Canada: ਇੰਡੋ-ਕਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਦੇ ਮੈਂਬਰਾਂ ਦਾ ਪਿਕਨਿਕ ਟੂਰ
ਹਰਦਮ ਮਾਨ
ਸਰੀ, 31 ਜੁਲਾਈ 2025-ਇੰਡੋ-ਕਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਦੇ ਮੈਂਬਰਾਂ ਨੇ ਸਾਲ 2025 ਦਾ ਦੂਜਾ ਪਿਕਨਿਕ ਟੂਰ ਲਾਇਨਜ਼ ਪਾਰਕ, ਪੋਰਟ ਕੋਕੁਇਟਲਮ ਵਿਖੇ ਲਾਇਆ। ਪ੍ਰਧਾਨ ਅਵਤਾਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ 56 ਮੈਂਬਰ ਇਸ ਟੂਰ ਵਿਚ ਸ਼ਾਮਲ ਹੋਏ।
ਇਕ ਸ਼ਾਨਦਾਰ ਏ.ਸੀ. ਬੱਸ ਰਾਹੀਂ ਇਹ ਮੈਂਬਰ ਸੀਨੀਅਰਜ਼ ਸੈਂਟਰ ਸਰੀ ਤੋਂ ਸਵੇਰੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਰਵਾਨਾ ਹੋਏ। ਗਿਆਨੀ ਗੁਰਮੀਤ ਸਿੰਘ ਸੇਖੋਂ ਨੇ ਇਕ ਧਾਰਮਿਕ ਸ਼ਬਦ ਦਾ ਗੁਣਗਾਣ ਕੀਤਾ ਅਤੇ ਕੁਝ ਹੋਰ ਧਾਰਮਿਕ ਕਵਿਤਾਵਾਂ ਸੁਣਾਈਆਂ। ਲਾਇਨਸ ਪਾਰਕ, ਪੋਰਟ ਕੋਕੁਇਟਲਮ ਵਿਚ ਪਹੁੰਚ ਕੇ ਵੱਖ ਵੱਖ ਟੋਲੀਆਂ ਬਣਾ ਕੇ ਸੀਨੀਅਰਜ਼ ਨੇ ਪਾਕਰ ਵਿਚ ਘੁੰਮ ਫਿਰ ਕੇ ਕੁਦਰਤ ਦੇ ਬੇਅੰਤ ਨਜ਼ਾਰਿਆਂ ਨੂੰ ਮਾਣਿਆਂ। ਪਾਰਕ ਵਿਚ ਮਸਤੀਆਂ ਮਾਣ ਰਹੇ ਵੱਖ-ਵੱਖ ਕਮਿਊਨਿਟੀਆਂ ਦੇ ਬੱਚਿਆਂ, ਬੁੱਢਿਆਂ ਅਤੇ ਜਵਾਨਾਂ ਨਾਲ ਹਾਸਾ ਠੱਠਾ ਕਰਦਿਆਂ ਸੀਨੀਅਰਜ਼ ਨੇ ਆਪਣੀਆਂ ਰੂਹਾਂ ਨੂੰ ਸ਼ਰਸ਼ਾਰ ਕੀਤਾ। ਸਭ ਨਾਲ ਖੁਸ਼ੀਆਂ ਸਾਝੀਆਂ ਕੀਤੀਆਂ। ਇਕੱਠੇ ਬੈਠ ਕੇ ਲੰਚ ਕਰਨ ਉਪਰੰਤ ਰੰਗਾ-ਰੰਗ ਮਹਿਫ਼ਿਲ ਰਚਾਈ ਗਈ ਜਿਸ ਵਿਚ ਮੈਂਬਰਾਂ ਨੇ ਗੀਤਾਂ, ਗ਼ਜ਼ਲਾਂ, ਕਵਿਤਾਵਾਂ ਤੇ ਹਾਸ ਵੰਨਗੀਆਂ ਨਾਲ ਕਾਵਿਕ ਮਾਹੌਲ ਸਿਰਜਿਆ।
ਮੌਜ ਮਸਤੀ ਦੇ ਪਲਾਂ ਨੂੰ ਯਾਦਗਾਰੀ ਬਣਾਉਂਦੇ ਹੋਏ ਸਾਰੇ ਸੀਨੀਅਰ ਮੈਂਬਰ ਵਾਪਸ ਸੀਨੀਅਰ ਸੈਂਟਰ ਸਰੀ ਵਿਖੇ ਪੁੱਜੇ ਜਿੱਥੇ ਪ੍ਰਧਾਨ ਅਵਤਾਰ ਸਿੰਘ ਢਿੱਲੋਂ ਨੇ ਸਭ ਦਾ ਧੰਨਵਾਦ ਕੀਤਾ।