ਪੰਚਮੀ ਦੇ ਦਿਹਾੜੇ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਸੰਗਤਾਂ ਨੇ ਮੱਥਾ ਟੇਕਿਆ
- ਸੰਗਤਾਂ ਵੱਲੋਂ ਪੰਗਤ-ਸੰਗਤ ਅਤੇ ਪਵਿੱਤਰ ਸਰੋਵਰ ’ਚ ਇਸ਼ਨਾਨ, ਢਾਡੀ ਕਵੀਸ਼ਰੀ ਜੱਥਿਆਂ ਨੇ ਸੁਣਾਇਆ ਇਤਿਹਾਸ
- ਅਜੌਕੀ ਪੀੜ੍ਹੀ ਗੁਰਮਤਿ ਸੱਭਿਆਚਾਰ ਦਾ ਧਾਰਨੀ ਹੋਵੇ : ਪ੍ਰੋ. ਕਿਰਪਾਲ ਸਿੰਘ ਬਡੂੰਗਰ
ਜਗਤਾਰ ਸਿੰਘ
ਪਟਿਆਲਾ 4 ਮਾਰਚ 2025: ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਛੋਹ ਅਸਥਾਨ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੰਚਮੀ ਦੇ ਦਿਹਾੜੇ ਮੌਕੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਮੱਥਾ ਟੇਕਿਆ। ਗੁਰੂ ਦਰਬਾਰ ਵਿਚ ਨਤਮਸਤਕ ਹੋਣ ਪੁੱਜੀ ਸੰਗਤ ਨੇ ਹਜ਼ੂਰੀ ਕੀਰਤਨੀ ਜੱਥਿਆਂ ਪਾਸੋਂ ਗੁਰਬਾਣੀ ਸਰਵਣ ਦਾ ਆਨੰਦ ਮਾਣਿਆ, ਪਵਿੱਤਰ ਸਰੋਵਰ ’ਚ ਇਸ਼ਨਾਨ ਕੀਤਾ ਅਤੇ ਪੰਗਤ ਸੰਗਤ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕੀਤੀਆਂ। ਤੜਕਸਵੇਰੇ ਕਵਾੜ੍ਹ ਖੁੱਲਣ ਮਗਰੋਂ ਹੈਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਢਾਡੀ ਕਵੀਸ਼ਰੀ ਜਥਿਆਂ ਗੁਰਦਿਆਲ ਸਿੰਘ ਸਨੌਰ ਢਾਡੀ ਜਥਾ, ਗੁਰਪਿਆਰ ਸਿੰਘ ਜੌਹਰ, ਸੁਖਜਿੰਦਰ ਸਿੰਘ ਚੰਗਿਆੜਾ, ਜਸਵੀਰ ਸਿੰਘ ਬਹਾਦਰਗੜ੍ਹ, ਭੂਰਾ ਸਿੰਘ ਸੰਗਰੂਰ, ਬੀਬੀਆਂ ਦੇ ਕਵੀਸ਼ਰੀ ਜਥੇ ’ਚ ਭਜਨ ਸਿੰਘ ਭੈਣੀ ਵਾਲਿਆਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦਾ ਉਪਰਾਲਾ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੰਗਤਾਂ ਨੂੰ ਇਤਿਹਾਸ ਦੀ ਰੌਸ਼ਨੀ ’ਚ ਜਾਣੂੰ ਕਰਵਾਇਆ ਕਿ ਗੁਰਬਾਣੀ ਦਾ ਕੇਂਦਰ ਬਿੰਦੂ ਮਨੁੱਖ ਨੂੰ ਸਚਿਆਰ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਦੁਨੀਆ ਦੀ ਹਰ ਸਮੱਸਿਆ ਦਾ ਹੱਲ ਧਾਰਮਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਮੌਜੂਦ ਹੈ ਇਸ ਕਰਕੇ ਗੁਰੂ ਸਾਹਿਬਾਨ ਨੇ ਮਨੁੱਖਤਾ ਨੂੰ ਸ਼ਬਦ ਗੁਰੂ ਦੇ ਲੜ ਲੱਗਣ ਦਾ ਮਾਰਗ ਦਰਸ਼ਨ ਕੀਤਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਅਜੌਕੀ ਪੀੜ੍ਹੀ ਨੂੰ ਗੁਰਮਤਿ ਸੱਭਿਆਚਾਰ ਦਾ ਧਾਰਨੀ ਹੋਣ ਦੀ ਲੋੜ ਹੈ ਤਾਂ ਹੀ ਸਮਾਜਕ ਅਲਾਮਤਾਂ ਦੀ ਜੜ ਪੁੱਟੀ ਜਾ ਸਕਦੀ ਹੈ।
