Canada: ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਸਰੀ ਯੂਨਿਟ ਨੇ ਕਰਵਾਇਆ 20ਵਾਂ ਤਰਕਸ਼ੀਲ ਮੇਲਾ
ਡਾ: ਸੁਰਿੰਦਰ ਸ਼ਰਮਾ ਦੇ ਨਾਟਕ ‘ਦੋ ਰੋਟੀਆਂ’ ਨੇ ਦਰਸ਼ਕ-ਮਨਾਂ ਨੂੰ ਖੂਬ ਟੁੰਬਿਆ
ਹਰਦਮ ਮਾਨ
ਸਰੀ, 31 ਜੁਲਾਈ 2025- ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕੈਨੇਡਾ ਦੇ ਸਰੀ ਯੂਨਿਟ ਵੱਲੋਂ ਬੀਤੇ ਦਿਨ ਸਰੀ ਆਰਟ ਸੈਂਟਰ ਵਿਖੇ 20ਵਾਂ ਸਾਲਾਨਾ ਤਰਕਸ਼ੀਲ ਮੇਲਾ ਕਰਵਾਇਆ ਗਿਆ। ਮੇਲੇ ਵਿਚ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੇ ਡਾ: ਸੁਰਿੰਦਰ ਸ਼ਰਮਾ ਵੱਲੋਂ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਨਾਟਕ ‘ਦੋ ਰੋਟੀਆਂ’ ਖੇਡਿਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਰੀ ਯੂਨਿਟ ਦੇ ਪ੍ਰਧਾਨ ਜਸਵਿੰਦਰ ਹੇਅਰ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਨ੍ਹਾਂ ਦਰਸ਼ਕਾਂ ਅਤੇ ਪ੍ਰੋਗਰਾਮ ਦੀ ਆਰਥਿਕ ਮਦਦ ਕਰਨ ਵਾਲੇ ਸਪੌਂਸਰਜ਼ ਦਾ ਧੰਨਵਾਦ ਕੀਤਾ ਅਤੇ ਤਰਕਸ਼ੀਲ ਸੁਸਾਇਟੀ ਕੈਨੇਡਾ ਦੇ ਕੌਮੀ ਸਰਪ੍ਰਸਤ ਅਵਤਾਰ ਬਾਈ ਦੀਆਂ ਘਾਲਣਾਵਾਂ ਨੂੰ ਸਿਜਦਾ ਕੀਤਾ।
ਸਟੇਜ ਸਕੱਤਰ ਨਿਰਮਲ ਕਿੰਗਰਾ ਨੇ ਆਤਮਾ ਅਤੇ ਰੱਬ ਆਦਿ ਦੀ ਹੋਂਦ ਦੀ ਧਾਰਨਾ ਨੂੰ ਉਦਾਹਰਨਾਂ ਸਹਿਤ ਰੱਦ ਕੀਤਾ। ਇੰਜ: ਪਿਆਰਾ ਸਿੰਘ ਚਾਹਲ ਅਤੇ ਮਾਸਟਰ ਮਨਜੀਤ ਮੱਲ੍ਹਾ ਨੇ ਲੋਕ ਪੱਖੀ ਗੀਤਾਂ ਨੂੰ ਸੁਰੀਲੇ ਸੁਰ ਪ੍ਰਦਾਨ ਕੀਤੇ। ਤਰਕਸ਼ੀਲ ਸੁਸਾਇਟੀ ਯੂਨਿਟ ਐਬਸਫੋਰਡ ਦੇ ਪ੍ਰਧਾਨ ਡਾ: ਸੁਖਦੇਵ ਮਾਨ ਨੇ ਕੌਮੀ ਤਰਕਸ਼ੀਲ ਆਗੂ ਡਾ: ਬਲਜਿੰਦਰ ਸੇਖੋਂ ਦੇ ਅਚਾਨਕ ਸਦੀਵੀ ਵਿਛੋੜੇ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਚਾਨਣਾ ਪਾਇਆ।
ਅਵਤਾਰ ਬਾਈ ਨੇ ਆਪਣੇ ਸੰਬੋਧਨ ਰਾਹੀਂ ਸਭ ਦਾ ਧੰਨਵਾਦ ਕਰਦਿਆਂ ਲੁਕਾਈ ਨੂੰ ਵਹਿਮਾਂ, ਭਰਮਾਂ ਸਮੇਤ ਹਰ ਕਿਸਮ ਦੀ ਲੁੱਟ ਦੇ ਖ਼ਿਲਾਫ਼ ਅੱਖਾਂ ਖੋਲ੍ਹ ਕੇ ਰੱਖਣ ਅਤੇ ਮੱਥੇ ਸੋਚਣ ਲਈ ਵਰਤਣ ਦੀ ਅਪੀਲ ਕੀਤੀ। ਲਗਾਤਾਰ ਬਿਮਾਰ ਰਹਿਣ ਕਰ ਕੇ ਆਈ ਸਰੀਰਕ ਕੰਮਜ਼ੋਰੀ ਦੇ ਬਾਵਜੂਦ ਪੂਰੀ ਤਨਦੇਹੀ ਨਾਲ ਸਰਗਰਮ ਭੂਮਿਕਾ ਨਿਭਾਉਂਦੇ ਹੋਇਆਂ ਉਨ੍ਹਾਂ ਸਿੱਧ ਕਰ ਦਿਖਾਇਆ ਕਿ ਜਦੋਂ ਤੱਕ ਸਾਡੇ ਦਿਮਾਗ ਵਿਚ ਕੁਝ ਕਰਨ ਦੀ ਇੱਛਾ ਹੁੰਦੀ ਹੈ ਓਦੋਂ ਤੱਕ ਇਨਸਾਨ ਬੁੱਢਾ ਨਹੀਂ ਹੁੰਦਾ। ਉਨ੍ਹਾਂ ਉਘੇ ਸ਼ਾਇਰ ਕਵਿੰਦਰ ਚਾਂਦ ਦੀ ਸ਼ਾਇਰੀ ਦੇ ਇਸ ਸ਼ੇਅਰ ਨਾਲ ਆਪਣੀ ਗੱਲ ਖਤਮ ਕੀਤੀ ਕਿ ‘ਓ ਸ਼ਾਇਰੋ, ਕਲਮਕਾਰੋ ਤੇ ਅਦਾਕਾਰੋ, ਬੋਲੋ ਹੁਣ ਬੋਲਣ ਦਾ ਸਮਾਂ ਹੈ’। ਪ੍ਰੋਗਰਾਮ ਦੇ ਮੁੱਖ ਬੁਲਾਰੇ, ਪ੍ਰਸਿੱਧ ਖੇਤੀ ਬਾੜੀ - ਅਰਥ ਸ਼ਾਸ਼ਤਰੀ ਡਾ: ਅਮਰਜੀਤ ਭੁੱਲਰ ਨੇ ਧਰਮਾਂ ਦੀ ਆਪਸੀ ਨਫਰਤ ‘ਚੋਂ ਉਪਜੇ ਸਿੱਟਿਆਂ ਤੇ ਇਸ ਕਾਰਨ ਬੀਤੇ ਸਮਿਆਂ ਵਿੱਚ ਵਿਰੋਧੀ ਧਰਮਾਂ ਦੇ ਕਤਲੇਆਮ ਦੀਆਂ ਉਦਾਹਰਨਾਂ ਦਿੰਦਿਆਂ ਆਮ ਲੋਕਾਂ ਨੂੰ ਵਿਗਿਆਨਿਕ ਸੋਚ ਅਪਨਾਉਣ ਦਾ ਸੁਨੇਹਾ ਦਿੱਤਾ ਤੇ ਕਿਹਾ ਕਿ ਆਰਥਿਕ ਬਰਾਬਰੀ ਹੀ ਮਨੁੱਖ ਨੂੰ ਮੁਕਤੀ ਦੁਆ ਸਕਦੀ ਹੈ।
