CM Mann ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀਆਂ ਪੰਜਾਬ ਦੀਆਂ ਸ਼ੇਰਨੀਆਂ ਨੂੰ ਅੱਜ ਕਰਨਗੇ ਸਨਮਾਨਿਤ
ਰਵੀ ਜਾਖੂ
ਚੰਡੀਗੜ੍ਹ/ਮੁੱਲਾਂਪੁਰ, 11 ਦਸੰਬਰ, 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਣ ਵਾਲੀ ਭਾਰਤੀ ਮਹਿਲਾ ਟੀਮ ਦੀਆਂ ਪੰਜਾਬ ਦੀਆਂ ਖਿਡਾਰਣਾਂ ਨਾਲ ਅੱਜ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨਗੇ। ਇਹ ਸ਼ਾਨਦਾਰ ਸਨਮਾਨ ਸਮਾਗਮ ਅੱਜ ਸ਼ਾਮ ਕਰੀਬ 5:30 ਵਜੇ ਮੁੱਲਾਂਪੁਰ (Mullanpur) ਦੇ ਨਵੇਂ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਕਰਵਾਇਆ ਜਾਵੇਗਾ।
CM Mann ਨੇ ਟਵੀਟ ਕਰਕੇ ਕੀ ਲਿਖਿਆ
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸੀਐਮ ਮਾਨ ਨੇ ਟਵੀਟ ਕਰਕੇ ਲਿਖਿਆ, "ਅੱਜ 11 ਦਸੰਬਰ ਸ਼ਾਮ 5:30 ਵਜੇ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀਆਂ ਪੰਜਾਬੀ ਖਿਡਾਰਣਾਂ ਹਰਮਨਪ੍ਰੀਤ ਕੌਰ (ਕਪਤਾਨ), ਅਮਨਜੋਤ ਕੌਰ, ਹਰਲੀਨ ਕੌਰ ਦਿਓਲ ਅਤੇ ਉਨ੍ਹਾਂ ਦੇ ਕੋਚਿੰਗ ਸਟਾਫ਼ ਨੂੰ ਮੁੱਲਾਂਪੁਰ ਦੇ ਨਵੇਂ ਸਟੇਡੀਅਮ ਵਿੱਚ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ.. ਸਟੇਡੀਅਮ ਵਿੱਚ ਯੁਵਰਾਜ ਸਿੰਘ ਅਤੇ ਹਰਮਨਪ੍ਰੀਤ ਦੇ ਨਾਂ 'ਤੇ ਬਣੇ ਸਟੈਂਡ ਦਾ ਉਦਘਾਟਨ ਵੀ ਕੀਤਾ ਜਾਵੇਗਾ.. ਚੱਕ ਦੇ ਇੰਡੀਆ.."
47 ਸਾਲਾਂ ਦਾ ਸੋਕਾ ਖ਼ਤਮ ਕਰਕੇ ਰਚਿਆ ਇਤਿਹਾਸ
ਜ਼ਿਕਰਯੋਗ ਹੈ ਕਿ ਭਾਰਤੀ ਧੀਆਂ ਨੇ 47 ਸਾਲਾਂ ਦੇ ਲੰਬੇ ਇੰਤਜ਼ਾਰ ਨੂੰ ਖ਼ਤਮ ਕਰਦੇ ਹੋਏ ਪਹਿਲੀ ਵਾਰ ਵਨਡੇ ਵਰਲਡ ਕੱਪ (ODI World Cup) ਦਾ ਖਿਤਾਬ ਆਪਣੇ ਨਾਂ ਕੀਤਾ ਹੈ। ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਦੱਖਣੀ ਅਫ਼ਰੀਕਾ (South Africa) ਨੂੰ 52 ਦੌੜਾਂ ਨਾਲ ਹਰਾ ਕੇ ਇਹ ਇਤਿਹਾਸਕ ਜਿੱਤ ਦਰਜ ਕੀਤੀ।
ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 298 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਦੱਖਣੀ ਅਫ਼ਰੀਕਾ ਦੀ ਟੀਮ 246 ਦੌੜਾਂ 'ਤੇ ਆਲ ਆਊਟ ਹੋ ਗਈ। 21 ਸਾਲਾ ਸ਼ੇਫਾਲੀ ਵਰਮਾ ਨੂੰ ਉਨ੍ਹਾਂ ਦੀਆਂ ਸ਼ਾਨਦਾਰ 87 ਦੌੜਾਂ ਅਤੇ 2 ਵਿਕਟਾਂ ਲਈ 'ਪਲੇਅਰ ਆਫ ਦਿ ਫਾਈਨਲ' ਚੁਣਿਆ ਗਿਆ, ਜਦਕਿ ਦੀਪਤੀ ਸ਼ਰਮਾ 'ਪਲੇਅਰ ਆਫ ਦਿ ਟੂਰਨਾਮੈਂਟ' ਬਣੀ।
ਸੰਘਰਸ਼ ਤੋਂ ਸਫਲਤਾ ਤੱਕ ਦਾ ਸਫ਼ਰ
ਮਹਿਲਾ ਵਨਡੇ ਵਰਲਡ ਕੱਪ ਦੀ ਸ਼ੁਰੂਆਤ 1972 ਵਿੱਚ ਹੋਈ ਸੀ, ਪਰ ਟੀਮ ਇੰਡੀਆ ਨੇ ਪਹਿਲੀ ਵਾਰ 1979 ਵਿੱਚ ਡਾਇਨਾ ਐਡੁਲਜੀ ਦੀ ਕਪਤਾਨੀ ਵਿੱਚ ਇਸ ਵਿੱਚ ਹਿੱਸਾ ਲਿਆ ਸੀ। ਟੀਮ ਇਸ ਤੋਂ ਪਹਿਲਾਂ 2005 ਅਤੇ 2017 ਵਿੱਚ ਫਾਈਨਲ ਤੱਕ ਪਹੁੰਚੀ ਸੀ, ਪਰ ਖਿਤਾਬ ਤੋਂ ਖੁੰਝ ਗਈ ਸੀ। ਹੁਣ 2025 ਵਿੱਚ ਭਾਰਤੀ ਮਹਿਲਾ ਸੀਨੀਅਰ ਟੀਮ ਨੇ ਆਪਣੀ ਪਹਿਲੀ ਆਈਸੀਸੀ ਟਰਾਫੀ (ICC Trophy) ਜਿੱਤ ਕੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ। 25 ਸਾਲਾਂ ਬਾਅਦ ਕ੍ਰਿਕਟ ਜਗਤ ਨੂੰ ਇੱਕ ਨਵਾਂ ਵਰਲਡ ਚੈਂਪੀਅਨ ਮਿਲਿਆ ਹੈ।