Thailand 'ਚ ਹਿਰਾਸਤ 'ਚ ਲਏ ਗਏ Luthra Brothers, ਹੁਣ ਭਾਰਤ ਲਿਆਉਣ ਦੀ ਤਿਆਰੀ; ਵੇਖੋ ਪਹਿਲੀ ਤਸਵੀਰ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ/ਪਣਜੀ, 11 ਦਸੰਬਰ, 2025: ਗੋਆ ਕਲੱਬ ਅਗਨੀਕਾਂਡ ਮਾਮਲੇ ਵਿੱਚ ਪੁਲਿਸ ਅਤੇ ਜਾਂਚ ਏਜੰਸੀਆਂ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ। 25 ਲੋਕਾਂ ਦੀ ਮੌਤ ਦੇ ਮਾਮਲੇ ਵਿੱਚ ਲੋੜੀਂਦੇ 'ਬਰਚ ਬਾਇ ਰੋਮੀਓ ਲੇਨ' ਨਾਈਟ ਕਲੱਬ ਦੇ ਮਾਲਕ ਸੌਰਭ ਅਤੇ ਗੌਰਵ ਲੂਥਰਾ (Saurabh and Gaurav Luthra) ਨੂੰ ਥਾਈਲੈਂਡ ਵਿੱਚ ਹਿਰਾਸਤ (Detained) ਵਿੱਚ ਲੈ ਲਿਆ ਗਿਆ ਹੈ। ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਦੋਵਾਂ ਭਰਾਵਾਂ ਦੀ ਪਹਿਲੀ ਤਸਵੀਰ ਵੀ ਸਾਹਮਣੇ ਆ ਗਈ ਹੈ। ਹੁਣ ਪੁਲਿਸ ਅਤੇ ਪ੍ਰਸ਼ਾਸਨ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਦੀਆਂ ਤਿਆਰੀਆਂ ਵਿੱਚ ਜੁਟ ਗਿਆ ਹੈ ਤਾਂ ਜੋ ਉਨ੍ਹਾਂ 'ਤੇ ਕਾਨੂੰਨੀ ਕਾਰਵਾਈ ਅੱਗੇ ਵਧਾਈ ਜਾ ਸਕੇ।
ਪਾਸਪੋਰਟ ਸਸਪੈਂਡ ਹੋਣ ਤੋਂ ਬਾਅਦ ਕਸਿਆ ਸ਼ਿਕੰਜਾ
ਹਾਦਸੇ ਤੋਂ ਤੁਰੰਤ ਬਾਅਦ ਗ੍ਰਿਫ਼ਤਾਰੀ ਤੋਂ ਬਚਣ ਲਈ ਦੋਵੇਂ ਭਰਾ ਦਿੱਲੀ ਤੋਂ ਫਲਾਈਟ ਫੜ ਕੇ ਥਾਈਲੈਂਡ ਦੇ ਫੁਕੇਟ ਭੱਜ ਗਏ ਸਨ। ਪਰ ਭਾਰਤੀ ਏਜੰਸੀਆਂ ਨੇ ਫੁਰਤੀ ਦਿਖਾਉਂਦੇ ਹੋਏ ਪਹਿਲਾਂ ਹੀ ਲੂਥਰਾ ਬ੍ਰਦਰਜ਼ ਦਾ ਪਾਸਪੋਰਟ ਸਸਪੈਂਡ ਕਰ ਦਿੱਤਾ ਸੀ, ਜਿਸ ਨਾਲ ਉਨ੍ਹਾਂ ਦਾ ਕਿਸੇ ਹੋਰ ਦੇਸ਼ ਵਿੱਚ ਭੱਜਣਾ ਨਾਮੁਮਕਿਨ ਹੋ ਗਿਆ ਸੀ।