ਨਾਟਕ ‘ਦੋ ਰੋਟੀਆਂ’ ਵਿਚ ਪੰਜਾਬ ਤੋਂ ਕੈਨੇਡਾ ਆ ਰਹੇ ਵਿਦਿਆਰਥੀਆਂ ਦੀ ਕੈਨੇਡਾ ਵਿਚ ਕਾਰੋਬਾਰੀਆਂ, ਕਿਰਾਏਦਾਰਾਂ ਵੱਲੋਂ ਕੀਤੇ ਜਾਂਦੇ ਸੋਸ਼ਣ, ਕੰਮ ਨਾ ਮਿਲਣ ਕਰ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਣਾ, ਹੋਰ ਦੁਸ਼ਵਾਰੀਆਂ ਦਾ ਸਾਹਮਣਾ ਨਾ ਕਰ ਸਕਣਾ ਅਤੇ ਨਸ਼ਿਆਂ ਨੂੰ ਸਹਾਰਾ ਬਣਾ ਲੈਣ ਦੀ ਪੇਸ਼ਕਾਰੀ ਦੇ ਨਾਲ ਨਾਲ ਸਮਾਜ ਵਿਚਲੇ ਵਹਿਮਾਂ ਭਰਮਾਂ ਅਤੇ ਹੋਰ ਕਈ ਵਰਤਾਰਿਆਂ ਉੱਪਰ ਕਰਾਰੀ ਚੋਟ ਕੀਤੀ ਗਈ ਅਤੇ ਬਰਾਬਰੀ ਦਾ ਸਮਾਜ ਸਿਰਜਣ ਦਾ ਸੁਨੇਹਾ ਦਿੱਤਾ ਗਿਆ। ਸਿਮਰਨ, ਬੀਰ ਬਟਾਲਵੀ, ਅਮਰਦੀਪ ਸਿੱਧੂ, ਬਲਵਿੰਦਰ ਕੌਰ ਗਰੇਵਾਲ, ਰਵੀ ਲੰਗਾਹ, ਗੁਰਮੇਲ ਗਿੱਲ, ਨਵਲਪ੍ਰੀਤ ਰੰਗੀ ਅਤੇ ਪ੍ਰਿੰਸ ਗੋਸਵਾਮੀ ਨੇ ਆਪਣੀ ਕਲਾ ਰਾਹੀਂ ਦਰਸ਼ਕਾਂ ਦੀ ਮਾਨਸਿਕਤਾ ਨੂੰ ਧੁਰ ਅੰਦਰ ਤੀਕ ਝੰਜੋੜਿਆ। ਡਾ: ਨਵਦੀਪ ਬਰਾੜ ਤੇ ਤਾਰਿਸ਼ ਨੇ ਲਾਈਟ ਅਤੇ ਮਿਊਜ਼ਿਕ ਰਾਹੀਂ ਵੱਡਮੁੱਲਾ ਯੋਗਦਾਨ ਦਿੱਤਾ। ਪ੍ਰਿੰਸ ਗੋਸਵਾਮੀ ਦਾ ਪਾਗਲ ਵਾਲਾ ਰੋਲ ਸਾਡੇ ਭਾਰਤੀ ਹਾਕਮਾਂ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਵਿਅੰਗਾਤਮਿਕ ਚੋਟ ਸੀ ਜਿਸ ਨੂੰ ਵੀ ਬਹੁਤ ਸਲਾਹਿਆ ਗਿਆ।
ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੇ ਸਕੱਤਰ ਪਰਮਜੀਤ ਸਿੱਧੂ ਵੱਲੋਂ ਜਾਰੀ ਪ੍ਰੈਸ ਨੋਟ ਵਿਚ ਕਿਹਾ ਗਿਆ ਹੈ ਕਿ ਸੁਸਾਇਟੀ ਭਵਿੱਖ ਵਿਚ ਵੀ ਲੋਕਾਂ ਦੇ ਮਸਲਿਆਂ ਨਾਲ ਸੰਬੰਧਤ ਅਤੇ ਸੋਚ ਬਦਲਣ ਦੇ ਅਜਿਹੇ ਉਪਰਾਲੇ ਜਾਰੀ ਰੱਖੇਗੀ ।