ਜਿਉਂਦਾ ਬਜ਼ੁਰਗ ਕਾਗਜ਼ਾਂ 'ਚ 4 ਸਾਲ ਪਹਿਲਾਂ ਮਾਰ'ਤਾ...! ਬੰਦ ਕਰ ਦਿੱਤੀ ਪੈਨਸ਼ਨ
ਬੈਂਕ ਨੇ ਬੇਬੇ ਵੱਲ ਕੱਢ ਦਿੱਤਾ 85 ਹਜਾਰ ਬਕਾਇਆ, ਬੇਬੇ ਖੁਦ ਦਿਲ ਦੀ ਮਰੀਜ਼, ਇੱਕ ਪੁੱਤਰ ਕੈਂਸਰ ਦਾ ਮਰੀਜ਼ ਦੂਜਾ ਮੰਦ ਬੁੱਧੀ ਤੇ ਅਪਾਹਜ ,ਕਹਿੰਦੀ ਕਿੱਦਾਂ ਕਰਾਂਗੀ ਗੁਜ਼ਾਰਾ
ਰੋਹਿਤ ਗੁਪਤਾ
ਗੁਰਦਾਸਪੁਰ 18 ਜੁਲਾਈ 2025: ਕੁਝ ਬਜ਼ੁਰਗ ਪੈਨਸ਼ਨ ਦੇ ਸਹਾਰੇ ਹੀ ਆਪਣੀ ਜ਼ਿੰਦਗੀ ਕੱਟ ਰਹੇ ਹਨ ਤੇ ਜੇਕਰ ਟੈਂਸ਼ਨ ਬੰਦ ਹੋ ਜਾਵੇ ਤਾਂ ਉਹਨਾਂ ਲਈ ਬੇਹਦ ਮੁਸ਼ਕਿਲ ਹੁੰਦੀ ਹੈ ਪਰ ਗੁਰਦਾਸਪੁਰ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਕਿ ਇੱਕ 70 ਸਾਲ ਦੀ ਬਜ਼ੁਰਗ ਔਰਤ ਨੂੰ ਚਾਰ ਸਾਲ ਪਹਿਲਾਂ ਮਰਿਆ ਦਿਖਾ ਕੇ ਨਾ ਸਿਰਫ ਛੇ ਮਹੀਨਾ ਪਹਿਲਾਂ ਉਸਦੀ ਪੈਨਸ਼ਨ ਬੰਦ ਕੀਤੀ ਗਈ ਬਲਕਿ ਬੈਂਕ ਨੇ ਉਸ ਵੱਲ 85 ਹਜਾਰ ਰੁਪਏ ਬਕਾਇਆ ਵੀ ਕੱਢ ਦਿੱਤਾ ਹੈ।
ਬਜ਼ੁਰਗ ਔਰਤ ਖੁਦ ਦਿਲ ਦੀ ਮਰੀਜ਼ ਹੈ ਤੇ ਉਸਦਾ 48 ਸਾਲਾ ਵੱਡਾ ਪੁੱਤਰ ਕੈਂਸਰ ਦਾ ਮਰੀਜ਼ ਹੈ ਅਤੇ 42 ਸਾਲਾ ਛੋਟਾ ਪੁੱਤਰ ਮੰਦ ਬੁੱਧੀ ਹੋਣ ਦੇ ਨਾਲ ਨਾਲ ਅਪਾਹਜ ਵੀ ਹੈ। ਬੈਂਕ ਦਾ ਕਹਿਣਾ ਹੈ ਕਿ ਬੇਬੇ ਦੀ ਚਾਰ ਸਾਲ ਪਹਿਲਾਂ ਮੌਤ ਹੋਣ ਦੀ ਮੇਲ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬੈਂਕ ਨੂੰ ਕੀਤੀ ਗਈ ਹੈ। ਇਸ ਲਈ ਉਸ ਦੀ ਪੈਨਸ਼ਨ ਬੰਦ ਕੀਤੀ ਗਈ ਹੈ।
ਮਾਮਲਾ ਗੁਰਦਾਸਪੁਰ ਦੇ ਪਿੰਡ ਵਡਾਲਾ ਗ੍ਰੰਥੀਆਂ ਦੀ ਰਹਿਣ ਵਾਲੀ ਮਨਜੀਤ ਕੌਰ ਨਾਲ ਸੰਬੰਧਿਤ ਹੈ ।6 ਮਹੀਨੇ ਪਹਿਲਾਂ ਉਸਦੀ ਪੈਨਸ਼ਨ ਬੰਦ ਹੋ ਗਈ ਸੀ ਅਤੇ ਬੀਤੇ ਦਿਨ ਜਦੋਂ ਬੈਂਕ ਗਈ ਤਾਂ ਬੈਂਕਾਂ ਅਧਿਕਾਰੀਆ ਦਾ ਕਹਿਣਾ ਸੀ ਕਿ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਮੇਲ ਕਰਕੇ ਬੈਂਕ ਨੂੰ ਦੱਸਿਆ ਗਿਆ ਹੈ ਕਿ ਬੈਂਕ ਦੇ ਰਿਕਾਰਡ ਅਨੁਸਾਰ ਰਿਕਾਰਡ ਚ ਤੁਸੀ ਮਰੇ ਹੋਏ ਹੋ ਅਤੇ 4 ਸਾਲ ਤੋਂ ਪੈਨਸ਼ਨ ਲੈ ਰਹੇ ਹੋ। ਤੁਹਾਨੂੰ ਇਹ ਸਾਰੀ ਪੈਨਸ਼ਨ ਕੁੱਲ 85000 ਰੁਪਏ ਵਾਪਸ ਕਰਨੀ ਪਵੇਗੀ
ਉਥੇ ਹੀ ਜਦ ਸਬੰਧਿਤ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀ ਕਿਰਨਪ੍ਰੀਤ ਕੌਰ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਆ ਗਿਆ ਹੈ। ਉਹ ਜਾਂਚ ਕਰਨਗੇ ਕਿ ਗਲਤੀ ਕਿੱਥੇ ਹੋਈ ਹੈ ਅਤੇ ਬੇਬੇ ਦੀ ਪੂਰੀ ਪੈਨਸ਼ਨ ਉਸਨੂੰ ਮਿਲੇਗੀ।