ਹਰਪਾਲ ਚੀਮਾ ਨੇ ਭਾਜਪਾ ਦੀ 'ਸੰਚਾਰ ਸਾਥੀ' ਐਪ ਨੂੰ ਨਵਾਂ ਪੈਗਾਸਸ ਮਾਡਲ ਦੱਸਿਆ
ਇਸ ਕਾਰਵਾਈ ਨੂੰ 'ਨਾਗਰਿਕਾਂ ਦੀ ਨਿੱਜਤਾ 'ਤੇ ਵੱਡਾ ਹਮਲਾ' ਕਰਾਰ ਦਿੱਤਾ
'ਆਪ' ਪਾਰਟੀ ਭਾਜਪਾ ਵੱਲੋਂ ਦੇਸ਼ ਦੀ ਨਿੱਜਤਾ 'ਤੇ ਹਮਲੇ ਦੀ ਇਸ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰਦੀ ਹੈ: ਵਿੱਤ ਮੰਤਰੀ
ਚੰਡੀਗੜ੍ਹ, 3 ਦਸੰਬਰ
ਪੰਜਾਬ ਦੇ ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ 'ਸੰਚਾਰ ਸਾਥੀ' ਨਾਮੀ ਮੋਬਾਈਲ ਐਪ ਰਾਹੀਂ ਦੇਸ਼ ਦੇ ਲੋਕਾਂ ਦੀ ਨਿੱਜਤਾ 'ਤੇ ਹਮਲਾ ਕਰਨ ਦੀ ਕੋਸ਼ਿਸ਼ ਦੀ ਸਖ਼ਤ ਆਲੋਚਨਾ ਕੀਤੀ।
ਇੱਥੇ ਪਾਰਟੀ ਦੇ ਮੁੱਖ ਦਫਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਭਾਜਪਾ 2014 ਤੋਂ ਕੇਂਦਰ ਵਿੱਚ ਸੱਤਾ ‘ਚ ਹੈ ਅਤੇ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਵਿੱਚ ਵੀ ਇਸਦਾ ਸ਼ਾਸਨ ਹੈ, ਪਰ ਫਿਰ ਵੀ ਇਹ ਪਾਰਟੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੁਆਰਾ ਸਥਾਪਿਤ ਸੰਵਿਧਾਨ, ਜੋ ਹਰ ਇੱਕ ਨੂੰ ਸੁਤੰਤਰ ਰਹਿਣ ਦਾ ਹੱਕ ਦਿੰਦਾ ਹੈ, ਨੂੰ ਲਗਾਤਾਰ ਕਦਮ-ਦਰ-ਕਦਮ ਖਤਮ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਭਾਜਪਾ ਦੀ ਇੱਕ ਨਵੀਂ ਚਾਲ ਸਾਹਮਣੇ ਆਈ ਹੈ, ਜਿਸ ਵਿੱਚ ਆਧੁਨਿਕ ਯੁੱਗ ‘ਚ ਲੋਕਾਂ ਦੇ ਨਿੱਜੀ ਡੇਟਾ ਦੀ ਚੋਰੀ ਅਤੇ ਉਨ੍ਹਾਂ ਦੀ ਨਿੱਜਤਾ ‘ਤੇ ਹਮਲੇ ਦੀ ਰਣਨੀਤੀ ਅਪਣਾਈ ਜਾ ਰਹੀ ਹੈ।
ਇਸ ਐਪਲੀਕੇਸ਼ਨ ਨੂੰ ਜਾਸੂਸੀ ਵਾਲੇ ਸਾਫ਼ਟਵੇਅਰ ਪੈਗਾਸਸ ਦਾ ਇੱਕ ਨਵਾਂ ਰੂਪ ਕਰਾਰ ਦਿੰਦਿਆਂ ਸ. ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ 'ਸੰਚਾਰ ਸਾਥੀ' ਐਪ ਨਾਲ ਦੇਸ਼ ਦੇ 144 ਕਰੋੜ ਲੋਕਾਂ ਦੀ ਨਿੱਜੀ ਸੁਤੰਤਰਾ 'ਤੇ ਹਮਲਾ ਕੀਤਾ ਹੈ ਅਤੇ ਉਨ੍ਹਾਂ ਕਿਹਾ ਕਿ ਇੱਕ ਤਰ੍ਹਾਂ ਨਾਲ ਪੈਗਾਸਸ ਸਾਫਟਵੇਅਰ ਹੀ ਹੈ, ਜਿਸਦਾ ਨੂੰ ਨਾਮ ਬਦਲ ਕੇ ਦੇਸ਼ ਦੇ ਲੋਕਾਂ ਦੀ ਜਾਸੂਸੀ ਲਈ ਤਿਆਰ ਕੀਤਾ ਗਿਆ ਹੈ।
