ਬਸਪਾ ਦੇ ਸੂਬਾ ਪ੍ਰਧਾਨ ਡਾ ਕਰੀਮਪੁਰੀ ਵੱਲੋਂ ਸਸਰਾਲੀ ਕਲੋਨੀ ਸਤਲੁਜ ਬੰਨ ਦਾ ਦੌਰਾ
ਰੇਤ ਮਾਫੀਆ ਸਮੇਤ ਸਰਕਾਰ ਦੀਆਂ ਨਲਾਇਕੀਆਂ ਨੂੰ ਦੱਸਿਆ ਮੌਜੂਦਾ ਸਥਿਤੀ ਲਈ ਜਿੰਮੇਵਾਰ, ਲੋਕਾਂ ਦੀ ਹਿੰਮਤ ਦੀ ਕੀਤੀ ਸ਼ਰਾਹਣਾ
ਕੇਂਦਰ ਤੇ ਪੰਜਾਬ ਸਰਕਾਰ ਦਾ ਰਵੱਈਆ ਇੱਕੋ ਜਿਹਾ, ਜਨਤਾ ਦੀ ਸਾਰ ਲੈਣ ਦੀ ਬਜਾਏ ਸਿਆਸਤ ਨੂੰ ਤਰਜੀਹ : ਕਰੀਮਪੁਰੀ
ਰਵੀ ਜੱਖੂ
ਲੁਧਿਆਣਾ:- 07 ਸਤੰਬਰ 2025- ਪੰਜਾਬ ਭਰ 'ਚ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਾਰਟੀ ਪੱਧਰ 'ਤੇ ਰਾਹਤ ਸਗੱਗਰੀ ਭੇਜਣ ਵਾਲੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ ਅਵਤਾਰ ਸਿੰਘ ਕਰੀਮਪੁਰੀ ਸਾਬਕਾ ਸੰਸਦ ਮੈਂਬਰ ਨੇ ਹਲਕਾ ਸਾਹਨੇਵਾਲ ਦੇ ਇੰਚਾਰਜ ਰਿਟਾ: ਸੀਨੀਅਰ ਬੈਂਕ ਮੈਨੇਜਰ ਜਗਤਾਰ ਸਿੰਘ ਭਾਮੀਆਂ ਨੂੰ ਨਾਲ ਲੈਕੇ ਸਸਰਾਲੀ ਕਲੋਨੀ ਸਤਲੁਜ ਬੰਨ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਲੋਕਾਂ ਅਤੇ ਫੌਜ ਵੱਲੋਂ ਸਤਲੁਜ ਦੇ ਪਹਿਲੇ ਬੰਨ ਨੂੰ ਬਚਾਉਣ ਅਤੇ ਉਸ ਦੇ ਟੁੱਟਣ ਤੋਂ ਬਾਅਦ ਨਵਾਂ ਰਿੰਗ ਬੰਨ ਬਣਾਉਣ 'ਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਰਾਹਣਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਲੋਕ ਖੁਦ ਹਿੰਮਤ ਨਾ ਕਰਦੇ ਅਤੇ ਸ਼ਾਸਨ ਪ੍ਰਸ਼ਾਸਨ ਦੇ ਸਿਰ 'ਤੇ ਬੈਠੇ ਰਹਿੰਦੇ ਤਾਂ ਅੱਜ ਨੂੰ ਪੂਰਾ ਇਲਾਕਾ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆ ਕੇ ਤਬਾਹ ਹੋ ਜਾਣਾ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਪਹਿਲਾਂ ਅਪਣਾ ਬਚਾਅ ਖੁਦ ਕੀਤਾ ਹੈ ਅਤੇ ਬਾਅਦ 'ਚ ਸ਼ਰਮ ਦਾ ਮਾਰਿਆ ਸ਼ਾਸਨ ਪ੍ਰਸ਼ਾਸਨ ਕੁੰਭਕਰਨੀ ਨੀਂਦ ਚੋਂ ਜਾਗਿਆ ਅਤੇ ਹੁਣ ਖੁਦ ਥੈਲੇ ਤੇ ਪੱਥਰ ਚੁੱਕ ਕੇ ਲੋਕਾਂ ਦਾ ਹਮਦਰਦ ਬਣਨ ਦੀ ਕੋਸ਼ਿਸ ਕਰ ਰਿਹਾ ਹੈ। ਉਨ੍ਹਾਂ ਬਣੇ ਗੰਭੀਰ ਹਾਲਾਤਾਂ ਲਈ ਰੇਤ ਮਾਫੀਆਂ ਅਤੇ ਸ਼ਾਸਨ ਪ੍ਰਸ਼ਾਸਨ ਦੀਆਂ ਨਲਾਇਕੀਆਂ ਨੂੰ ਜਿੰਮੇਵਾਰ ਆਖਦਿਆਂ ਕਿਹਾ ਕਿ ਅੱਜ ਸਾਹੋ ਸਾਹੀ ਹੋਣ ਦਾ ਡਰਾਮਾ ਕਰਨ ਵਾਲੇ ਅਧਿਕਾਰੀ ਅਤੇ ਸਰਕਾਰ ਦੇ ਨੁੰਮਾਇੰਦੇ ਕਿੱਥੇ ਸਨ। ਏਹ ਦੱਸਣ ਕਿ ਪਿਛਲੇ ਆਏ ਹੜ੍ਹਾਂ ਤੋਂ ਪ੍ਰੇਰਣਾ ਲੈਕੇ ਏਨ੍ਹਾਂ ਵੱਲੋਂ ਕਿਹੜੇ ਅਗੇਤੇ ਪ੍ਰਬੰਧ ਕੀਤੇ ਗਏ ਸਨ। ਸ੍ਰ ਕਰੀਮਪੁਰੀ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਕਿ ਏਥੇ ਰੇਤ ਮਾਫੀਆਂ ਨੇ ਸ਼ਾਸਨ ਅਤੇ ਪ੍ਰਸ਼ਾਸਨ ਦੀ ਸ਼ਹਿ 'ਤੇ ਰੱਜ ਕੇ ਲੁੱਟ ਕੀਤੀ ਹੈ ਅਤੇ ਵਿਰੋਧ ਕਰਨ ਵਾਲਿਆਂ ਨੂੰ ਪਹਿਲਾਂ ਡਰਾਇਆ ਧਮਕਾਇਆ ਗਿਆ ਅਤੇ ਜਿਹੜੇ ਫੇਰ ਵੀ ਨਾ ਹਟੇ ਤਾਂ ਉਨ੍ਹਾਂ ਉੱਤੇ ਝੂਠੇ ਪਰਚੇ ਤੱਕ ਦਰਜ ਕਰਵਾਏ ਗਏ। ਸ੍ਰ ਕਰੀਮਪੁਰੀ ਨੇ ਕਿਹਾ ਕਿ ਬੰਨ ਉੱਤੇ ਹੀ ਰੇਤ ਮਾਫੀਆ, ਸਰਕਾਰ ਅਤੇ ਪ੍ਰਸ਼ਾਸਨ ਦਾ ਲੋਟੂ ਗਠਜੋੜ ਬੇਨਕਾਬ ਹੋ ਚੁੱਕਾ ਹੈ। ਲੋਕਾਂ ਦੀ ਬਰਬਾਦੀ ਦਾ ਕਾਰਨ ਬਣਨ ਵਾਲੇ ਤਿੰਨੋਂ ਏਸੇ ਜਗਾਹ ਉੱਤੇ ਇੱਕਠੇ ਦੇਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਹਾਈ ਕੋਰਟ ਦੀ ਮਹਿਲਾ ਵਕੀਲ ਅਤੇ ਇਲਾਕੇ ਦੀ ਸੰਗਤ ਵੱਲੋਂ ਜਿਸ ਰੇਤ ਮਾਫੀਆ ਉੱਤੇ ਮੁੱਕਦਮਾ ਦਰਜ ਕਰਵਾਇਆ ਗਿਆ ਸੀ ਜਿਨ੍ਹਾਂ ਦੀਆਂ ਮਾਨਯੋਗ ਹਾਈ ਕੋਰਟ ਚੋਂ ਜਮਾਨਤਾਂ ਤੱਕ ਰੱਦ ਹੋ ਚੁੱਕੀਆਂ ਹਨ ਉਹ ਏਸੇ ਜਗਾਹ ਸ਼ਾਸਨ ਤੇ ਪ੍ਰਸ਼ਾਸਨ ਨਾਲ ਜੋਟੀ ਪਾ ਕੇ ਬੇਖੌਫ ਘੁੰਮ ਰਹੇ ਹਨ। ਸ੍ਰ ਕਰੀਮਪੁਰੀ ਨੇ ਕਿਹਾ ਕਿ ਕਿੱਢੀ ਹੈਰਾਨੀ ਦੀ ਗੱਲ ਹੈ ਕਿ ਇਸ ਇਲਾਕੇ ਨੂੰ ਬਰਬਾਦੀ ਦੇ ਕੰਢੇ 'ਤੇ ਖੜਾਉਣ ਵਾਲੇ ਅਪਣੇ ਸ਼ੋਸ਼ਲ ਅਕਾਊਟਾਂ ਉੱਤੇ ਏਹ ਵੀ ਕਹਿ ਰਹੇ ਹਨ ਕਿ ਸਾਨੂੰ ਰੇਤ ਮਾਫੀਆ ਕਿਹਾ ਜਾ ਰਿਹਾ ਸੀ ਤੇ ਅਸੀਂ ਅਪਣੀ ਮਸ਼ੀਨਰੀ ਨਾਲ ਇਸ ਇਲਾਕੇ ਨੂੰ ਬਚਾਅ ਰਹੇ ਹਾਂ।
ਸ੍ਰ ਕਰੀਮਪੁਰੀ ਨੇ ਸਖਤ ਹੋ ਕੇ ਕਿਹਾ ਕਿ ਜੇਕਰ ਲੋਕ ਹਿੰਮਤ ਨਾ ਮਾਰਦੇ ਤਾਂ ਸਰਕਾਰ, ਪ੍ਰਸ਼ਾਸਨ ਅਤੇ ਰੇਤ ਮਾਫੀਆਂ ਨੇ ਕੋਈ ਕਸਰ ਨਹੀਂ ਸੀ ਛੱਡੀ ਲੋਕਾਂ ਨੂੰ ਤਬਾਹ ਕਰਨ ਦੀ। ਉਨ੍ਹਾਂ ਸ਼ਾਸਨ ਪ੍ਰਸ਼ਾਸਨ ਨੂੰ ਕਿਹਾ ਕਿ ਉਹ ਸੇਵਕ ਬਣਨ ਦਾ ਡਰਾਮਾ ਛੱਡ ਕੇ ਲੋਕਾਂ ਨੂੰ ਫੌਰੀ ਰਾਹਤ ਦੇਣ ਲਈ ਜਿੱਥੇ ਜਰੂਰੀ ਸਾਜੋ ਸਾਮਾਨ ਅਤੇ ਪੁੰਜੀ ਦਾ ਪ੍ਰਬੰਧ ਕਰਕੇ ਦੇਣ ਉੱਥੇ ਹੀ ਲੋਕਾਂ ਦਾ ਜਿਨ੍ਹਾਂ ਵੀ ਨੁਕਸਾਨ ਹੋਇਆ ਉਸਦੀ ਭਰਭਾਈ ਕਰਦੇ ਹੋਏ ਭਵਿੱਖ 'ਚ ਦਰਿਆਵਾਂ ਦੇ ਬੰਨ ਪੱਕੇ ਕਰਨ ਦੀ ਪ੍ਰਪੋਜਲ ਤਿਆਰ ਕਰਨ। ਉਨ੍ਹਾਂ ਨਸੀਅਤ ਵੀ ਦਿੱਤੀ ਕਿ ਤੁਹਾਡਾ ਕੰਮ, ਯੋਜਨਾਵਾਂ ਬਣਾ ਕੇ ਉਸ ਅਨੁਸਾਰ ਦੂਜਿਆਂ ਤੋਂ ਕੰਮ ਕਰਵਾਉਣਾ ਹੈ ਨਾ ਕਿ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕਰਨ ਲਈ ਖੁਦ ਕੰਮ ਕਰਨ ਦਾ ਡਰਾਮਾ ਕਰਨ ਦਾ।
ਉਨ੍ਹਾਂ ਏਹ ਵੀ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੇ ਵਰਕਰ ਵੀ ਏਥੇ ਆ ਕੇ ਫੋਟੋ ਸ਼ੈਸਨ ਕਰਨ ਦੀ ਬਜਾਏ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਨੇ ਅਪਣੇ ਵਰਕਰਾਂ ਤੋਂ ਇਕੱਠੀ ਕੀਤੀ ਮਾਇਆ ਅਤੇ ਸਮੱਗਰੀ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਭੇਜਣ ਦਾ ਕੰਮ ਵੀ ਕੀਤਾ ਹੈ ਅਤੇ ਜਰੂਰਤ ਪਈ ਤਾਂ ਅੱਗੇ ਵੀ ਭੇਜਾਂਗੇ।
