Putin ਅੱਜ ਭਾਰਤ ਆਉਣਗੇ! PM ਮੋਦੀ ਨਾਲ ਕਰਨਗੇ 'ਡਿਨਰ', 2030 ਤੱਕ ਦਾ ਆਰਥਿਕ ਰੋਡਮੈਪ ਹੋਵੇਗਾ ਤਿਆਰ
ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ, 4 ਦਸੰਬਰ, 2025: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin) ਅੱਜ (ਵੀਰਵਾਰ) ਭਾਰਤ ਦੇ ਦੋ ਦਿਨਾਂ ਦੌਰੇ 'ਤੇ ਨਵੀਂ ਦਿੱਲੀ ਪਹੁੰਚ ਰਹੇ ਹਨ। ਇਸ ਯਾਤਰਾ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੇ ਨਾਲ 23ਵੇਂ ਸਾਲਾਨਾ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ ਅਤੇ ਰੱਖਿਆ, ਵਪਾਰ ਤੇ ਪਰਮਾਣੂ ਊਰਜਾ ਵਰਗੇ ਅਹਿਮ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਕਈ ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖਤ ਕਰਨਗੇ।
ਦੱਸ ਦੇਈਏ ਕਿ ਪੁਤਿਨ ਦੇ ਪਹੁੰਚਣ ਦੇ ਕੁਝ ਹੀ ਘੰਟਿਆਂ ਬਾਅਦ ਪੀਐਮ ਮੋਦੀ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਨਿੱਜੀ ਭੋਜ (Private Dinner) ਦਾ ਆਯੋਜਨ ਕਰਨਗੇ, ਜਿੱਥੇ ਦੋਵਾਂ ਆਗੂਆਂ ਵਿਚਾਲੇ ਗੈਰ-ਰਸਮੀ ਪਰ ਮਹੱਤਵਪੂਰਨ ਚਰਚਾ ਹੋਵੇਗੀ। ਪੁਤਿਨ ਦੀ ਯਾਤਰਾ ਤੋਂ ਪਹਿਲਾਂ ਭਾਰਤੀ ਵਿਦੇਸ਼ ਮੰਤਰਾਲੇ ਅਤੇ ਰੂਸੀ ਰਾਸ਼ਟਰਪਤੀ ਭਵਨ ਵੱਲੋਂ ਦੱਸਿਆ ਗਿਆ ਹੈ ਕਿ ਇਸ ਵਾਰ ਦੋਵਾਂ ਦੇਸ਼ਾਂ ਲਈ ਆਰਥਿਕ ਤੇ ਕਾਰੋਬਾਰੀ ਮੁੱਦੇ ਕਾਫੀ ਅਹਿਮ ਰਹਿਣਗੇ। ਇਸ ਗੱਲ ਦਾ ਸੰਕੇਤ ਇਸ ਤੋਂ ਵੀ ਮਿਲਦਾ ਹੈ ਕਿ ਰਾਸ਼ਟਰਪਤੀ ਪੁਤਿਨ ਦੀ ਕੈਬਨਿਟ ਵਿੱਚ ਆਰਥਿਕ ਵਿਭਾਗਾਂ ਦੇ ਸਾਰੇ ਮੰਤਰੀ ਉਨ੍ਹਾਂ ਦੇ ਨਾਲ ਨਵੀਂ ਦਿੱਲੀ ਆ ਰਹੇ ਹਨ।
ਪੁਤਿਨ ਦੀ ਵੱਡੀ ਕੈਬਨਿਟ ਵੀ ਭਾਰਤ ਆ ਰਹੀ ਹੈ
