾ, 11 ਦਸੰਬਰ 2025: ਪੰਜਾਬ ਵਿੱਚ ਪੰਚਾਇਤੀ ਅਤੇ ਸਥਾਨਕ ਸਰਕਾਰਾਂ ਦੀ ਚੋਣ ਦੌਰਾਨ ਬੰਪਰ ਜਿੱਤਾਂ ਹਾਸਲ ਕਰਨ ਦੇ ਬਾਵਜੂਦ ਇਹ ਚੋਣਾਂ ਸੱਤਾਧਾਰੀ ਧਿਰਾਂ ਲਈ ਵਿਧਾਨ ਸਭਾ ਚੋਣ ਜਿੱਤਣ ਦਾ ਕਦੇ ਵੀ ਪੈਮਾਨਾ ਨਹੀਂ ਬਣ ਸਕੀਆਂ ਹਨ। ਲੰਘੇ ਢਾਈ ਦਹਾਕਿਆਂ ਦੌਰਾਨ ਪੰਜਾਬ ’ਚ ਕਰਵਾਈਆਂ ਗਈਆਂ ਇੰਨ੍ਹਾਂ ਚੋਣਾਂ ਸਬੰਧੀ ਪੁਣਛਾਣ ਕਰਨ ਤੋਂ ਬਾਅਦ ਇਹ ਹੈਰਾਨੀਜਨਕ ਤੱਥ ਸਾਹਮਣੇ ਆਏ ਹਨ। ਸਰਕਾਰ ਕਿਸੇ ਦੀ ਵੀ ਹੋਵੇ ਸਥਾਨਕ ਚੋਣਾਂ ਜਿੱਤਣ ’ਚ ਸਫਲ ਰਹੀ ਸਿਆਸੀ ਧਿਰ ਅਕਸਰ ਵਿਧਾਨ ਸੱਤਾ ਤੋਂ ਲਾਂਭੇ ਹੁੰਦੀ ਰਹੀ ਹੈ। ਸਾਲ 2002 ਮਗਰੋਂ ਤਾਂ ਸਥਾਨਕ ਚੋਣਾਂ ਦੌਰਾਨ ਸੱਤਾਧਾਰੀ ਧਿਰ ਵੱਲੋਂ ਵੱਡੀਆਂ ਜਿੱਤਾਂ ਹਾਸਲ ਕਰਨਾਂ ਰਿਵਾਇਤ ਜਿਹੀ ਬਣ ਗਈ ਹੈ। ਵਿਸ਼ੇਸ਼ ਤੱਥ ਇਹ ਵੀ ਹੈ ਕਿ ਇੰਨ੍ਹਾਂ ਚੋਣਾਂ ਮੌਕੇ ਹੋਈ ਜਿੱਤ ਨੂੰ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਤੇ ਮੋਹਰ ਅਤੇ ਲੋਕਾਂ ’ਚ ਹਰਮਨ ਪਿਆਰੀ ਹੋਣ ਦੇ ਰੂਪ ’ਚ ਪ੍ਰਚਾਰਿਆ ਜਾਂਦਾ ਰਿਹਾ ਹੈ।
ਦਿਲਚਸਪ ਗੱਲ ਇਹ ਵੀ ਹੈ ਕਿ ਇੰਨ੍ਹਾਂ ਚੋਣਾਂ ਦੌਰਾਨ ਵੱਡੀਆਂ ਵੱਡੀਆਂ ਜਿੱਤਾਂ ਹਾਸਲ ਕਰਨ ਦੇ ਦਾਅਵੇ ਅਤੇ ਦਮਗਜੇ ਮਾਰਨ ਵਾਲੀ ਤਕਰੀਬਨ ਹਰ ਹਾਕਮ ਧਿਰ ਦਾ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਸੱਤਾ ਤੋਂ ਸਿਆਸੀ ਜੁੱਲੀ ਬਿਸਤਰਾ ਗੋਲ ਹੁੰਦਾ ਆ ਰਿਹਾ ਹੈ। ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਸੱਤਾ ’ਚ ਆਈ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਜਦੋਂ ਸਥਾਨਕ ਸਰਕਾਰਾਂ , ਪੰਚਾਇਤੀ ਅਤੇ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਕਰਵਾਈਆਂ ਸਨ ਤਾਂ ਸੱਤਾਧਾਰੀ ਧਿਰ ਨੂੰ ਵੱਡਾ ਹੁੰਗਾਰਾ ਮਿਲਿਆ ਸੀ। ਅਕਾਲੀ ਆਗੂ ਖਾਸ ਤੌਰ ਤੇ ਤੱਤਕਾਲੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਦੇ ਇਸ ਫਤਵੇ ਨੂੰ ਗੱਠਜੋੜ ਦੇ ਹੱਕ ’ਚ ਇਤਿਹਾਸਕ ਕਰਾਰ ਦਿੱਤਾ ਸੀ। ਨਗਰ ਨਿਗਮ ਬਠਿੰਡਾ ਦੀ ਚੋਣ ਦੌਰਾਨ ਗਠਜੋੜ ਦੀ ਜਿੱਤ ਨੂੰ ਤਾਂ ਵਿਧਾਨ ਸਭਾ ਚੋਣਾਂ 2017 ਜਿੱਤਣ ਦਾ ਸਪਸ਼ਟ ਸੰਕੇਤ ਦੱਸਿਆ ਗਿਆ ਸੀ।