ਕੇਂਦਰ ਅਤੇ ਸੂਬਾ ਸਰਕਾਰਾਂ ਉੱਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਜਨਤਾ ਪ੍ਰਤੀ ਦੋਵਾਂ ਦਾ ਰਵੱਈਆ ਇੱਕੋ ਜਿਹਾ ਹੈ, ਜਨਤਾ ਦੀ ਸਾਰ ਲੈਣ ਦੀ ਬਜਾਏ ਦੋਵਾਂ ਨੇ ਸਿਆਸਤ ਨੂੰ ਤਰਜੀਹ ਦਿੱਤੀ ਹੋਈ ਹੈ ਜਦਕਿ ਚਾਹੀਦਾ ਤਾਂ ਏਹ ਹੈ ਕਿ ਉਹ ਲੋਕਾਂ ਨੂੰ ਜਲਦ ਤੋਂ ਜਲਦ ਰਾਹਤ ਪੈਕਜ ਦੇਣ। ਉਨ੍ਹਾਂ ਕਿਹਾ ਕਿ ਜਨਤਾ ਦੇ ਵਾਰ ਵਾਰ ਹੁੰਦੇ ਨੁਕਸਾਨ ਅਤੇ ਇਸ ਅਜਿਹੇ ਸੰਕਟਮਈ ਹਾਲਾਤਾਂ ਲਈ ਆਮ ਆਦਮੀਂ ਪਾਰਟੀ, ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਅਤੇ ਕਾਂਗਰਸ ਬਰਾਬਰ ਦੀਆਂ ਦੋਸ਼ੀ ਹਨ ਜਿਨ੍ਹਾਂ 78 ਸਾਲਾਂ 'ਚ ਅਰਬਾਂ ਰੁਪਏ ਦੇ ਫੰਡ ਤਾਂ ਬੰਨਾਂ ਨੂੰ ਮਜਬੂਤ ਕਰਨ ਲਈ ਜਾਰੀ ਕਰਵਾਏ ਪਰ ਹੜ੍ਹ ਦੇ ਪਾਣੀ ਵਾਂਗ ਉਨ੍ਹਾਂ ਨੂੰ ਵਹਾਅ ਦਿੱਤਾ। ਉਹ ਪੈਸਾ ਬੰਨਾ ਅਤੇ ਲੋਕਾਂ ਉੱਤੇ ਲੱਗ ਦੀ ਬਜਾਏ ਹੁਕਮਰਾਨਾਂ ਦੀਆਂ ਜੇਬਾਂ 'ਚ ਚਲਿਆ ਗਿਆ।
ਇਸ ਮੌਕੇ ਉਨ੍ਹਾਂ ਨਾਲ ਸੂਬਾ ਜਨਰਲ ਸਕੱਤਰ ਹਰਭਜਨ ਸਿੰਘ ਬਜਰਹੇੜੀ, ਬਲਜੀਤ ਸਿੰਘ ਸਲਾਣਾ, ਬਲਵਿੰਦਰ ਬਿੱਟਾ, ਪ੍ਰਗਣ ਬਿਲਗਾ, ਜੀਤ ਰਾਮ ਬਸਰਾ, ਹਰਭਜਨ ਸਿੰਘ ਦੁਲਮਾ, ਹਰਜਿੰਦਰ ਸੁਜਾਤਵਾਲ, ਬਲਵਿੰਦਰ ਜੱਸੀ, ਨਰਿੰਦਰ ਚੌਂਤਾ, ਬਿੱਟੂ ਸ਼ੇਰਪੁਰ, ਪ੍ਰਵੀਨ ਬਾਸਲ, ਰਜਿੰਦਰ ਕੁਮਾਰ, ਇੰਦਰੇਸ਼, ਬਲਵਿੰਦਰ ਬੱਧਣ, ਕਪਿਲ ਕੁਮਾਰ, ਰਾਮਲੋਕ ਸਿੰਘ ਕੁਲੀਏਵਾਲ, ਨਰੇਸ਼ ਬਸਰਾ ਅਤੇ ਹੋਰ ਹਾਜਰ ਸਨ।