ਇਨ੍ਹਾਂ ਵਿੱਚ ਆਰਥਿਕ ਵਿਕਾਸ ਮੰਤਰੀ ਮੈਕਸਿਮ ਰੇਸ਼ੇਤਨੀਕੋਵ, ਵਪਾਰ ਤੇ ਉਦਯੋਗ ਉਪ ਮੰਤਰੀ ਅਲੈਕਸੀ ਗਰੂਜਦੇਵ, ਖੇਤੀਬਾੜੀ ਮੰਤਰੀ ਓਕਸਾਨਾ ਲੁਟ, ਡਿਜੀਟਲ ਸੰਚਾਰ ਮੰਤਰੀ ਸਰਗੇਈ ਕੁਸ਼ਚੇਵ ਹੋਣਗੇ। ਇਸ ਤੋਂ ਇਲਾਵਾ ਸਿਹਤ ਮੰਤਰੀ ਮਿਖਾਇਲ ਮੁਰਾਸ਼ਕੋ, ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਰੱਖਿਆ ਮੰਤਰੀ ਆਂਦਰੇ ਬੇਲੁਸੋਵ ਵੀ ਆ ਰਹੇ ਹਨ। ਇਹ ਹਾਲ ਦੇ ਸਾਲਾਂ ਵਿੱਚ ਰੂਸੀ ਸਰਕਾਰ ਦਾ ਵਿਦੇਸ਼ ਦੌਰੇ 'ਤੇ ਜਾਣ ਵਾਲਾ ਸਭ ਤੋਂ ਵੱਡਾ ਦਲ ਹੈ।
2030 ਤੱਕ ਦਾ ਆਰਥਿਕ ਰੋਡਮੈਪ ਹੋਵੇਗਾ ਤਿਆਰ
ਯਾਤਰਾ ਦਾ ਇੱਕ ਵੱਡਾ ਮਕਸਦ ਦੋਵਾਂ ਦੇਸ਼ਾਂ ਦੀ ਅਰਥਵਿਵਸਥਾ ਨੂੰ ਬਾਹਰੀ ਦਬਾਅ ਤੋਂ ਬਚਾਉਣਾ ਹੈ। ਰਾਸ਼ਟਰਪਤੀ ਪੁਤਿਨ ਅਤੇ ਪੀਐਮ ਮੋਦੀ ਵਿਚਾਲੇ 2030 ਤੱਕ ਅਰਥਵਿਵਸਥਾ ਵਿੱਚ ਰਣਨੀਤਕ ਸਹਿਯੋਗ ਦੇ ਵਿਕਾਸ ਲਈ ਇੱਕ ਵਿਸ਼ੇਸ਼ ਪ੍ਰੋਗਰਾਮ 'ਤੇ ਦਸਤਖਤ ਕੀਤੇ ਜਾਣਗੇ। ਅਮਰੀਕਾ ਨਾਲ ਲਗਾਤਾਰ ਵਿਗੜਦੇ ਰਿਸ਼ਤਿਆਂ ਦਰਮਿਆਨ ਭਾਰਤ, ਰੂਸ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ 'ਤੇ ਧਿਆਨ ਦੇ ਰਿਹਾ ਹੈ।
S-500 ਅਤੇ ਸੁਖੋਈ 'ਤੇ ਹੋਵੇਗੀ ਗੱਲ
ਇਸ ਦੌਰੇ 'ਤੇ ਰੱਖਿਆ ਖੇਤਰ ਵਿੱਚ ਵੀ ਵੱਡੇ ਫੈਸਲੇ ਹੋਣ ਦੀ ਉਮੀਦ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ (Rajnath Singh) ਆਪਣੇ ਰੂਸੀ ਹਮਰੁਤਬਾ ਆਂਦਰੇ ਬੇਲੋਸੋਵ (Andrei Belousov) ਨਾਲ ਮੀਟਿੰਗ ਕਰਨਗੇ, ਜੋ ਪੁਤਿਨ ਦੇ ਨਾਲ ਹੀ ਆ ਰਹੇ ਹਨ।
ਇਸ ਦੌਰਾਨ S-400 ਮਿਜ਼ਾਈਲ ਪ੍ਰਣਾਲੀ ਦੀ ਖਰੀਦ, ਸੁਖੋਈ-30 (Sukhoi-30) ਜਹਾਜ਼ਾਂ ਦੇ ਅਪਗ੍ਰੇਡੇਸ਼ਨ ਅਤੇ ਬ੍ਰਹਮੋਸ (BrahMos) ਮਿਜ਼ਾਈਲ ਦੇ ਉੱਨਤ ਸੰਸਕਰਣ 'ਤੇ ਚਰਚਾ ਹੋਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ S-500 ਏਅਰ ਡਿਫੈਂਸ ਸਿਸਟਮ ਨੂੰ ਲੈ ਕੇ ਵੀ ਗੱਲਬਾਤ ਹੋ ਸਕਦੀ ਹੈ।