Harsimrat Badal ਨੇ Lok Sabha 'ਚ ਚੁੱਕਿਆ Punjab 'ਚ 'ਨਸ਼ਾ ਤਸਕਰੀ' ਦਾ ਮੁੱਦਾ, ਕਿਹਾ- 'ਕੇਂਦਰ ਸਰਕਾਰ ਸਪੱਸ਼ਟ ਕਰੇ...'
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 4 ਦਸੰਬਰ, 2025: ਸੰਸਦ ਦੇ ਸਰਦ ਰੁੱਤ ਸੈਸ਼ਨ ਦੌਰਾਨ ਬਠਿੰਡਾ ਤੋਂ ਸਾਂਸਦ ਮੈਂਬਰ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ਲੋਕ ਸਭਾ ਵਿੱਚ ਪੰਜਾਬ ਅੰਦਰ ਨਸ਼ਾ ਤਸਕਰੀ ਦੇ ਗੰਭੀਰ ਮੁੱਦੇ ਨੂੰ ਚੁੱਕਿਆ। ਹਰਸਿਮਰਤ ਕੌਰ ਬਾਦਲ ਨੇ ਐਨਸੀਆਰਬੀ (NCRB) ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਨਸ਼ੇ ਕਾਰਨ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ, ਜੋ ਸੂਬੇ ਲਈ ਇੱਕ ਬੇਹੱਦ ਚਿੰਤਾਜਨਕ ਸਥਿਤੀ ਹੈ। ਬਾਦਲ ਨੇ ਕੇਂਦਰ ਸਰਕਾਰ ਤੋਂ ਸਵਾਲ ਕਰਦਿਆਂ ਪੁੱਛਿਆ ਕਿ ਆਖਰ ਨਸ਼ੇ ਦੇ ਇਸ ਕਹਿਰ ਨੂੰ ਰੋਕਣ ਲਈ ਸਰਕਾਰ ਨੇ ਹੁਣ ਤੱਕ ਕਿਹੜਾ ਠੋਸ ਕਦਮ ਚੁੱਕਿਆ ਹੈ?
"ਵੇਚਣ ਵਾਲੇ ਜ਼ਿਆਦਾ, ਕਰਨ ਵਾਲੇ ਘੱਟ"
ਹਰਸਿਮਰਤ ਕੌਰ ਨੇ ਸਦਨ ਵਿੱਚ ਇੱਕ ਹੈਰਾਨ ਕਰਨ ਵਾਲਾ ਤੱਥ ਰੱਖਦਿਆਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਅਜਿਹੇ ਹੋ ਗਏ ਹਨ ਕਿ ਉੱਥੇ ਨਸ਼ਾ ਕਰਨ ਵਾਲਿਆਂ ਤੋਂ ਕਿਤੇ ਜ਼ਿਆਦਾ ਗਿਣਤੀ ਨਸ਼ਾ ਵੇਚਣ ਵਾਲਿਆਂ ਦੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਇਸ ਦਲਦਲ ਵਿੱਚੋਂ ਬਾਹਰ ਕੱਢਣਾ ਸਾਡਾ ਸਭ ਦਾ ਨੈਤਿਕ ਫਰਜ਼ ਵੀ ਹੈ ਅਤੇ ਜ਼ਿੰਮੇਵਾਰੀ ਵੀ।
ਸਰਕਾਰ ਤੋਂ ਮੰਗਿਆ ਜਵਾਬ
ਸੰਸਦ ਮੈਂਬਰ ਨੇ ਕੇਂਦਰ ਸਰਕਾਰ ਤੋਂ ਸਥਿਤੀ ਸਪੱਸ਼ਟ ਕਰਨ ਦੀ ਮੰਗ ਕੀਤੀ। ਉਨ੍ਹਾਂ ਪੁੱਛਿਆ ਕਿ ਸਰਕਾਰ ਦੱਸੇ ਕਿ ਨਸ਼ਾ ਤਸਕਰੀ ਅਤੇ ਉਸ ਨਾਲ ਹੋ ਰਹੀਆਂ ਮੌਤਾਂ ਨੂੰ ਰੋਕਣ ਲਈ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ? NCRB ਦੇ ਅੰਕੜਿਆਂ ਨੂੰ ਆਧਾਰ ਬਣਾਉਂਦੇ ਹੋਏ ਉਨ੍ਹਾਂ ਨੇ ਸੰਸਦ ਦਾ ਧਿਆਨ ਪੰਜਾਬ ਦੀ ਵਿਗੜਦੀ ਸਥਿਤੀ ਵੱਲ ਖਿੱਚਿਆ।