ਜਗਰਾਉਂ: ਨਾਇਬ ਤਹਸੀਲਦਾਰ ਦੀ ਹੋਈ ਬਦਲੀ
ਦੀਪਕ ਜੈਨ
ਜਗਰਾਓ, 5 ਮਾਰਚ 2025 - ਪੂਰੇ ਪੰਜਾਬ ਅੰਦਰ ਜਗਰਾਉਂ ਤਹਿਸੀਲ ਇੱਕ ਐਸੀ ਤਹਿਸੀਲ ਬਣ ਗਈ ਹੈ ਜਿਸ ਨੂੰ ਚਲਾਉਣ ਲਈ ਕੋਈ ਵੀ ਤਹਸੀਲਦਾਰ ਨਹੀਂ ਹੈ। ਪਿਛਲੇ ਕੁਝ ਦਿਨ ਪਹਿਲਾਂ ਤਹਿਸੀਲਦਾਰਾਂ ਦੀ ਯੂਨੀਅਨ ਵੱਲੋਂ ਸਮੂਹਿਕ ਛੁੱਟੀ ਤੇ ਜਾਣ ਕਾਰਨ ਸੂਬੇ ਅੰਦਰ ਰਜਿਸਟਰੀ ਵਗੈਰਾ ਦਾ ਕੰਮ ਬੰਦ ਹੋ ਗਿਆ ਸੀ। ਜਿਸ ਉੱਪਰ ਸਖਤੀ ਕਰਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਹਿਸੀਲਦਾਰਾਂ ਨੂੰ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਆਪਣੀਆਂ ਛੁੱਟੀਆਂ ਰੱਦ ਕਰਵਾ ਕੇ ਆਪਣੇ ਆਪਣੇ ਅਹੁਦਿਆਂ ਉੱਪਰ ਪਹੁੰਚ ਜਾਣ। ਜਿਸ ਤੇ ਤਹਸੀਲਦਾਰਾਂ ਵੱਲੋਂ ਸਮੂਹਿਕ ਛੁੱਟੀ ਰੱਦ ਕਰਵਾ ਕੇ ਤਹਿਸੀਲਾਂ ਅੰਦਰ ਰਜਿਸਟਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਅਤੇ ਕੰਮ ਵੀ ਆਮ ਵਾਂਗੂ ਹੋਣ ਲੱਗ ਪਏ ਸਨ।
ਪਰ ਅੱਜ ਸਰਕਾਰ ਵੱਲੋਂ ਵੱਡੇ ਪੱਧਰ ਤੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਜੇ ਕੋਈ ਅਫਸਰ ਜਾਂ ਮੁਲਾਜ਼ਮ ਸਰਕਾਰ ਨਾਲ ਨਾਜਾਇਜ਼ ਪੰਗੇ ਲਏਗਾ ਤਾਂ ਉਹਨਾਂ ਦੇ ਬਿਸਤਰੇ ਗੋਲ ਕੀਤੇ ਜਾਣਗੇ। ਇੱਥੇ ਤੁਹਾਨੂੰ ਦੱਸ ਦਈਏ ਕਿ ਜਗਰਾਉਂ ਤਹਿਸੀਲ ਅੰਦਰ ਤਹਿਸੀਲਦਾਰ ਦੀ ਸੀਟ ਤਾਂ ਪਹਿਲਾਂ ਤੋਂ ਹੀ ਖਾਲੀ ਸੀ ਕਿਉਂ ਜੋ ਜਗਰਾਉ ਦੇ ਤਹਿਸੀਲਦਾਰ ਰਣਜੀਤ ਸਿੰਘ ਵੱਲੋਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਲੁਧਿਆਣਾ ਬੈਠ ਕੇ ਜਗਰਾਉਂ ਦੀਆਂ ਛੇ ਰਜਿਸਟਰੀਆਂ ਕੀਤੀਆਂ ਗਈਆਂ ਸਨ। ਜਿਸ ਕਾਰਨ ਤਹਿਸੀਲਦਾਰ ਰਣਜੀਤ ਸਿੰਘ ਨੂੰ ਪਹਿਲਾਂ ਹੀ ਸਰਕਾਰ ਵੱਲੋਂ ਮੁਅਤਲ ਕਰ ਦਿੱਤਾ ਗਿਆ ਸੀ। ਅਤੇ ਜਗਰਾਉਂ ਤਹਿਸੀਲ ਅੰਦਰ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਦੀਆਂ ਜਿੰਮੇਵਾਰੀਆਂ ਸੁਰਿੰਦਰ ਕੁਮਾਰ ਪੱਬੀ ਨਾਇਬ ਤਹਿਸੀਲਦਾਰ ਨਿਭਾ ਰਹੇ ਸਨ। ਜੋ ਕਿ ਆਪ ਹੁਧਰੀਆਂ ਕਰਕੇ ਜਨਤਾ ਨੂੰ ਪਰੇਸ਼ਾਨ ਕਰਦੇ ਰਹੇ ਹਨ। ਜਿਸ ਦੀਆਂ ਕਈ ਸ਼ਿਕਾਇਤਾਂ ਸਰਕਾਰ ਤੱਕ ਪਹੁੰਚੀਆਂ ਸਨ ਅਤੇ ਸਰਕਾਰ ਵੱਲੋਂ ਅੱਜ ਹੁਕਮ ਜਾਰੀ ਕਰਕੇ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਦੀ ਵੀ ਜਗਰਾਉਂ ਤੋਂ ਬਦਲੀ ਕਰਕੇ ਉਹਨਾਂ ਨੂੰ ਮਾਨਸਾ ਭੇਜ ਦਿੱਤਾ ਗਿਆ ਹੈ। ਸੁਰਿੰਦਰ ਕੁਮਾਰ ਪੱਬੀ ਪਹਿਲਾਂ ਵੀ ਆਪਣੇ ਅਹੁਦੇ ਉੱਪਰ ਵਿਜੀਲੈਂਸ ਵੱਲੋਂ ਰੰਗੇ ਹੱਥੀ ਰਿਸ਼ਵਤ ਲੈਂਦੇ ਕਾਬੂ ਕੀਤੇ ਗਏ ਸਨ ਅਤੇ ਅੱਠ ਮਹੀਨੇ ਬਾਅਦ ਮੁੜ ਬਹਾਲ ਹੋਏ ਸਨ।
ਹੁਣ ਦੇਖਣਾ ਇਹ ਹੈ ਕਿ ਜਗਰਾਉਂ ਤਹਿਸੀਲ ਅੰਦਰ ਸਰਕਾਰ ਵੱਲੋਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰ ਨੂੰ ਕਿੰਨੀ ਜਲਦੀ ਨਿਯੁਕਤ ਕੀਤਾ ਜਾਂਦਾ ਹੈ। ਤਾਂ ਕਿ ਜਨਤਾ ਦੇ ਰਜਿਸਟਰੇਸ਼ਨ ਵਾਲੇ ਕੰਮ ਨਾ ਰੁਕ ਸਕਣ।