Babushahi Special ਕਾਨੂੰਨ ਦੇ ਕਟਹਿਰੇ ’ਚ ਪੁੱਜਿਆ ਕਾਲੀ ਥਾਰ ਵਾਲੀ ਅਮਨਦੀਪ ਕੌਰ ਖਿਲਾਫ ਭ੍ਰਿਸ਼ਟਾਚਾਰ ਮਾਮਲਾ
ਅਸ਼ੋਕ ਵਰਮਾ
ਬਠਿੰਡਾ, 4 ਦਸੰਬਰ 2025: ਨਸ਼ਾ ਤਸਕਰੀ ਮਾਮਲੇ ’ਚ ਪੰਜਾਬ ਪੁਲਿਸ ਦੀ ਬਰਖਾਸਤ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਦਾ ਮਾਮਲਾ ਹੁਣ ਕਾਨੂੰਨ ਦੀ ਤੱਕੜੀ ‘ਚ ਤੁਲਣ ਲਈ ਸੈਸ਼ਨਜ਼ ਅਦਾਲਤ ਦੀਆਂ ਬਰੂਹਾਂ ਤੇ ਪੁੱਜ ਗਿਆ ਹੈ। ਬਠਿੰਡਾ ਅਦਾਲਤ ਨੇ ਅਮਨਦੀਪ ਕੌਰ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਤੈਅ ਕਰ ਦਿੱਤੇ ਹਨ । ਮੰਨਿਆ ਜਾ ਰਿਹਾ ਹੈ ਕਿ ਹੁਣ ਅਮਨਦੀਪ ਕੌਰ ਦੀਆਂ ਮੁਸ਼ਕਿਲਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ। ਐਡੀਸ਼ਨਲ ਜਿਲ੍ਹਾ ਅਤੇ ਸੈਸ਼ਨਜ਼ ਜੱਜ ਸੁਰਿੰਦਰਪਾਲ ਕੌਰ ਦੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਗਲੀ ਤਰੀਕ 21 ਜਨਵਰੀ ਤੈਅ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਹੁਣ ਵਿਜੀਲੈਂਸ ਬਿਊਰੋ ਵੱਲੋਂ ਮੁਲਜਮ ਅਮਨਦੀਪ ਕੌਰ ਖਿਲਾਫ ਸਬੂਤ ਪੇਸ਼ ਕੀਤੇ ਜਾਣੇ ਹਨ। ਅਮਨਦੀਪ ਕੌਰ ਨੂੰ ਸੋਸ਼ਲ ਮੀਡੀਆ ਤੇ ਕਾਲੀ ਥਾਰ ਵਾਲੀ ਅਤੇ ਇੰਸਟਗ੍ਰਾਮ ਕੁਈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਵਿਜੀਲੈਂਸ ਬਿਊਰੋ ਨੇ ਲੰਘੀ 14 ਨਵੰਬਰ ਨੂੰ ਅਮਨਦੀਪ ਕੌਰ ਖਿਲਾਫ ਦੂਸਰੀ ਚਾਰਜਸ਼ੀਟ (ਚਲਾਨ) ਪੇਸ਼ ਕੀਤੀ ਸੀ।
ਵਿਜੀਲੈਂਸ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਸਾਲ 2018 ਅਤੇ 2025 ਦਰਮਿਆਨ ਅਮਨਦੀਪ ਕੌਰ ਦੀ ਕੁੱਲ ਆਮਦਨ 1ਕਰੋੜ 8 ਲੱਖ 37 ਹਜ਼ਾਰ 550 ਰੁਪਏ ਸੀ ਜਦੋਂਕਿ ਇਸ ਦੇ ਮੁਕਾਬਲੇ ਉਸ ਦਾ ਖਰਚ 1ਕਰੋੜ39ਲੱਖ 64, ਹਜ਼ਾਰ 802 ਰੁਪਏ 97 ਪੈਸੇੇ ਰਿਹਾ ਹੈ। ਇਹ ਖਰਚ ਅਮਨਦੀਪ ਕੌਰ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ 31 ਲੱਖ 27 ਹਜ਼ਾਰ 252 ਰੁਪਏ 97 ਰੁਪਏ ਅਤੇ ਜਾਇਜ਼ ਕਮਾਈ ਤੋਂ 28.85 ਫੀਸਦ ਵੱਧ ਹੈ। ਵਿਜੀਲੈਂਸ ਬਿਊਰੋ ਨੇ ਅਮਨਦੀਪ ਕੌਰ ਦੀ ਚੱਲ ਅਚੱਲ ਸੰਪਤੀ , ਤਨਖਾਹ ਦੇ ਵੇਰਵੇ , ਬੈਂਕ ਖਾਤਿਆਂ ਅਤੇ ਕਰਜ਼ੇ ਦੇ ਰਿਕਾਰਡ ਦੀ ਪੜਤਾਲ ਕੀਤੀ ਹੈ। ਜਿਆਦਾ ਖਰਚ ਦਾ ਇਹ ਖੁਲਾਸਾ ਹੀ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਤਹਿਤ ਦਰਜ ਮੁਕੱਦਮੇ ਦੇ ਅਧਾਰ ਬਣਿਆ ਹੈ। ਅਮਨਦੀਪ ਕੌਰ ਨੂੰ ਇਸੇ ਸਾਲ 2 ਅਪ੍ਰੈਲ ਨੂੰ ਬਠਿੰਡਾ ਪੁਲਿਸ ਨੇ ਸ਼ਹਿਰ ਦੇ ਬਾਹਰੀ ਇਲਾਕੇ ਬਾਦਲ ਰੋਡ ਤੋਂ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਤਹਿਤ ਗ੍ਰਿਫਤਾਰ ਕੀਤਾ ਸੀ।
ਪੁਲਿਸ ਨੇ ਉਸ ਦੀ ਕਾਲੇ ਰੰਗ ਦੀ ਲਗਜ਼ਰੀ ਗੱਡੀ ਥਾਰ ਚੋਂ 17.71 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ। ਵੇਰਵਿਆਂ ਅਨੁਸਾਰ ਇਸ ਬਰਾਮਦਗੀ ਤੋਂ ਤੁਰੰਤ ਬਾਅਦ 3 ਅਪ੍ਰੈਲ ਨੂੰ ਅਮਨਦੀਪ ਕੌਰ ਨੂੰ ਪੰਜਾਬ ਪੁਲਿਸ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਪੁਲਿਸ ਦਾ ਕਹਿਣਾ ਸੀ ਕਿ ਉਹ ਆਪਣੀ ਨੌਕਰੀ ਦੀ ਆੜ ’ਚ ਨਸ਼ਾ ਤਸਕਰ ਕਰ ਰਹੀ ਹੈ। ਐਸਐਸਪੀ ਬਠਿੰਡਾ ਵੱਲੋਂ ਲਿਖੇ ਪੱਤਰ ਦੇ ਅਧਾਰ ਤੇ 26 ਮਈ ਨੂੰ ਵਿਜੀਲੈਂਸ ਬਿਊਰੋ ਨੇ ਵੀ ਅਮਨਦੀਪ ਕੌਰ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਅਤੇ 13(2) ਤਹਿਤ ਥਾਣਾ ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਵਿਖੇ ਮੁਕੱਦਮਾ ਨੰਬਰ 15 ਦਰਜ ਕੀਤਾ ਸੀ। ਅਮਨਦੀਪ ਕੌਰ ਨੂੰ ਫਿਲਹਾਲ ਨਸ਼ਾ ਤਸਕਰੀ ਅਤੇ ਭ੍ਰਿਸ਼ਟਾਚਾਰ ਸਮੇਤ ਦੋਵਾਂ ਮਾਮਲਿਆਂ ’ਚ ਜਮਾਨਤ ਮਿਲ ਚੁੱਕੀ ਹੈ। ਜਾਂਚ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਖੁਫੀਆ ਵਿੰਗ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਵਰਗੀਆਂ ਅਹਿਮ ਏਜੰਸੀਆਂ ਵੀ ਅਮਨਦੀਪ ਕੌਰ ਤੋਂ ਪੁੱਛਗਿਛ ਕਰ ਚੁੱਕੀਆਂ ਹਨ।
ਪੁਲਿਸ ਵੱਲੋਂ ਜਾਇਦਾਦ ਫਰੀਜ਼
