ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸਾਹਿਤਕ ਸਮਾਗਮ 9 ਮਾਰਚ ਨੂੰ
- ਗੁਰਪ੍ਰੀਤ ਸਿੰਘ ਜਖਵਾਲੀ ਦਾ ਬਾਲ ਕਾਵਿ ਸੰਗ੍ਰਹਿ ‘ਪੰਛੀ ਤੇ ਕੁਦਰਤ' ਹੋਵੇਗਾ ਰਿਲੀਜ਼
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 5 ਮਾਰਚ 2025:- ਪੰਜਾਬੀ ਸਾਹਿਤ ਸਭਾ (ਰਜਿ।) ਪਟਿਆਲਾ ਵੱਲੋਂ 9 ਮਾਰਚ, 2025 ਦਿਨ ਐਤਵਾਰ ਨੂੰ ਸਵੇਰੇ ਠੀਕ 10:00 ਵਜੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ।ਇਹ ਸੂਚਨਾ ਦਿੰਦੇ ਹੋਏ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ* ਅਤੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਨੇ ਸਾਂਝੇ ਤੌਰ ਤੇ ਦੱਸਿਆ, ਕਿ ਇਸ ਸਮਾਗਮ ਵਿਚ ਜਾਣੇ ਪਛਾਣੇ ਕਲਮਕਾਰ ਗੁਰਪ੍ਰੀਤ ਸਿੰਘ ਜਖਵਾਲੀ ਰਚਿਤ ਪਲੇਠੇ ਬਾਲ ਕਾਵਿ ਸੰਗ੍ਰਹਿ ‘ਪੰਛੀ ਤੇ ਕੁਦਰਤ* ਦਾ ਲੋਕ ਅਰਪਣ ਕੀਤਾ ਜਾਵੇਗਾ।
ਇਸ ਸਮਾਗਮ ਦੇ ਮੁੱਖ ਮਹਿਮਾਨ ਉਘੇ ਬਾਲ ਸਾਹਿਤ ਲੇਖਕ ਪ੍ਰਿੰ. ਬਹਾਦਰ ਸਿੰਘ ਗੋਸਲ (ਚੰਡੀਗੜ੍ਹ) ਹੋਣਗੇ ਅਤੇ ਪ੍ਰਧਾਨਗੀ ਉਘੀ ਪੰਜਾਬੀ ਲੇਖਿਕਾ ਪਰਮਜੀਤ ਕੌਰ ਸਰਹਿੰਦ ਕਰਨਗੇ।ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਕਲਮਕਾਰ ਸੁਕੀਰਤੀ ਭਟਨਾਗਰ,ਬਲਬੀਰ ਸਿੰਘ ਬੱਬੀ ਤੋਂ ਇਲਾਵਾ ਪ੍ਰਿੰਸੀਪਲ ਰੰਧਾਵਾ ਸਿੰਘ ਅਤੇ ਗੁਰਦੀਪ ਸਿੰਘ ਸਰਪੰਚ ਜਖਵਾਲੀ ਸ਼ਾਮਿਲ ਹੋਣਗੇ।
ਇਸ ਦੌਰਾਨ *ਜਖਵਾਲੀ* ਦੀ ਪੁਸਤਕ ਉਪਰ ਮੁੱਖ ਪੇਪਰ ਬਾਲ ਸਾਹਿਤ ਲੇਖਕ ਸੁਖਦੇਵ ਸਿੰਘ ਸ਼ਾਂਤ ਪੜ੍ਹਨਗੇ ਜਦੋਂ ਕਿ ਬਾਜ਼ ਸਿੰਘ ਮਹਿਲੀਆ ਅਤੇ ਸੇਵਾਮੁਕਤ ਬੀ।ਪੀ।ਈ।ਓ ਪਰਮਜੀਤ ਕੌਰ ਚਰਚਾ ਕਰਨਗੇ। ਇਸ ਸਮਾਗਮ ਵਿਚ ਪੁੱਜੇ ਲੇਖਕ ਵੀ ਆਪਣੀਆਂ ਲਿਖਤਾਂ ਸਾਂਝੀਆਂ ਕਰਨਗੇ।ਸਭਾ ਦੇ ਸਰਪ੍ਰਸਤ ਡਾ. ਗੁਰਬਚਨ ਸਿੰਘ ਰਾਹੀ ਅਤੇ ਕਹਾਣੀਕਾਰ ਬਾਬੂ ਸਿੰਘ ਰੈਹਲ ਸਮੇਤ ਸਮੁੱਚੀ ਕਾਰਜਕਾਰਨੀ ਨੇ ਲੇਖਕਾਂ ਨੂੰ ਇਸ ਸਮਾਗਮ ਵਿਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।