Canada : ਬੇਅਰਕਰੀਕ ਐਲੀਮੈਂਟਰੀ ਸਕੂਲ ਦੇ ਵਿਦਿਆਰਥੀ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ
ਸਰੀ, 2 ਮਈ (ਹਰਦਮ ਮਾਨ)-ਸਰੀ ਸਥਿਤ ਬੇਅਰਕਰੀਕ ਐਲੀਮੈਂਟਰੀ ਸਕੂਲ ਦੇ 75 ਦੇ ਕਰੀਬ ਵਿਦਿਆਰਥੀ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਖੇ ਨਤਮਸਤਕ ਹੋਏ। ਇਹਨਾਂ ਬੱਚਿਆਂ ਦੇ ਆਉਣ ਦਾ ਮੁੱਖ ਮਕਸਦ ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਵਜੋਂ ਸਰਕਾਰੀ ਮਾਨਤਾ ਦੇਣ ਅਤੇ ਸਿੱਖ ਸੰਸਥਾਵਾਂ ਵੱਲੋਂ ਮਨਾਉਣ ਬਾਰੇ ਸੀ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪਬਲਿਕ ਰੀਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਆਏ ਮਹਿਮਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸੁਸਾਇਟੀ ਵੱਲੋਂ ਜੀ ਆਇਆਂ ਕਿਹਾ।
ਉਪਰੰਤ ਸੁਰਿੰਦਰ ਸਿੰਘ ਜੱਬਲ ਨੇ ਗੁਰਦੁਆਰਾ ਸਾਹਿਬ ਵਿਚ ਅੰਦਰ ਜਾਣ ਦੇ ਤੌਰ ਤਰੀਕੇ ਅਤੇ ਮਰਿਆਦਾ ਤੋਂ ਜਾਣੂੰ ਕਰਵਾਇਆ। ਅਪ੍ਰੈਲ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਨੂੰ ਫੈਡਰਲ ਤੇ ਸੂਬਾਈ ਸਰਕਾਰਾਂ ਵਲੋਂ ਮਾਨਤਾ ਦੇਣ ਬਾਰੇ ਜਾਣਕਾਰੀ ਦਿੱਤੀ। ਸੰਨ 1897 ਨੂੰ ਆਉਣ ਵਾਲੇ ਪਹਿਲੇ ਸਿੱਖਾਂ ਦੀ ਆਮਦ ਤੋਂ ਲੈ ਕੇ ਪਿਛਲੇ ਤਕਰੀਬਨ ਸਵਾ ਸੌ ਸਾਲ ਬਾਰੇ ਸਿੱਖ ਵਿਰਸੇ ਬਾਰੇ ਦੱਸਿਆ ਅਤੇ ਸਿੱਖਾਂ ਦੇ ਦਸਾਂ ਗੁਰੂ ਸਾਹਿਬਾਨਾਂ ਬਾਰੇ ਵੀ ਜਾਣਕਾਰੀ ਦਿੱਤੀ।
ਵਿਦਿਆਰਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ, ਸਤਿਕਾਰ ਅਤੇ ਸਾਂਝੀਵਾਲਤਾ ਦੇ ਅਸੂਲ਼ਾਂ ਨੂੰ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਸੁਣਿਆ। ਇਸਤਰੀ ਲਈ ਜਗਤ ਦੀ ਬਰਾਬਰੀ ਨੂੰ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਬੜੇ ਹੀ ਗਹੁ ਨਾਲ ਸੁਣਿਆ ਤੇ ਪੰਡਾਲ ਵਿਚ ਇਸਤਰੀਆਂ ਤੇ ਮਰਦਾਂ ਦੇ ਬਹਿਣ ਦੀ ਰੀਤੀ ਸੰਬੰਧੀ ਸੁਆਲ ਪੁੱਛੇ । ਉਹ ਸਿੱਖ ਜਗਤ ਵਿਚ ਨਾਮ ਜਪਣ, ਧਰਮ ਦੀ ਕਿਰਤ ਤੇ ਵੰਡ ਕੇ ਛਕਣ ਵਾਲੀ ਵਿਰਾਸਤ ਤੋਂ ਬੜੇ ਹੀ ਪ੍ਰਭਾਵਿਤ ਹੋਏ। ਫਿਰ ਦਰਬਾਰ ਹਾਲ ਵਿਚ ਜਾ ਕੇ ਪ੍ਰਸ਼ਾਦ ਪ੍ਰਾਪਤ ਕਰਕੇ ਲੰਗਰ ਹਾਲ ਵਿਚ ਅਪ੍ਰੈਲ ਮਹੀਨੇ ਦੇ ਵਿਰਾਸਤੀ ਮਹੀਨੇ ਦੇ ਸੰਬੰਧ ਵਿਚ ਤਿਆਰ ਕੀਤਾ ਗਿਆ ਭੋਜਨ ਸਾਰਿਆਂ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਬੜੀ ਹੀ ਰੀਝ ਨਾਲ ਛਕਿਆ ਅਤੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦਾ ਧੰਨਵਾਦ ਕੀਤਾ।
ਸੁਸਾਇਟੀ ਦੀ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਇੰਦਰਜੀਤ ਸਿੰਘ ਪਨੇਸਰ ਨੇ ਏਸ ਗਰੁੱਪ ਦੀ ਦੇਖਭਾਲ ਵਿਚ ਸਾਥ ਦਿੱਤਾ ਅਤੇ ਸੁਸਾਇਟੀ ਦੇ ਸੇਵਾਦਾਰਾਂ ਨੇ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਲੰਗਰ ਛਕਾਉਣ ਦੀ ਜਿੰਮੇਵਾਰੀ ਨਿਭਾਈ।