ਕਾਲੀ ਥਾਰ ਵਾਲੀ ਅਮਨਦੀਪ ਕੌਰ ਨੇ ਆਪਣੇ ਸਾਥੀ ਬਲਵਿੰਦਰ ਸਿੰਘ ਨਾਲ ਵਿਆਹ ਕਰਵਾਇਆ
ਅਸ਼ੋਕ ਵਰਮਾ
ਬਠਿੰਡਾ, 3 ਦਸੰਬਰ 2025: ਮਈ ਮਹੀਨੇ ਦੌਰਾਨ ਚਿੱਟਾ ਬਰਾਮਦ ਹੋਣ ਤੋਂ ਬਾਅਦ ਕਾਲੀ ਥਾਰ ਵਾਲੀ ਅਤੇ ਇੰਸਟਾ ਕੁਈਨ ਵਜੋਂ ਚਰਚਿਤ ਪੁਲਿਸ ਦੀ ਬਰਖਾਸਤ ਸੀਨੀਅਰ ਕਾਂਸਟੇਬਲ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿਘ ਵਾਲਾ ਵੱਲੋਂ ਆਪਣੇ ਸਾਥੀ ਬਲਵਿੰਦਰ ਸਿੰਘ ਨਾਲ ਵਿਆਹ ਕਰਵਾਉਣ ਦੀ ਗੱਲ ਸਾਹਮਣੇ ਆਈ ਹੈ। ਬਲਵਿੰਦਰ ਸਿੰਘ ਸੋਨੂੰ ਦੀ ਪਹਿਲੀ ਪਤਨੀ ਗੁਰਮੀਤ ਕੌਰ ਨੇ ਐਸਐਸਪੀ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਵਿੱਚ ਇਹ ਸਨਸਨੀਖੇਜ਼ ਦੋਸ਼ ਲਗਾਇਆ ਹੈ ਕਿ ਬਲਵਿੰਦਰ ਸਿੰਘ ਨੇ ਕੁਆਰਾ ਹੋਣ ਦਾ ਦਾਅਵਾ ਕਰਦੇ ਹੋਏ ਵਿਆਹ ਕੀਤਾ ਸੀ, ਜਦੋਂ ਕਿ ਉਹ ਅਜੇ ਵੀ ਉਸਦਾ ਕਾਨੂੰਨੀ ਪਤੀ ਹੈ। ਗੁਰਮੀਤ ਕੌਰ ਨੇ ਐਸਐਸਪੀ ਨੂੰ ਦਰਖਾਸਤ ਦੇਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਗੁਰਮੀਤ ਕੌਰ ਵੱਲੋਂ ਦਰਖਾਸਤ ਦੇਣ ਤੋਂ ਬਾਅਦ ਬਲਵਿੰਦਰ ਸਿੰਘ ਸੋਨੂੰ ਦਾ ਅਮਨਦੀਪ ਕੌਰ ਨਾਲ ਵਿਆਹ ਹੁਣ ਕਾਨੂੰਨੀ ਜਾਂਚ ਅਧੀਨ ਹੈ। ਵਿਆਹ ਕਰਵਾਉਣ ਵਾਲੇ ਗ੍ਰੰਥੀ ਹਰਬੰਸ ਸਿੰਘ ਨੇ ਦੱਸਿਆ ਕਿ ਬਲਵਿੰਦਰ ਸਿੰਘ ਅਤੇ ਅਮਨਦੀਪ ਕੌਰ ਦੋਵਾਂ ਨੇ ਕੁਆਰਾ ਹੋਣ ਦਾ ਦਾਅਵਾ ਕੀਤਾ ਸੀ। ਗ੍ਰੰਥੀ ਹਰਬੰਸ ਸਿੰਘ ਨੇ ਪੁਸ਼ਟੀ ਕੀਤੀ ਕਿ ਬਲਵਿੰਦਰ ਸਿੰਘ ਅਤੇ ਅਮਨਦੀਪ ਕੌਰ ਦੋਵਾਂ ਨੇ ਆਪਣੇ ਆਪ ਨੂੰ ਉਸ ਤੋਂ ਅਣਵਿਆਹਿਆ ਐਲਾਨ ਕੀਤਾ ਸੀ। ਇਸ ਤੋਂ ਬਾਅਦ ਹੀ, ਅਸੀਂ ਉਨ੍ਹਾਂ ਦਾ ਆਨੰਦ ਕਾਰਜ ਕਰਵਾਇਆ ਹੈ। ਬਲਵਿੰਦਰ ਸਿੰਘ ਦੀ ਪਹਿਲੀ ਪਤਨੀ ਗੁਰਮੀਤ ਕੌਰ ਨੇ ਆਪਣੀ ਸ਼ਿਕਾਇਤ ਵਿੱਚ ਸਪੱਸ਼ਟ ਤੌਰ ’ਤੇ ਦੋਸ਼ ਲਗਾਇਆ ਹੈ ਕਿ ਉਸਦੇ ਪਤੀ ਬਲਵਿੰਦਰ ਸਿੰਘ ਨੇ ਉਸਨੂੰ ਤਲਾਕ ਦਿੱਤੇ ਬਿਨਾਂ ਵਿਆਹ ਕੀਤਾ।
ਗੁਰਮੀਤ ਕੌਰ ਨੇ ਕਿਹਾ ਕਿ ਇਹ ਕਾਨੂੰਨੀ ਤੌਰ ’ਤੇ ਗੈਰ-ਕਾਨੂੰਨੀ ਹੈ ਅਤੇ ਧੋਖਾਧੜੀ ਹੈ। ਗੁਰਮੀਤ ਕੌਰ ਨੇ ਮੰਗ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਤੁਰੰਤ ਬਲਵਿੰਦਰ ਸਿੰਘ ਸੋਨੂੰ ਵਿਰੁੱਧ ਧੋਖਾਧੜੀ ਅਤੇ ਗੈਰ-ਕਾਨੂੰਨੀ ਵਿਆਹ ਦੇ ਦੋਸ਼ਾਂ ਵਿੱਚ ਕੇਸ ਦਰਜ ਕਰੇ। ਐਸਐਸਪੀ ਦਫ਼ਤਰ ਨੇ ਗੁਰਮੀਤ ਕੌਰ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਹੈ। ਸੂਤਰਾਂ ਨੇ ਦੱਸਿਆ ਹੈ ਕਿ ਇਸ ਮਾਮਲੇ ਦੇ ਤੱਥਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਪੁਲਿਸ ਨੇ ਗੁਰਮੀਤ ਕੌਰ ਨੂੰ ਭਰੋਸਾ ਦਿੱਤਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ, ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।