ਵਿਜੀਲੈਂਸ ਕੇਸ ਦਰਜ ਹੋਣ ਤੋਂ ਇੱਕ ਦਿਨ ਬਾਅਦ 27 ਮਈ ਨੂੰ ਬਠਿੰਡਾ ਪੁਲਿਸ ਨੇ ਨੋਟਿਸ ਲਾਕੇ ਅਮਨਦੀਪ ਕੌਰ ਦੀ ਵਿਰਾਟ ਗਰੀਨ ਕਲੋਨੀ ਵਿੱਚ ਸਥਿਤ ਕੋਠੀ ਫਰੀਜ਼ ਕਰ ਦਿੱਤੀ ਸੀ ਜੋਕਿ ਹੁਣ ਇਹ ਨਾਂ ਹੀ ਵੇਚੀ ਜਾ ਸਕੇਗੀ ਅਤੇ ਨਾਂ ਹੀ ਕਿਸੇ ਹੋਰ ਦੇ ਨਾਮ ਕੀਤੀ ਜਾ ਸਕਦੀ ਹੈ। ਪੁਲਿਸ ਮੁਤਾਬਕ ਵਿਰਾਟ ਗਰੀਨ ਕਲੋਨੀ ਵਾਲੀ ਕੋਠੀ, ਇੱਕ ਪਲਾਟ, ਥਾਰ ਗੱਡੀ,ਇੱਕ ਬੁਲੇਟ, ਤਿੰਨ ਮੋਬਾਇਲ ਅਤੇ ਇੱਕ ਘੜੀ ਸਮੇਤ 1 ਕਰੋੜ 35 ਲੱਖ 39 ਹਜ਼ਾਰ 583 ਰੁਪਏ ਦੇ ਕਰੀਬ ਸੰਪਤੀ ਫਰੀਜ਼ ਕੀਤੀ ਗਈ ਹੈ। ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਅਦਾਲਤੀ ਆਦੇਸ਼ਾਂ ਤੋਂ ਬਿਨਾਂ ਇਸ ਜਾਇਦਾਦ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਸਕੇਗੀ ਪਰ ਕੋਠੀ ’ਚ ਰਿਹਾਇਸ਼ ਰੱਖੀ ਜਾ ਸਕਦੀ ਹੈ।
ਪ੍ਰਸਿੱਧੀ ਦੀ ਦੌੜ ਤੇ ਚਿੱਟਾ ਤਬਾਹਕੁੰਨ
ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਅਜੋਕੀਆਂ ਕੁੜੀਆਂ ਵਾਂਗ ਅਮਨਦੀਪ ਕੌਰ ਵੀ ਕਾਫੀ ਚੇਤੰਨ ਕੁੜੀ ਸੀ ਪਰ ਸੋਸ਼ਲ ਮੀਡੀਆ ਦੀ ਚਕਾਚੌਂਧ ਅਤੇ ਚਿੱਟੇ ਨੇ ਉਸਦੇ ਭਵਿੱਖ ਤੇ ਪ੍ਰਸ਼ਨ ਚਿੰਨ੍ਹ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਸਹੀ ਲੀਹ ਤੇ ਚੱਲਦੀ ਤਾਂ ਚੰਗੀ ਤਰੱਕੀ ਕਰ ਸਕਦੀ ਸੀ ਪਰ ਉਸ ਨੇ ਰਾਹ ਗਲ੍ਹਤ ਚੁਣ ਲਿਆ ਜੋ ਉਸ ਨੂੰ ਕਾਨੂੰਨ ਦੇ ਕਟਹਿਰੇ ਤੱਕ ਲੈ ਆਇਆ ਹੈ। ਉਨ੍ਹਾਂ ਨੌਜਵਾਨਾਂ ਨੂੰ ਪੜ੍ਹ ਲਿਖਕੇ ਚੰਗੇ ਕੰਮਾਂ ਰਾਹੀਂ ਆਪਣਾ ਭਵਿੱਖ ਬਨਾਉਣ ਦੀ ਸਲਾਹ ਵੀ ਦਿੱਤੀ ਹੈ।
ਲਗਜ਼ਰੀ ਲਾਈਫ ਸਟਾਈਲ
ਅਮਨਦੀਪ ਕੌਰ ਦਾ ਲਗਜ਼ਰੀ ਲਾਈਫ ਸਟਾਈਲ ਪੰਜਾਬ ਵਿੱਚ ਹੀ ਨਹੀਂ ਬਲਕਿ ਕੌਮੀ ਤੇ ਕੌਮਾਂਤਰੀ ਪੱਧਰ ਤੇ ਚਰਚਾ ਦਾ ਵਿਸ਼ਾ ਬਣਿਆ ਸੀ। ਉਹ ਆਪਣੀ ਥਾਰ, ਬੁਲੇਟ ਮੋਟਰਸਾਈਕਲ ਅਤੇ ਕੀਮਤੀ ਘੜੀ ਨਾਲ ਬਣੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ਤੇ ਅਪਲੋਡ ਕਰਦੀ ਰਹਿੰਦੀ ਸੀ। ਦੱਸਿਆ ਜਾਂਦਾ ਹੈ ਕਿ ਅਮਨਦੀਪ ਕੌਰ ਦੀ ਕਾਲੀ ਥਾਰ ਤੇ ਪੁਲਿਸ ਦਾ ਸਟਿੱਕਰ ਲੱਗਿਆ ਹੋਇਆ ਸੀ ਜਿਸ ਕਰਕੇ ਉਸ ਨੂੰ ਕੋਈ ਰਾਹ ਵਿੱਚ ਰੋਕਦਾ ਟੋਕਦਾ ਨਹੀਂ ਸੀ। ਨੌਕਰੀ ਦੌਰਾਨ ਅਮਨਦੀਪ ਕੌਰ ਨੂੰ 30 ਵਾਰ ਬਦਲਿਆ ਗਿਆ ਅਤੇ ਹਰ ਵਾਰੀ ਉਹ ਆਪਣੀ ਮਰਜੀ ਦਾ ਸਟੇਸ਼ਨ ਲੈਂਦੀ ਸੀ। ਜਦੋਂ ਉਸ ਨੂੰ ਫੜਿਆ ਗਿਆ ਤਾਂ ਉਸ ਦੀ ਡਿਊਟੀ ਪੁਲਿਸ ਲਾਈਨ ਦੀ ਡਿਸਪੈਂਸਰੀ ਵਿੱਚ ਲੱਗੀ ਹੋਈ ਸੀ।