ਆਪਣੇ ਸਾਥੀ ਖਿਲਾਫ ਹਵਾਈ ਫਾਇਰ ਕਰਨ ਦਾ ਪਰਚਾ ਦਰਜ ਹੋਣ ਤੋਂ ਬਾਅਦ ਸ਼ਿਵ ਸੈਨਾ ਆਗੂ ਨੇ ਮੀਡੀਆ ਤੇ ਪੁਲਿਸ ਨੂੰ ਕਰਤਾ ਚੈਲੰਜ
ਰੋਹਿਤ ਗੁਪਤਾ
ਗੁਰਦਾਸਪੁਰ 21 ਅਪ੍ਰੈਲ 2025 - ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕੋਈ ਵੀ ਵਿਅਕਤੀ ਜਨਤਕ ਥਾਂ 'ਤੇ ਆਪਣੇ ਲਾਇਸੰਸੀ ਹਥਿਆਰ ਨਾਲ ਫਾਇਰ ਨਹੀਂ ਕਰ ਸਕਦਾ ਅਤੇ ਨਾ ਹੀ ਇਸ ਦੀ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕਰ ਸਕਦਾ ਹੈ। ਪੰਜਾਬ ਸਰਕਾਰ ਦੇ ਹੁਕਮਾਂ 'ਤੇ ਕੱਲ੍ਹ ਐਸ.ਐਸ.ਪੀ ਗੁਰਦਾਸਪੁਰ ਆਦਿਤਿਆ ਨੇ ਸੱਤ ਮਹੀਨੇ ਪੁਰਾਣੀ ਵਾਇਰਲ ਵੀਡੀਓ ਅਤੇ ਫੋਟੋ ਦੇ ਅਧਾਰ ਤੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ । ਇਹਨਾਂ ਵਿੱਚੋਂ ਇੱਕ ਵੀਡੀਓ ਵਿੱਚ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਆਗੂ ਹਨੀ ਮਹਾਜਨ ਦਾ ਕਰੀਬੀ ਸਾਥੀ ਰੋਹਤਾੰਸ਼ ਭੋਲਾ ਹੁੱਕਾ ਪੀਂਦਾ ਅਤੇ ਇੱਕ ਹੋਰ ਵੀਡੀਓ ਵਿੱਚ ਛੱਤ ਤੇ ਚੜ ਕੇ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਸੀ । ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਐੱਸਐੱਸਪੀ ਗੁਰਦਾਸਪੁਰ ਆਦਿਤਿਆ ਦੇ ਹੁਕਮਾਂ ਤੇ ਪੁਲਿਸ ਨੇ ਰੋਹਤਾੰਸ਼ ਭੋਲਾ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਇੱਕ ਹੋਰ ਮਾਮਲੇ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂ ਰੋਹਿਤ ਅਬਰੋਲ ਵਾਸੀ ਧਾਰੀਵਾਲ ਦੀ ਇੱਕ ਫੋਟੋ ਵਾਇਰਲ ਹੋਈ ਹੈ ਜਿਸ ਵਿੱਚ ਉਹ ਹੱਥ ਵਿੱਚ ਪਿਸਤੌਲ ਫੜੀ ਬੈਠਾ ਹੈ। ਉਸ ਵਿਰੁੱਧ ਵੀ ਕੇਸ ਦਰਜ ਕੀਤਾ ਗਿਆ ਸੀ।
ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਦੇ ਆਗੂ ਹਨੀ ਮਹਾਜਨ ਦੇ ਸਮਰਥਕ ਰੋਹਤਾੰਸ਼ ਭੋਲਾ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਸ਼ਿਵ ਸੈਨਾ ਆਗੂ ਹਨੀ ਮਹਾਜਨ ਇੰਨਾ ਭੜਕ ਗਿਆ ਕਿ ਉਸ ਨੇ ਲਾਈਵ ਹੋ ਕੇ ਮੀਡੀਆ ਅਦਾਰਿਆਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੀਡੀਆ ਉਸ ਨੂੰ ਸ਼ਿਵ ਸੈਨਾ ਆਗੂ ਕਹਿ ਰਹੇ ਹਨ ਉਸ ਦਾ ਨਾਂ ਕਿਉਂ ਨਹੀਂ ਲੈ ਰਹੇ ਅਤੇ ਪੁਲਸ ਦੀ ਕਾਰਗੁਜ਼ਾਰੀ 'ਤੇ ਵੀ ਸਵਾਲ ਉਠਾਇਆ ਕਿ ਪੁਲਸ ਨੇ ਉਸ ਦ ਸਾਥੀ 'ਤੇ ਝੂਠਾ ਕੇਸ ਦਰਜ ਕੀਤਾ ਹੈ ਜਦ ਕਿ ਵੀਡੀਓ ਬਹੁਤ ਪੁਰਾਣੀ ਹੈ ਅਤੇ ਉਸ ਦਾ ਸਮਰਥਕ ਰੋਹਤਾੰਸ਼ ਭੋਲਾ ਆਪਣਾ ਰਿਵਾਲਵਰ ਚੈਕ ਕਰ ਰਿਹਾ ਸੀ ਜਦਕਿ ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸ਼ਿਵ ਸੈਨਾ ਆਗੂ ਤਿੰਨ ਵਾਰ ਫਾਇਰ ਕਰਦਾ ਹੈ ਅਤੇ ਇਸ ਦੀ ਵੀਡੀਓ ਵੀ ਬਣਾ ਕੇ ਵਾਇਰਲ ਵੀ ਕੀਤੀ ਗਈ । ਪੁਲਿਸ ਨੇ ਸ਼ਿਵ ਸੈਨਾ ਆਗੂ ਹਨੀ ਮਹਾਜਨ ਦੇ ਸਮਰਥਕ ਨੂੰ ਗ੍ਰਿਫਤਾਰ ਨਹੀਂ ਕੀਤਾ ਜਦਕਿ ਹਨੀ ਮਹਾਜਨ ਆਪਣੇ ਸਮਰਥਕ ਨਾਲ ਫੋਟੋ ਸੋਸ਼ਲ ਮੀਡੀਆ 'ਤੇ ਪਾ ਕੇ ਪੁਲਿਸ ਨੂੰ ਚੁਣੌਤੀ ਦਿੰਦੇ ਨਜ਼ਰ ਆ ਰਿਹਾ ਹੈ ਅਤੇ ਹਨੀ ਮਹਾਜਨ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੇ ਦੋਸ਼ੀ ਸਾਥੀ ਨੂੰ ਭਰਾ ਦੱਸ ਕੇ ਸਰੇਆਮ ਉਸ ਨੂੰ ਪਨਾਹ ਦੇ ਰਿਹਾ ਹੈ।
ਦੱਸ ਦਈਏ ਕਿ ਮਾਮਲੇ ਦੀ ਦੋ ਵਾਰ ਪੁਲਿਸ ਜਾਂਚ ਨਿਕਲ ਚੁੱਕੀ ਹੈ ਪਰ ਹਨੀ ਮਹਾਜਨ ਆਪਣੇ ਸੰਬੰਧਾਂ ਦੇ ਚਲਦੇ ਆਪਣੇ ਇਸ ਸਾਥੀ ਨੂੰ ਬਚਾਉਂਦਾ ਆ ਰਿਹਾ ਹੈ ਤੇ ਇਸ ਵਾਰ ਵੀ ਮਾਮਲਾ ਦਰਜ ਹੋਣ ਤੋਂ ਬਾਅਦ ਲਾਈਵ ਹੋ ਕੇ ਪੁਲਿਸ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਸ਼ਿਵ ਸੈਨਾ ਆਗੂ ਅਤੇ ਉਸਦੇ ਸਮਰਥਕ ਰੋਹਤਾਂਸ਼ ਭੋਲਾ ਖਿਲਾਫ ਕੀ ਕਾਰਵਾਈ ਕਰਦੀ ਹੈ ਕਿਉਂਕਿ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਹਨੀ ਮਹਾਜਨ ਦੇ ਸਮਰਥਕ ਰੋਹਤਾਂਸ਼ ਭੋਲਾ ਖਿਲਾਫ ਮਾਮਲਾ ਦਰਜ ਹੋਣ ਦੇ ਬਾਵਜੂਦ ਉਸਨੂੰ ਪਨਾਹ ਦੇ ਰਿਹਾ ਹੈ।