ਸੁਲਤਾਨਪੁਰ ਲੋਧੀ: ਬਿਨਾ ਪਾਰਟੀ ਸਿੰਬਲ ਅਜ਼ਾਦ ਤੌਰ ’ਤੇ ਚੋਣ ਮੈਦਾਨ ਵਿੱਚ ਉਤਰੇ ਰਾਣਾ ਧੜੇ ਦੇ ਸਮੂਹ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਉਮੀਦਵਾਰ
ਨਾਮਜ਼ਦਗੀ ਦਾਖ਼ਲ ਸਮੇਂ ਸਮਰਥਕਾਂ ਵਿੱਚ ਦਿਖਿਆ ਭਾਰੀ ਜੋਸ਼
Balwinder Dhaliwal
ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਦੇ ਧੜੇ ਦੇ ਸਮੂਹ ਉਮੀਦਵਾਰ ਬਲਾਕ ਸੰਮਤੀ ਚੋਣਾਂ ਵਿੱਚ ਬਿਨਾ ਪਾਰਟੀ ਸਿੰਬਲ ਅਜ਼ਾਦ ਤੌਰ ’ਤੇ ਚੋਣ ਮੈਦਾਨ ਵਿੱਚ ਉੱਤਰੇ ਹਨ। ਅੱਜ ਸਾਰੇ ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ ਗਏ।
ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਖੁਦ ਉਮੀਦਵਾਰਾਂ ਨਾਲ ਹਾਜ਼ਰ ਰਹੇ। ਉਨ੍ਹਾਂ ਦੇ ਨਾਲ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਜੋਸ਼ ਅਤੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਨਾਮਜ਼ਦਗੀ ਦਾਖ਼ਲ ਕਰਨ ਦੌਰਾਨ ਇਲਾਕੇ ਵਿੱਚ ਰਾਜਨੀਤਿਕ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਨਜ਼ਰ ਆਇਆ।
ਸਮਰਥਕਾਂ ਵੱਲੋਂ ਖੁਸ਼ੀ ਮਹਿਸੂਸ ਕੀਤੀ ਗਈ ਜਿਸ ਨਾਲ ਮਾਹੌਲ਼ ਤਿਓਹਾਰ ਵਰਗਾ ਬਣਾ ਦਿੱਤਾ ਗਿਆ। ਲੋਕਾਂ ਵਿੱਚ ਆਪਣੇ ਉਮੀਦਵਾਰਾਂ ਪ੍ਰਤੀ ਭਾਰੀ ਉਤਸ਼ਾਹ ਅਤੇ ਭਰੋਸਾ ਵੇਖਣ ਨੂੰ ਮਿਲਿਆ।
ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਸਾਰੇ ਉਮੀਦਵਾਰ ਲੋਕਾਂ ਦੀ ਭਲਾਈ ਅਤੇ ਵਿਕਾਸ ਨੂੰ ਮੂਲ ਮੰਤਵ ਬਣਾਕੇ ਚੋਣ ਮੈਦਾਨ ਵਿੱਚ ਉੱਤਰੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਉਮੀਦਵਾਰ ਅਜ਼ਾਦ ਤੌਰ ’ਤੇ ਚੋਣ ਲੜ ਰਹੇ ਹਨ, ਪਰ ਲੋਕਾਂ ਦਾ ਭਰਪੂਰ ਸਮਰਥਨ ਉਨ੍ਹਾਂ ਨੂੰ ਜਿੱਤ ਵੱਲ ਲੈ ਕੇ ਜਾਵੇਗਾ।
ਉਨ੍ਹਾਂ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਇਹ ਪਿਆਰ ਅਤੇ ਵਿਸ਼ਵਾਸ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ। ਇਸ ਮੌਕੇ ਕਈ ਸੀਨੀਅਰ ਆਗੂ, ਪੰਚਾਇਤੀ ਨੁਮਾਇੰਦੇ ਅਤੇ ਇਲਾਕੇ ਦੇ ਪਤਵੰਤੇ ਸੱਜਣ ਵੀ ਮੌਜੂਦ ਰਹੇ।