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਭਾਜਪਾ ਦੀ ਕੋਸ਼ਿਸ਼ ਇਸ ਟੂਲ ਦੀ ਵਰਤੋਂ ਜ਼ਰੀਏ ਲੋਕਾਂ ਦੇ ਨਿੱਜੀ ਡੇਟਾ ਦੀ ਚੋਰੀ ਅਤੇ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦੀ ਰਣਨੀਤੀ ਤਿਆਰ ਕਰਨਾ ਹੈ। ਇਸ ਤੋਂ ਇਲਾਵਾ ਭਾਜਪਾ ਇਸ ਚੋਰੀ ਕੀਤੇ ਡੇਟਾ ਨੂੰ ਆਪਣੇ ਸਹਿਯੋਗੀ ਪੂੰਜੀਪਤੀਆਂ ਨੂੰ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੀ ਹੈ ਤਾਂ ਜੋ ਉਹ ਨਾਗਰਿਕਾਂ ਦੀ ਨਿੱਜੀ ਜਾਣਕਾਰੀ ਨੂੰ ਆਪਣੇ ਫਾਇਦੇ ਲਈ ਵਰਤ ਸਕਣ। ਇਸ ਘਟੀਆ ਕਾਰਨਾਮੇ ਨੂੰ ਦੇਸ਼ ਦੇ ਲੋਕਾਂ ਦੀ ਨਿੱਜਤਾ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਕਰਾਰ ਦਿੰਦਿਆਂ ਉਨ੍ਹਾਂ ਨੇ ਭਗਵਾ ਪਾਰਟੀ ਨੂੰ ਚੇਤਾਵਨੀ ਦਿੱਤੀ ਕਿ ਪੂਰਾ ਦੇਸ਼ ਭਾਜਪਾ ਦੇ ਘਟੀਆ ਮਾਨਸਿਕਤਾ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਇਹ ਪਾਰਟੀ ਕਿਵੇਂ ਇਸ ਐਪ ਰਾਹੀਂ ਲੋਕਾਂ ਦੇ ਨਿੱਜੀ ਦੀ ਦੁਰਵਰਤੋਂ ਦੀ ਯੋਜਨਾ ਬਣਾ ਰਹੀ ਹੈ।
ਵਿੱਤ ਮੰਤਰੀ ਨੇ ਆਪਣੇ ਪ੍ਰੈਸ ਬਿਆਨ ਵਿੱਚ ਕੇਂਦਰ ਵੱਲੋਂ ਰਾਜਾਂ ਦੇ ਅਧਿਕਾਰਾਂ 'ਤੇ ਕਬਜ਼ੇ ਦੇ ਖ਼ਤਰੇ ਨੂੰ ਵੀ ਉਜਾਗਰ ਕਰਦਿਆਂ ਕਿਹਾ ਕਿ ਇਹ ਐਪ ਰਾਜਾਂ ਦੇ ਅਧਿਕਾਰਾਂ ਨੂੰ ਪੂਰੀ ਤਰ੍ਹਾਂ ਬਾਈਪਾਸ ਕਰਦੀ ਹੈ, ਜੋ ਦੇਸ਼ ਦੇ ਸੰਘੀ ਢਾਂਚੇ ਲਈ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਸਟੇਟ ਪੁਲਿਸ, ਸਾਈਬਰ ਸੈੱਲਾਂ ਜਾਂ ਦੂਰਸੰਚਾਰ ਸੈਕਟਰ ਦੇ ਰਾਜ-ਪੱਧਰੀ ਰੈਗੂਲੇਟਰਾਂ ਨੂੰ ਸ਼ਾਮਲ ਕੀਤੇ ਬਿਨਾਂ ਇੱਕ ਕੇਂਦਰੀਕ੍ਰਿਤ ਨਿਗਰਾਨੀ ਪ੍ਰਣਾਲੀ ਪੇਸ਼ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਦੇਸ਼ ਭਰ ਦੇ ਲੋਕਾਂ ਦੇ ਨਿੱਜੀ ਡੇਟਾ 'ਤੇ ਕੇਂਦਰ ਦਾ ਏਕਾਧਿਕਾਰ ਬਣਾਉਣ ਦੀ ਸਪੱਸ਼ਟ ਕੋਸ਼ਿਸ਼ ਹੈ।
