ਪੀ ਏ ਯੂ ਵਿੱਚ ਸੁਰਜੀਤ ਪਾਤਰ ਕਲਾ ਉਤਸਵ ਸਫਲਤਾ ਨਾਲ ਨੇਪਰੇ ਚੜ੍ਹਿਆ
- ਨੌਜਵਾਨ ਪੀੜ੍ਹੀ ਨੂੰ ਸ਼ਬਦ ਸੱਭਿਆਚਾਰ ਨਾਲ ਜੋੜਨਾ ਸਮੇਂ ਦੀ ਲੋੜ-ਸੌਂਦ
ਲੁਧਿਆਣਾ: 26 ਫਰਵਰੀ, 2025 - ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪੰਜਾਬ ਕਲਾ ਪਰਿਸ਼ਦ ਵੱਲੋਂ ਹੋ ਰਹੇ ਤਿੰਨ ਰੋਜ਼ਾ ‘ਰਾਜ ਪੱਧਰੀ ਸੁਰਜੀਤ ਪਾਤਰ ਕਲਾ ਉਤਸਵ’ਦੇ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰ ਬਾਰੇ ਮੰਤਰੀ ਤਰੁਣਦੀਪ ਸਿੰਘ ਸੌਂਦ ਨੇ ਕਿਹਾ ਨੌਜਵਾਨ ਪੀੜੀ ਨੂੰ ਸ਼ਬਦ ਸਭਿਆਚਾਰ ਨਾਲ ਜੋੜਨਾ ਅੱਜ ਦੇ ਸਮੇਂ ਦੀ ਲੋੜ ਹੈ ਤਾਂ ਕਿ ਚੰਗੀਆਂ ਲਿਖਤਾਂ, ਵਧੀਆਂ ਕਿਤਾਬਾਂ ਉਹਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਸਕਣ। ਸੌਂਦ ਸਾਹਿਬ ਨੇ ਕਿਹਾ ਕਿ ਸਾਹਿਤ ਅਤੇ ਕਲਾ ਨਾਲ ਜੁੜਨ ਵਾਲੇ ਇਨਸਾਨ ਸੁਭਾਅ ਅਤੇ ਵਰਤਾਰੇ ਪੱਖੋਂ ਨੇਕ ਦਿਲੀ ਵਾਲੇ ਹੁੰਦੇ ਹਨ ਜੋ ਸਮਾਜ ਦੇ ਭਲੇ ਲਈ ਯਤਨਸ਼ੀਲ ਰਹਿੰਦੇ ਹਨ। ਸਰਦਾਰ ਸੌਂਦ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਸਾਹਿਤ, ਕਲਾ, ਵਿਰਾਸਤ ਅਤੇ ਮਾਣਮੱਤੇ ਇਤਹਿਾਸ ਨੂੰ ਸੰਭਾਲਣ ਅਤੇ ਪਸਾਰਨ ਲਈ ਸੰਜੀਦਾ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਅਤੇ ਇਹ ਰਾਜ ਪੱਧਰੀ ‘ਸੁਰਜੀਤ ਪਾਤਰ ਕਲਾ ਉਤਸਵ’ ਉਹਨਾ ਪ੍ਰੋਗਰਾਮਾਂ ਦਾ ਹੀ ਹਿੱਸਾ ਹੈ। ਉਹਨਾ ਕਿਹਾ ਕਿ ਸੁਰਜੀਤ ਪਾਤਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨ ਸਨ ਅਤੇ ਆਪਣੀਆਂ ਲਿਖਤਾਂ ਨਾਲ ਹਮੇਸ਼ਾ ਰਹਿਣਗੇ ਵੀ ।
ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਕਿਹਾ ਕਿ ਡਾ ਸੁਰਜੀਤ ਪਾਤਰ ਨੇ ਇਸ ਯੂਨੀਵਰਸਿਟੀ ਵਿੱਚ ਸ਼ਬਦ ਸਭਿਅਚਾਰ ਦੇ ਜੋ ਬੀਜ ਬੀਜੇ ਹਨ ਉਹਨਾਂ ਦੀ ਬਦੌਲਤ ਯੂਨੀਵਰਸਿਟੀ ਦੇ ਵਿਹੜੇ ਵਿੱਚ ਸਾਹਿਤ ਅਤੇ ਕਲਾ ਦਾ ਭਰਵਾਂ ਬੋਲਬਾਲਾ ਹੈ । ਡਾ ਗੋਸਲ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਉਸਾਰੂ , ਸਾਹਿਤਕ ਅਤੇ ਵਿਰਾਸਤੀ ਕਲਾਵਾਂ ਨਾਲ ਜੋੜਨ ਲਈ ਯੂਨੀਵਰਸਿਟੀ ਹਮੇਸ਼ਾ ਯਤਨਸ਼ੀਲ ਹੈ ਅਤੇ ਰਹੇਗੀ । ਡਾ ਗੋਸਲ ਨੇ ਦੱਸਿਆ ਕਿ ਵਿਦਿਆਰਥੀਆਂ ਲਈ ਬਣਾਈ ਗਈ 'ਸੁਰਜੀਤ ਪਾਤਰ ਸੱਥ' ਯੂਨੀਵਰਸਿਟੀ ਵਿੱਚ ਸਾਹਿਤਕ ਗਤੀਵਿਧੀਆਂ ਦਾ ਕੇਂਦਰ ਬਣੇਗੀ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਪੰਜਾਬ ਨਵ ਨਿਰਮਾਣ ਮਹਾਂ ਉਤਸਵ ਅਧੀਨ ਵੱਖ-ਵੱਖ ਪਿੰਡਾਂ ਸ਼ਹਿਰਾਂ ਅਤੇ ਵਿਦਿਅਕ ਅਦਾਰਿਆਂ ਵਿੱਚ ਸਮਾਗਮ ਕੀਤੇ ਜਾ ਰਹੇ ਹਨ । ਸਵੀ ਨੇ ਦੱਸਿਆ ਮਾਰਚ ਦੇ ਅਖੀਰ ਤੱਕ ਹੋ ਰਹੇ ਇਹਨਾਂ ਸਮਾਗਮਾਂ ਵਿੱਚ ਪ੍ਰੋੜ ਸਾਹਿਤਕਾਰ , ਕਲਾਕਾਰ ਅਤੇ ਨੌਜਵਾਨ ਲੇਖਕ ਕਲਾਕਾਰ ਭਾਗ ਲੈ ਰਹੇ ਹਨ ।
ਯੂਨੀਵਰਿਸਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਕਿਹਾ ਕਿ ਡਾ ਸੁਰਜੀਤ ਪਾਤਰ ਜੀ ਦੀ ਹਮੇਸ਼ਾ ਇੱਛਾ ਰਹੀ ਹੈ ਕਿ ਨੌਜਵਾਨ ਪੀੜੀ ਨੂੰ ਆਪਣੀ ਵਿਰਾਸਤ ਨਾਲ ਜੋੜਨ ਵਾਲੇ ਉਤਸ਼ਾਹੀ ਪ੍ਰੋਗਰਾਮ ਕੀਤੇ ਜਾਣੇ ਚਾਹੀਦੇ ਹਨ। ਡਾ ਨਿਰਮਲ ਜੌੜਾ ਨੇ ਦੱਸਿਆ ਪੰਜਾਬ ਕਲਾ ਪਰਿਸ਼ਦ ਵੱਲੋਂ ਕਈ ਸਾਲ ਪਹਿਲਾਂ ਵਿਦਿਆਰਥੀ ਕਲਾ ਉਤਸਵ ਡਾ ਸੁਰਜੀਤ ਪਾਤਰ ਨੇ ਹੀ ਸ਼ੁਰੂ ਕੀਤਾ ਸੀ ਜਿਸਨੂੰ ਹੁਣ ਉਹਨਾਂ ਦੇ ਨਾਮ ਨਾਲ ਹੀ ਮਨਾਉਣਾ ਸ਼ੁਰੂ ਕੀਤਾ ਹੈ।