ਇਸ ਦੇ ਉਲਟ ਸਾਲ 2017 ’ਚ ਵਿਧਾਨ ਸਭਾ ਚੋਣਾਂ ਦੌਰਾਨ ਤਾਂ ਸ਼੍ਰੋਮਣੀ ਅਕਾਲੀ ਭਾਜਪਾ ਗਠਜੋੜ ਦੀ ਸ਼ਰਮਨਾਕ ਹਾਰ ਹੋਈ ਸੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ 77 ਸੀਟਾਂ ਜਿੱਤੀਆਂ ਅਤੇ ਸਰਕਾਰ ਬਣਾਈ ਸੀ । ਇਸ ਮੌਕੇ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ 20 ਹਲਕਿਆਂ ’ਚ ਜਿੱਤਕੇ ਵਿਰੋਧੀ ਧਿਰ ਦਾ ਦਰਜਾ ਹਾਸਲ ਕਰਨ ’ਚ ਸਫਲ ਰਹੀ ਸੀ ਜਦੋਂਕਿ ਪੰਜਾਬ ’ਚ 25 ਸਾਲ ਰਾਜ ਕਰਨ ਦੇ ਦਾਅਵੇ ਕਰਨ ਵਾਲੇ ਅਕਾਲੀ ਦਲ ਦੀ ਗਿਣਤੀ 15 ਹੀ ਰਹੀ ਗਈ ਸੀ ਅਤੇ ਭਾਜਪਾ ਦੇ ਸਿਰਫ ਤਿੰਨ ਵਿਧਾਇਕ ਜਿੱਤੇ ਸਨ। ਕੈਪਟਨ ਸਰਕਾਰ ਵੱਲੋਂ ਸਾਲ 2018 ’ਚ ਕਰਵਾਈਆਂ ਪੰਚਾਇਤ ਚੋਣਾਂ ਦੌਰਾਨ ਕਾਂਗਰਸ ਨੂੰ ਛੱਡਕੇ ਬਾਕੀ ਸਿਆਸੀ ਪਾਰਟੀਆਂ ਦਾ ਲੱਗਭਗ ਸੂਪੜਾ ਸਾਫ ਹੋ ਗਿਆ ਸੀ। ਤਕਰੀਬਨ ਇਹੋ ਜਿਹਾ ਹਾਲ ਹੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਮੌਕੇ ਹੋਇਆ ਸੀ।
ਇੰਨ੍ਹਾਂ ਚੋਣਾਂ ਦੌਰਾਨ ਹੋਈ ਜਿੱਤ ਕਾਂਗਰਸੀ ਲੀਡਰਾਂ ,ਵਿਧਾਇਕਾਂ ਮੰਤਰੀ ਅਤੇ ਸੰਤਰੀਆਂ ਨੇ ਕਾਂਗਰਸ ਦੀ ਹਨੇਰੀ ਝੁੱਲਣ ਦੇ ਰੂਪ ’ਚ ਪ੍ਰਚਾਰੀ ਸੀ। ਬਠਿੰਡਾ ’ਚ ਸਰਪੰਚਾਂ ਨੂੰ ਸਹੁੰ ਚੁਕਾਉਣ ਲਈ ਕਰਵਾਏ ਸਮਾਗਮਾਂ ਦੌਰਾਨ ਤਾਂ ਕੁੱਝ ਹੱਦ ਤੋਂ ਵੱਧ ਉਤਸ਼ਾਹੀ ਕਾਂਗਰਸੀ ਆਗੂਆਂ ਨੇ ਇੰਨ੍ਹਾਂ ਚੋਣਾਂ ਵਿੱਚ ਹੋਈ ਜਿੱਤ ਇੱਕ ਤਰਾਂ ਨਾਲ ਇਤਿਹਾਸ ਸਿਰਜਣ ਵਾਲੀ ਅਤੇ 2022 ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਬਣਨ ਦੀ ਪੇਸ਼ੀਨਗੋਈ ਕੀਤੀ ਸੀ। ਇਸ ਦੇ ਉਲਟ ਹੋਇਆ ਕਿ ਸਥਾਨਕ ਅਤੇ ਪੰਚਾਇਂਤੀ ਰਾਜ ਅਦਾਰਿਆਂ ਦੀਆਂ ਚੋਣ ਜਿੱਤਕੇ ਵੱਡੇ ਵੱਡੇ ਦਮਗਜੇ ਮਾਰਨ ਵਾਲੀ ਕਾਂਗਰਸ ਨੂੰ ਨਮੋਸ਼ੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਮੌਕੇ ਆਮ ਆਦਮੀ ਪਾਰਟੀ ਨੇ 92 ਵਿਧਾਨ ਸਭਾ ਹਲਕਿਆਂ ’ਚ ਇਤਿਹਾਸਕ ਜਿੱਤਾਂ ਦਰਜ ਕੀਤੀਆਂ ਸਨ। ਕਾਂਗਰਸ ਸਿਰਫ 18 ਸੀਟਾਂ ਤੇ ਸਿਮਟ ਗਈ ਸੀ ਜਦੋਂਕਿ ਸ਼੍ਰੋਮਣੀ ਅਕਾਲੀ ਦਲ 3 ਅਤੇ ਭਾਜਪਾ ਦੋ ਹਲਕਿਆਂ ’ਚ ਜਿੱਤ ਸਕੀ ਸੀ।
ਏਦਾਂ ਹੀ ਸਾਲ 1997 ’ਚ ਪੰਜਾਬ ਦੀ ਸੱਤਾ ਤੇ ਕਾਬਜ ਰਹੇ ਅਕਾਲੀ ਭਾਜਪਾ ਗਠਜੋੜ ਦੀ ਥਾਂ ਸਾਲ 2002 ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਸਰਕਾਰ ਬਣਾਈ ਸੀ। ਸਰਕਾਰ ਬਣਨ ਤੋਂ ਬਾਅਦ ਜਿਸ ਤਰਾਂ ਦੇ ਹਾਲਾਤ ਬਣੇ ਉਹ ਕਿਸੇ ਤੋਂ ਲੁਕੇ ਛੁਪੇ ਨਹੀਂ ਹਨ। ਇਹ ਵੱਖਰੀ ਗੱਲ ਹੈ ਕਿ ਵਿਧਾਨ ਸਭਾ ’ਚ ਸ਼੍ਰੋਮਣੀ ਅਕਾਲੀ ਦਲ ਦੇ 41 ਵਿਧਾਇਕ ਹੋਣ ਕਾਰਨ ਵਿਰੋਧੀ ਧਿਰ ਤਕੜੀ ਹੋਣ ਕਰਕੇ ਮੁਕਾਬਲਾ ਕਰਦੀ ਰਹੀ ਪਰ ਪੰਚਾਇਤੀ ਰਾਜ ਅਦਾਰਿਆਂ ਅਤੇ ਸਥਾਨਕ ਸਰਕਾਰ ਚੋਣਾਂ ਦੌਰਾਨ ਕਾਂਗਰਸ ਦਾ ਹੀ ਬੋਲਬਾਲਾ ਰਿਹਾ ਸੀ। ਜਦੋਂ 2007 ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਕਾਂਗਰਸ ਵੱਲੋਂ ਪਿਛੋਕੜ ’ਚ ਹਾਸਲ ਕੀਤੀਆਂ ਜਿੱਤਾਂ ਨੂੰ ਨਕਾਰਦਿਆਂ ਵੋਟਰਾਂ ਨੇ ਗੱਠਜੋੜ ਦੇ ਹੱਕ ’ਚ ਫਤਵਾ ਦੇ ਦਿੱਤਾ ਸੀ। ਇਨ੍ਹਾਂ ਤੱਥਾਂ ਤੋਂ ਸਪਸ਼ਟ ਹੈ ਕਿ ਸਥਾਨਕ ਚੋਣਾਂ ਸਰਕਾਰਾਂ ਬਨਾਉਣ ਦੇ ਪੈਮਾਨੇ ਤੇ ਖਰਾ ਨਹੀਂ ਉਤਰਦੀਆਂ ਹਨ।
ਹਾਕਮ ਧਿਰ ‘ਆਪ’ ਲਈ ਚੁਣੌਤੀ
ਪੰਜਾਬ ’ਚ ਇਸ ਤੋਂ ਪਹਿਲਾਂ ਵਾਲੀਆਂ ਪੰਚਾਇਤੀ ਚੋਣਾਂ ਜਿੱਤਣ ਨੂੰ ਦੇਖਦਿਆਂ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ ਅੱਗੇ ਮਿਸ਼ਨ 2027 ਉਸੇ ਤਰਾਂ ਚੁਣੌਤੀ ਮੰਨਿਆ ਜਾ ਰਿਹਾ ਹੈ ਜਿਸ ਤਰਾਂ ਪਿਛੋਕੜ ’ਚ ਬਾਕੀ ਸਿਆਸੀ ਧਿਰਾਂ ਲਈ ਵੀ ਬਣਿਆ ਸੀ। ਹਾਲਾਂਕਿ ਭਵਿੱਖ ’ਚ ਆਮ ਆਦਮੀ ਪਾਰਟੀ ਦਾ ਬੈਂਗਣੀ ਕਿੱਦਾਂ ਉਘੜਦਾ ਹੈ ਇਹ ਤਾਂ ਸਮਾਂ ਦੱਸੇਗਾ ਪਰ ਸਥਾਨਕ ਚੋਣਾਂ ’ਚ ਹੋਈ ਜਿੱਤ ਵਿਧਾਨ ਸਭਾ ਚੋਣਾਂ ਜਿੱਤਣ ਦੇ ਕੰਮ ਨਾਂ ਆਉਣ ਕਾਰਨ ਆਪ ਸਰਕਾਰ ਲਈ ਚੁਣੌਤੀਆਂ ਬਰਕਰਾਰ ਹਨ।