ਇਸ ਤੋਂ ਇਲਾਵਾ ਸ. ਚੀਮਾ ਨੇ ਰਾਜਨੀਤੀ ਵਿੱਚ ਇਸ ਐਪ ਦੀ ਦੁਰਵਰਤੋਂ ਦੇ ਜੋਖਮ ਬਾਰੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਇਹ ਐਪ ਚੋਣਾਂ ਅਤੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਸੰਪਰਕ ਨੰਬਰਾਂ ਦੀ ਪਛਾਣ ਅਤੇ ਟਰੈਕਿੰਗ ਰਾਹੀਂ ਰਾਜਨੀਤਿਕ ਨਿਗਰਾਨੀ ਵਾਸਤੇ ਇੱਕ ਵੱਡਾ ਹਥਿਆਰ ਬਣ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਪ੍ਰਣਾਲੀ ਕੇਂਦਰ ਲਈ ਵਟਸਐਪ, ਸਿਗਨਲ, ਕਾਲਾਂ ਅਤੇ ਸਿੰਮ ਲਿੰਕਿੰਗ ਸਮੇਤ ਹਰ ਚੀਜ਼ ਦੀ ਨਿਗਰਾਨੀ ਦਾ ਅਧਿਕਾਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਰਣਨੀਤੀਆਂ ਆਮ ਤੌਰ 'ਤੇ ਸਿਰਫ ਤਾਨਾਸ਼ਾਹੀ ਸ਼ਾਸਨ ਵਿੱਚ ਮਿਲਦੀਆਂ ਹਨ।
ਵਿੱਤ ਮੰਤਰੀ ਸ. ਚੀਮਾ ਨੇ ਇਸ ਐਪ ਜ਼ਰੀਏ ਸਾਈਬਰ ਸੁਰੱਖਿਆ ਨੂੰ ਦਰਪੇਸ਼ ਖ਼ਤਰੇ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਭਾਰਤ ਪਹਿਲਾਂ ਹੀ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਡੇਟਾ ਲੀਕ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਆਧਾਰ, ਕੋਵਿਨ ਅਤੇ ਪੀਐਮ-ਕਿਸਾਨ ਡੇਟਾ ਲੀਕ ਨਾਲ ਜੁੜੀਆਂ ਪਿਛਲੀਆਂ ਘਟਨਾਵਾਂ ਦਾ ਹਵਾਲਾ ਦਿੱਤਾ, ਜਿੱਥੇ ਕਿਸੇ ਵੀ ਅਧਿਕਾਰੀ ਨੂੰ ਜਵਾਬਦੇਹ ਨਹੀਂ ਠਹਿਰਾਇਆ ਗਿਆ । ਉਨ੍ਹਾਂ ਚੇਤਾਵਨੀ ਦਿੱਤੀ ਕਿ ਸੰਚਾਰ ਸਾਥੀ ਆਪਣੀਆਂ ਕਮਜ਼ੋਰ ਸੁਰੱਖਿਆ ਵਿਧੀਆਂ ਨਾਲ ਸਾਈਬਰ ਸੁਰੱਖਿਆ ਲਈ ਇੱਕ ਵੱਡਾ ਖਤਰਾ ਪੈਦਾ ਕਰਦਾ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਕੇਂਤਰੀਕ੍ਰਿਤ ਢੰਗ ਨਾਲ ਸੰਵੇਦਨਸ਼ੀਲ ਡੇਟਾ ਦੀ ਇਕੱਤਰਤਾ ਪੈਗਾਸਸ ਮਾਡਲ ਦਾ ਨਵਾਂ ਰੂਪ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਐਪ, ਜੋ ਪੈਗਾਸਸ ਵਰਗੀ ਕੇਂਦਰੀਕ੍ਰਿਤ ਪ੍ਰਣਾਲੀ ਹੈ, ਇੱਕ ਜਨਤਕ ਨਿਗਰਾਨ ਢਾਂਚੇ ਦੀ ਨੀਂਹ ਰੱਖਦੀ ਹੈ, ਜਿਸਦੀ ਕਿਸੇ ਵੀ ਸਰਕਾਰੀ ਏਜੰਸੀ ਦੁਆਰਾ ਦੁਰਵਰਤੋਂ ਕੀਤੀ ਜਾ ਸਕਦੀ ਹੈ। ਇਸ ਲਈ ਜ਼ਿਆਦਾਤਰ ਡਿਜੀਟਲ ਰਾਈਟਸ ਮਾਹਰਾਂ ਨੇ ਇਸ ਕਦਮ ਨੂੰ "ਡਿਜੀਟਲ ਤਾਨਾਸ਼ਾਹੀ" ਕਰਾਰ ਦਿੱਤਾ ਹੈ। ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੀ ਨਿੱਜਤਾ 'ਤੇ ਭਾਜਪਾ ਵੱਲੋਂ ਇਸ ਹਮਲੇ ਦੀ ਕੋਸ਼ਿਸ਼ ਦਾ ਸਖ਼ਤ ਵਿਰੋਧ ਕਰਦੀ ਹੈ।