ਇਸ ਦੌਰਾਨ ਉਨ੍ਹਾਂ ਰਿਸ਼ੀਕੇਸ਼ ਵਿਚ ਵਾਪਰੀ ਘਟਨਾ ਦੀ ਜੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਸਿੱਖ ਕੌਮ ਨੂੰ ਦਬਾਉਣ ਲਈ ਇਕ ਤਬਕੇ ਵੱਲੋ ਅਜਿਹੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਜੋ ਨਾਬਰਦਾਸ਼ਤਯੋਗ ਹਨ। ਉਨ੍ਹਾਂ ਕਿਹਾ ਕਿ ਸਿੱਖ ਨੌਜਵਾਨਾਂ ਨਾਲ ਕੁੱਟਮਾਰ ਕਰਨੀ ਅਤੇ ਦਸਤਾਰੀ ਦਾ ਅਪਮਾਨ ਕਰਨ ਵਾਲਿਆਂ ਖਿਲਾਫ਼ ਉਥੇ ਦੇ ਪ੍ਰਸ਼ਾਸਨ ਤੇ ਸਰਕਾਰ ਨੂੰ ਕਾਰਵਾਈ ਲਈ ਅੱਗੇ ਆਉਣਾ ਚਾਹੀਦਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਅਜਿਹੀਆਂ ਘਟਨਾਵਾਂ ਸਮਾਜ ਲਈ ਵਾਜਿਬ ਨਹੀਂ ਹਨ ਭਾਵੇਂ ਕੁੱਟਮਾਰ ਦੀ ਵਜਾ ਰੰਜਿਸ਼ ਕੁਝ ਵੀ ਰਹੀ ਹੋਵੇ, ਪ੍ਰੰਤੂ ਘੱਟ ਗਿਣਤੀਆਂ ’ਤੇ ਕੀਤੇ ਜਾ ਰਹੇ ਅਜਿਹੇ ਹਮਲੇ ਘਾਤਕ ਹਨ ਅਤੇ ਦੋਸ਼ੀਆਂ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਇਸ ਦੌਰਾਨ ਗੁਰਦੁਆਰਾ ਪ੍ਰਬੰਧਕ ਮੈਨੇਜਰ ਨਿਸ਼ਾਨ ਸਿੰਘ ਜੱਫਰਵਾਲ ਨੇ ਪੰਚਮੀ ਦੇ ਦਿਹਾੜੇ ਮੌਕੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪੁੱਜੀਆਂ ਸਖਸ਼ੀਅਤਾਂ ਨੂੰ ਸਿਰੋਪਾਓ ਭੇਂਟ ਕੀਤੇ। ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਖੇ ਚੱਲ ਨਿਰੰਤਰ ਸਮਾਗਮਾਂ ਦੌਰਾਨ ਹੋਰਨਾਂ ਤੋਂ ਇਲਾਵਾ ਐਡੀਸ਼ਨਲ ਮੈਨੇਜਰ ਜਸਵਿੰਦਰ ਸਿੰਘ, ਮੀਤ ਮੈਨੇਜਰ ਭਾਗ ਸਿੰਘ ਚੌਹਾਨ, ਆਤਮ ਪ੍ਰਕਾਸ਼ ਸਿੰਘ ਬੇਦੀ, ਮਨਦੀਪ ਸਿੰਘ ਭਲਵਾਨ, ਪ੍ਰਧਾਨ ਦਲਿਤ ਫਰੰਟ ਜੋਗਿੰਦਰ ਸਿੰਘ ਪੰਛੀ, ਸਹਾਇਕ ਪ੍ਰੋਫੈਸਰ ਗੁਰਤੇਜ ਸਿੰਘ ਠੀਕਰੀਵਾਲ, ਪ੍ਰਚਾਰਕ ਪਰਵਿੰਦਰ ਸਿੰਘ ਬਰਾੜਾ, ਭਾਈ ਜਸਵੀਰ ਸਿੰਘ ਐਮ.ਏ., ਪਰਵਿੰਦਰ ਸਿੰਘ ਰਿਓਂਦ, ਭਾਈ ਅਵਤਾਰ ਸਿੰਘ ਬੱਲਪੁਰ ਆਦਿ ਤੋਂ ਇਲਾਵਾ ਸ਼ੋ੍ਰਮਣੀ ਕਮੇਟੀ ਦੇ ਅਧਿਕਾਰੀ ਤੇ ਸਟਾਫ ਮੈਂਬਰ ਵੀ ਉਚੇਚੇ ਤੌਰ ’ਤੇ ਸ਼ਾਮਲ ਸਨ।
ਫੋਟੋ : ਪੰਚਮੀ ਦੇ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਦੇ ਪਵਿੱਤਰ ਸਰੋਵਰ ’ਚ ਇਸ਼ਨਾਨ ਕਰਦੀਆਂ ਸੰਗਤਾ l