ਸਮਾਚਾਰ ਏਜੰਸੀ ਏਐਨਆਈ ਮੁਤਾਬਕ, ਥਾਈਲੈਂਡ ਵਿੱਚ ਡਿਟੇਨ ਕੀਤੇ ਜਾਣ ਤੋਂ ਬਾਅਦ ਹੁਣ ਦੋਵਾਂ ਮੁਲਜ਼ਮਾਂ ਨੂੰ ਜਲਦੀ ਹੀ ਦਿੱਲੀ ਲਿਆਂਦਾ ਜਾਵੇਗਾ।
ਅੱਗ ਲੱਗੀ ਸੀ, ਉਦੋਂ ਕਰ ਰਹੇ ਸਨ ਟਿਕਟ ਬੁੱਕ
ਜਾਂਚ ਵਿੱਚ ਇਨ੍ਹਾਂ ਦੋਵਾਂ ਭਰਾਵਾਂ ਦੀ ਘੋਰ ਸੰਵੇਦਨਹੀਣਤਾ ਵੀ ਉਜਾਗਰ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਗੋਆ ਦੇ 'ਬਰਚ ਬਾਇ ਰੋਮੀਓ ਲੇਨ' (Birch By Romeo Lane) ਕਲੱਬ ਵਿੱਚ ਅੱਗ ਲੱਗੀ ਸੀ ਅਤੇ ਉੱਥੇ ਅਫਰਾ-ਤਫਰੀ ਮਚੀ ਹੋਈ ਸੀ, ਉਦੋਂ ਬਚਾਅ ਕਾਰਜ ਵਿੱਚ ਮਦਦ ਕਰਨ ਦੀ ਬਜਾਏ ਇਹ ਦੋਵੇਂ ਦੇਸ਼ ਛੱਡ ਕੇ ਭੱਜਣ ਲਈ ਆਨਲਾਈਨ ਟਿਕਟ ਬੁੱਕ ਕਰ ਰਹੇ ਸਨ। ਇਸ ਦਰਦਨਾਕ ਹਾਦਸੇ ਵਿੱਚ 20 ਸਟਾਫ਼ ਮੈਂਬਰ ਅਤੇ 5 ਸੈਲਾਨੀਆਂ ਸਮੇਤ ਕੁੱਲ 25 ਲੋਕਾਂ ਦੀ ਜਾਨ ਚਲੀ ਗਈ ਸੀ। ਪੁਲਿਸ ਨੇ ਇਨ੍ਹਾਂ 'ਤੇ ਗੈਰ-ਇਰਾਦਤਨ ਹੱਤਿਆ ਅਤੇ ਲਾਪਰਵਾਹੀ ਦਾ ਕੇਸ ਦਰਜ ਕੀਤਾ ਹੈ।
ਪ੍ਰਸ਼ਾਸਨ ਸਖ਼ਤ, ਕਲੱਬਾਂ 'ਚ ਆਤਿਸ਼ਬਾਜ਼ੀ 'ਤੇ ਬੈਨ
ਇਸ ਤ੍ਰਾਸਦੀ ਤੋਂ ਬਾਅਦ ਗੋਆ ਜ਼ਿਲ੍ਹਾ ਪ੍ਰਸ਼ਾਸਨ ਨੇ ਸਖ਼ਤ ਸੁਰੱਖਿਆ ਕਦਮ ਚੁੱਕੇ ਹਨ। ਇਹਤਿਆਤ ਵਜੋਂ ਇੱਕ ਆਦੇਸ਼ ਜਾਰੀ ਕਰਕੇ ਪੂਰੇ ਉੱਤਰੀ ਗੋਆ ਦੇ ਨਾਈਟ ਕਲੱਬ, ਬਾਰ, ਹੋਟਲ, ਰਿਜ਼ੌਰਟ ਅਤੇ ਬੀਚ ਸ਼ੈਕ ਵਰਗੀਆਂ ਥਾਵਾਂ ਦੇ ਅੰਦਰ ਪਟਾਕਿਆਂ ਅਤੇ ਆਤਿਸ਼ਬਾਜ਼ੀ ਦੀ ਵਰਤੋਂ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਆਦੇਸ਼ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਦੇ ਤਹਿਤ ਲਾਗੂ ਕੀਤਾ ਗਿਆ ਹੈ।