ਸਹਿਯੋਗੀ ਨਿਰਦੇਸ਼ਕ ਸੱਭਿਆਚਾਰ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਉਤਸਵ ਦੌਰਾਨ ਵੀਹ ਕਾਲਜਾਂ ਦੇ ਦੋ ਸੌ ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ।
ਇਸ ਮੌਕੇ ਵਿਸ਼ੇਸ਼ ਮਹਿਮਾਨ ਡਾ ਬਿਕਰਮ ਸਿੰਘ ਗਿੱਲ ਨੇ ਕਿਹਾ ਕਿ ਬਦਲ ਰਹੇ ਸੱਭਿਆਚਾਰ ਅਤੇ ਜਨ ਜੀਵਨ ਵਿੱਚ ਨਵੀਆਂ ਤਕਨੀਕਾਂ ਆ ਗਈਆਂ ਹਨ ਫਿਰ ਵੀ ਪੁਰਾਤਨ ਰੀਤੀ ਰਿਵਾਜ ਸਾਰਥਿਕ ਹਨ।
ਕਵੀਸ਼ਰੀ ਕਲਾ ਦੀ ਜੱਜਮੈਂਟ ਲਈ ਸਤਿੰਦਰ ਪਾਲ ਸਿੰਘ ਸਿਧਵਾਂ, ਪਾਲੀ ਖਾਦਿਮ ਅਤੇ ਪ੍ਰੀਤਮ ਰੁਪਾਲ ਪਹੁੰਚੇ ਸਨ।
ਇਸ ਮੌਕੇ ਡਾ ਚਰਨਜੀਤ ਸਿੰਘ ਔਲਖ, ਧਰਮ ਸਿੰਘ ਸੰਧੂ, ਨਵਜੋਤ ਸਿੰਘ ਮੰਡੇਰ, ਅਮਰਜੀਤ ਸਿੰਘ ਟਾਂਡਾ ਆਸਟ੍ਰੇਲੀਆ, ਹਰਪਾਲ ਸਿੰਘ ਮਾਂਗਟ, ਡਾ ਸੁਰਜੀਤ ਭਦੌੜ, ਰਵਿੰਦਰ ਰੰਗੂਵਾਲ, ਜਸਮੇਰ ਸਿੰਘ ਢੱਟ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ । ਜੁਆਇੰਟ ਡਾਇਰੈਕਟਰ ਡਾ. ਕਮਲਜੀਤ ਸਿੰਘ ਸੂਰੀ ਨੇ ਸਭ ਦਾ ਧੰਨਵਾਦ ਕੀਤਾ । ਪ੍ਰੋਗਰਾਮ ਦਾ ਸੰਚਾਲਨ ਡਾ ਵਿਸ਼ਾਲ ਬੈਕਟਰ, ਡਾ ਦਿਵਿਆ ਉਤਰੇਜਾ ਅਤੇ ਡਾ ਗੁਰਨਾਜ਼ ਗਿੱਲ ਨੇ ਕੀਤਾ।
ਸੁਰਜੀਤ ਪਾਤਰ ਆਲ ਓਵਰ ਆਲ ਟਰਾਫੀ ਦੇਵ ਸਮਾਜ ਕਾਲਜ ਫਾਰ ਵੂਮੈਨ ਫ਼ਿਰੋਜ਼ਪੁਰ ਨੇ ਪ੍ਰਾਪਤ ਕੀਤੀ ਜਦੋਂ ਕਿ ਕਾਲਜ ਆਫ਼ ਬੇਸਿਕ ਸਾਇੰਸ ਨੂੰ ਦੂਸਰਾ ਅਤੇ ਕਾਲਜ ਆਫ਼ ਕਮਿਊਨਟੀ ਸਾਇੰਸ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ ।